
ਕੋਰੋਨਾ ਕਾਲ ਵਿੱਚ ਦੀਵਾਲੀ ਦਾ ਤਿਓਹਾਰ ਹਾਸਿਆਂ ਨਾਲ ਗੂੰਜਣ ਵਾਲਾ ਹੈ ਕਿਉਂਕਿ ਫ਼ਿਲਮ ਨਿਰਮਾਤਾ ਬਹੁਤ ਸਾਰੀਆਂ ਕੌਮੇਡੀ ਫ਼ਿਲਮਾਂ ਰਿਲੀਜ਼ ਕਰਨ ਜਾ ਰਹੇ ਹਨ। ਲੰਬੇ ਸਮੇਂ ਤੋਂ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਨੂੰ ਹੁਣ ਮਨੋਰੰਜਨ ਦੀ ਡਬਲ-ਟ੍ਰਿਪਲ ਡੋਜ਼ ਮਿਲਣ ਜਾ ਰਹੀ ਹੈ। ਅਕਸ਼ੇ ਕੁਮਾਰ ਦੇ ਲਕਸ਼ਮੀ ਬੰਬ ਅਤੇ ਅਭਿਸ਼ੇਕ ਦੀ ਲੂਡੋ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਵੀ ਆਪਣੀ ਫ਼ਿਲਮ ਨੂੰ ਲੈ ਕੇ ਤਿਆਰ ਖੜ੍ਹੇ ਹਨ। ਨਿਰਮਾਤਾਵਾਂ ਨੇ ਸੂਰਜ ਪੇ ਮੰਗਲ ਭਾਰੀ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੇ ਜਾ ਰਹੇ ਸੂਰਜ ਪੇ ਮੰਗਲ ਭਾਰੀ ਦਾ ਟਰੇਲਰ ਹਾਸਿਆਂ ਨਾਲ ਭਰਪੂਰ ਹੈ। ਇੱਕ ਪਾਸੇ ਸੂਰਜ (ਦਿਲਜੀਤ) ਆਪਣੇ ਲਈ ਇੱਕ ਆਦਰਸ਼ ਲੜਕੀ ਦੀ ਭਾਲ ਕਰ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਮੰਗਲ (ਮਨੋਜ ਬਾਜਪਾਈ) ਲੋਕਾਂ ਦੇ ਵਿਆਹ ਤੋੜਨ ‘ਤੇ ਵਿਸ਼ਵਾਸ ਰੱਖਦਾ ਹੈ। ਹੁਣ ਟਰੇਲਰ ਨੂੰ ਵੇਖ ਕੇ ਪਤਾ ਚਲਦਾ ਹੈ ਕਿ ਕਿਸੇ ਮੌਕੇ ‘ਤੇ ਸੂਰਜ ਅਤੇ ਮੰਗਲ ਦੋਹਾਂ ਦੀ ਜ਼ਿੰਦਗੀ ਟਕਰਾਉਂਦੀ ਹੈ ਅਤੇ ਅਜਿਹਾ ਭੁਚਾਲ ਆਉਂਦਾ ਹੈ ਕਿ ਸਭ ਕੁੱਝ ਬਿਖਰ ਜਾਂਦਾ ਹੈ। ਮੰਗਲ ਕਾਰਨ ਇੱਕ ਪਾਸੇ ਸੂਰਜ ਦਾ ਵਿਆਹ ਹੁੰਦੇ-ਹੁੰਦੇ ਰਹਿ ਜਾਂਦਾ ਹੈ ਜਦੋਂਕਿ ਦੂਜੇ ਪਾਸੇ ਮੰਗਲ ਦੀ ਭੈਣ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਬਦਲੇ ਦੀ ਕਹਾਣੀ ‘ਚ ਕੌਮੇਡੀ ਦਾ ਤੜਕਾ
ਸਾਲ 1995 ‘ਤੇ ਆਧਾਰਿਤ ਇਸ ਫ਼ਿਲਮ ਨੂੰ ਫ਼ੈਮਲੀ ਕੌਮੇਡੀ ਕਿਹਾ ਜਾ ਰਿਹਾ ਹੈ। ਫ਼ਿਲਮ ‘ਚ ਬਦਲਾ ਲੈਣ ਦੀ ਇੱਕ ਕਹਾਣੀ ਜ਼ਰੂਰ ਹੈ ਪਰ ਕੌਮੇਡੀ ਦਾ ਤੜਕਾ ਲਗਾਇਆ ਗਿਆ ਹੈ। ਫ਼ਾਤਿਮਾ ਸ਼ੇਖ਼, ਅਨੂ ਕਪੂਰ ਅਤੇ ਸੁਪ੍ਰੀਆ ਪਿਲਗਾਓਂਕਰ ਦੀ ਟਰੇਲਰ ‘ਚ ਜ਼ਬਰਦਸਤ ਕੌਮੇਡੀ ਵੇਖਣ ਨੂੰ ਮਿਲ ਰਹੀ ਹੈ। ਟਰੇਲਰ ਨੂੰ ਵੇਖਦਿਆਂ ਇਹ ਸਮਝ ਲਿਆ ਗਿਆ ਹੈ ਕਿ ਦਿਲਜੀਤ ਦੋਸਾਂਝ ਅਤੇ ਮਨੋਜ ਦੀ ਜੋੜੀ ਬਹੁਤ ਜ਼ਿਆਦਾ ਪਾਗਲਪੰਤੀ ਵਾਲੀ ਹੋਣ ਵਾਲੀ ਹੈ।











