ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਮਾਮਲੇ ‘ਚ ਨਾਰਕੌਟਿਕਸ ਕੰਟਰੋਲ ਬਿਊਰੋ ਯਾਨੀ NCB ਨੂੰ ਇੱਕ ਵਾਰ ਫ਼ਿਰ ਮੂੰਹ ਦੀ ਖਾਣੀ ਪਈ। ਜਿਸ ਅਦਾਕਾਰਾ ਨੂੰ NCB ਨੇ ਮੁੰਬਈ ਤੋਂ ਲਾਪਤਾ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਸੰਮਨ ਘਰ ਪਹੁੰਚਣ ਤੋਂ ਬਾਅਦ ਇਹ ਅਦਾਕਾਰਾ ਗ਼ਾਇਬ ਹੈ, ਉਸ ਨੇ ਲੰਡਨ ‘ਚ ਜਾ ਕੇ ਟਵੀਟ ਕੀਤਾ ਹੈ ਕਿ ਇਸ ਦੀ ਜਾਣਕਾਰੀ NCB ਨੂੰ ਦੇ ਕੇ ਆਪਣੇ ਘਰ ਆਈ ਹੈ। ਰਾਜਪੂਤ ਮਾਮਲੇ ਦੀ ਜਾਂਚ ਦੌਰਾਨ ਹੀ ਸ਼ੁਰੂ ਹੋਏ ਡਰੱਗ ਕੇਸ ‘ਚ NCB ਫ਼ਿਲਮੀ ਕਲਾਕਾਰਾਂ ਦੇ ਪਿੱਛੇ ਲੱਗਾ ਹੋਇਆ ਹੈ। NCB ਹੁਣ ਤਕ ਅਦਾਕਾਰਾ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ, ਸਾਰਾ ਅਲੀ ਖ਼ਾਨ, ਰਕੁਲਪ੍ਰੀਤ ਸਿੰਘ ਆਦਿ ਨੂੰ ਆਪਣੇ ਦਫ਼ਤਰ ਤਲਬ ਕਰ ਚੁੱਕਾ ਹੈ। ਆਪਣੇ ਘਰ ਤੋਂ NCB ਦੇ ਦਫ਼ਤਰ ਆਉਣ ਜਾਣ ਦੌਰਾਨ ਇਨ੍ਹਾਂ ਨਾਇਕਾਵਾਂ ਦਾ ਖ਼ੂਬ ਮੀਡੀਆ ਟ੍ਰਾਈਲ ਵੀ ਹੋਇਆ। ਇਸੇ ਦੌਰਾਨ ਕਈ ਵੱਡੇ ਕਲਾਕਾਰਾਂ ਦੇ ਨਾਂ ਦੇ ਲੀਕ ਹੋ ਗਏ ਸਨ।
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰਦੇ-ਕਰਦੇ ਡਰੱਗ ਦਾ ਮਾਮਲਾ ਸ਼ੁਰੂ ਹੋਣ ਤੋਂ ਬਾਅਦ NCB ਕੁੱਝ ਅਜਿਹੇ ਸਬੂਤਾਂ ਨੂੰ ਤਲਾਸ਼ ਰਿਹਾ ਹੈ ਜਿਹੜੇ ਕੇਸ ਦੀ ਤਹਿ ਤਕ ਲੈ ਜਾਣ ਜਿਥੋ ਨਸ਼ਾ ਲੋਕਾਂ ‘ਚ ਸਪਲਾਈ ਕੀਤਾ ਜਾਂਦਾ ਹੈ। NCB ਨੇ ਸਪਨਾ ਪੱਬੀ ਦੇ ਮੁੰਬਈ ਸਥਿਤ ਘਰ ‘ਤੇ ਸੰਮਨ ਭੇਜਿਆ, ਪਰ ਉਸ ਵਲੋਂ ਇਸ ਦਾ ਕੋਈ ਜਵਾਬ ਨਹੀਂ ਆਇਆ। ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਨੋਟਿਸ ਭੇਜਣ ਤੋਂ ਬਾਅਦ ਤੋਂ ਹੀ ਸਪਨਾ ਪੱਬੀ ਘਰ ਤੋਂ ਗ਼ਾਇਬ ਹੈ, ਪਰ ਅਦਾਕਾਰਾ ਨੇ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਰਾਤ 9 ਵਜੇ ਦੇ ਕਰੀਬ ਟਵੀਟ ਕਰ ਕੇ ਦੱਸਿਆ ਕਿ ਉਹ ਤਾਂ ਲੰਡਨ ‘ਚ ਹੈ ਅਤੇ ਇਸ ਬਾਰੇ ਆਪਣੇ ਵਕੀਲਾਂ ਦੇ ਜ਼ਰੀਏ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਵੀ ਦੇ ਚੁੱਕੀ ਹੈ। ਸਪਨਾ ਨੇ ਹੈਰਾਨੀ ਜਤਾਈ ਹੈ ਕਿ ਮੇਰੇ ਬਾਰੇ ਜਾਣਕਾਰੀ ਹੁੰਦੇ ਹੋਏ ਵੀ NCB ਮੇਰੇ ਲਾਪਤਾ ਹੋਣ ਦੀ ਖ਼ਬਰ ਕਿਉਂ ਫ਼ੈਲਾ ਰਹੀ ਹੈ।











