ਅੱਜ ਜਦੋਂ ਕਿ ਮਾਪੇ ਬੱਚਿਆਂ ਦੀ ਬੇਰੁੱਖੀ ਦਾ ਸ਼ਿਕਾਰ ਹੋ ਰਹੇ ਹਨ ।ਮਾਪਿਆਂ ਦੀ ਯਾਦ ਨੂੰ ਦਿਲਾਂ ਵਿਚ ਤਾਂ ਕੀ ਸਗੋਂ ਜਿਉਂਦਿਆਂ ਨੂੰ ਘਰਾਂ ਦੇ ਖੂੰਜਿਆਂ ਵਿਚ ਜਗ੍ਹਾ ਮਿਲਣੀ ਮੁਸ਼ਕਿਲ ਹੋ ਰਹੀ ਹੈ। ਅਜਿਹੇ ਯੁੱਗ ਵਿਚ
‘ਬਾਬਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ’
ਵਾਲੇ ਗੁਰਵਾਕ ਨੂੰ ਸੱਚ ਕਰਕੇ ਦਿਖਾਉਣ ਵਾਲੀ ਕਲਮਜੀਤ ਕੌਰ ਅਤੇ ਉਸਦੇ ਭੈਣ ਭਰਾਵਾਂ ਨੂੰ ਨਮਨ ਕਰਨਾ ਬਣਦਾ ਹੈ। ਡੇਢ ਦੋ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਇਕ ਫੋਨ ਆਉਂਦਾ ਹੈ:
”ਮੈਂ ਨਿਊ ਯੌਰਕ ਤੋਂ ਕਮਲਜੀਤ ਬੋਲ ਰਹੀ ਹਾਂ। ਮੈਂ ਅਜੀਤ ਵੀਕਲੀ ਵਿਚ ਛਪਦਾ ਤੁਹਾਡਾ ਕਾਲਮ ਹਾਸ਼ੀਏ ਦੇ ਆਰ-ਪਾਰ ਹਰ ਸਪਤਾਹ ਪੜ੍ਹਦੀ ਹਾਂ। ਤੁਹਾਡੀਆਂ ਲਿਖਤਾਂ ਮੈਨੂੰ ਚੰਗੀਆਂ ਲੱਗਦੀਆਂ ਹਨ। ਇਸੇ ਗੱਲ ਤੋਂ ਪ੍ਰੇਰਿਤ ਹੋ ਕੇ ਮੈਂ ਫੋਨ ਕੀਤਾ ਹੈ। ਮੇਰੇ ਬਾਪੂ ਜੀ ਭਾਵੇਂ ਹੁਣ ਦੁਨੀਆਂ ਵਿਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਹੱਥ ਲਿਖਤਾਂ ਇਕੱਠਿਆਂ ਕਰਕੇ ਮੈਂ ‘ਕਥਨੀ’ ਨਾਮ ਦੀ ਪੁਸਤਕ ਛਪਵਾਈ ਹੈ। ਤੁਹਾਨੂੰ ਭੇਜ ਰਹੀ ਹਾਂ। ਇਸ ਬਾਰੇ ਤੁਹਾਡੀ ਰਾਏ ਬਹੁਤ ਬਹੁਮੁੱਲੀ ਹੋਵੇਗੀ।” ਇਸ ਗੱਲਬਾਤ ਤੋਂ ਕੁਝ ਦਿਨਾਂ ਬਾਅਦ ਮੈਨੂੰ ‘ਕਥਨੀ’ ਪੁਸਤਕ ਡਾਕ ਰਾਹੀਂ ਮਿਲ ਗਈ। ਇਸ ਦੌਰਾਨ ਮੈਨੂੰ ਕਮਲਜੀਤ ਹੋਰਾਂ ਦਾ ਇਕ ਦੋ ਵਾਰ ਹੋਰ ਫੋਨ ਆਉਂਦਾ ਹੈ। ਫਿਰ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਉਹ ਪੁਸਤਕ ਬਾਰੇ ਮੇਰੀ ਪ੍ਰਤੀਕਿਰਿਆ ਜਾਨਣ ਲਈ ਇਛੁੱਕ ਸਨ। ‘ਕਥਨੀ’ ਕਿਤਾਬ ਬਾਰੇ ਮੈਂ ਆਪਣੀ ਪ੍ਰਤੀਕਿਰਿਆ ‘ਅਜੀਤ ਵੀਕਲੀ’ ‘ਚ ਆਪਣੇ ਕਾਲਮ ਰਾਹੀਂ ਹੀ ਦਿੱਤੀ ਸੀ। ਮਾਸਟਰ ਜੀਵਨ ਸਿੰਘ ਜੀਵਣ ਜੋਗੜੇ ਦੀ ਪੁਸਤਕ ‘ਕਥਨੀ’ ਬਾਰੇ ਮੈਂ ਲਿਖਿਆ ਸੀ ਕਿ ਇਸ ਪੁਸਤਕ ਵਿਚ ‘ਮਿੱਠਾ ਬੋਲਣਾ’, ‘ਇਤਿਹਾਸਕ ਭੁਲੇਖਾ’, ‘ਭਾਈ ਲਾਲੋ ਜੀ’, ਆਦਿ 25 ਲੇਖ ਅਤੇ ਛੋਟੀਆਂ ਛੋਟੀਆਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦਰਜ ਹਨ। 128 ਪੰਨਿਆਂ ਦੀ ਇਸ ਕਿਤਾਬ ਵਿਚ ਪੰਨਾ 77 ਤੋਂ ਬਾਅਦ ਲੇਖਕ ਵੱਲੋਂ ਕਵਿਤਾ ਵਿਚ ਲਿਖਿਆ ‘ਰੈਣ ਸਬਾਈ ਸਿਮਰਨ’ ਦਿੱਤਾ ਗਿਆ ਹੈ। ਇਸ ਬਾਰੇ ਲੇਖਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਰੈਣ ਸੁਬਾਈ ਸਿਮਰਨ ਲਿਖਿਆ ਹੈ, ਉਸਨੂੰ ਹਰ ਜਗ੍ਹਾ, ਹਰ ਧਰਮ, ਹਰ ਜੀਵ ਵੱਲੋਂ ਇਕੱਲਿਆਂ ਬਹਿ ਕੇ ਜਾਂ ਸੰਗਤ ਵਿਚ ਰਲ ਕੇ ਕਰਨ ਨਾਲ ਬਹੁਤ ਆਨੰਦ ਆਵੇਗਾ। ਇਹ ਪੁਸਤਕ ਰਵਾਇਤ ਤੋਂ ਹਟਕੇ ਕਿਸੇ ਖਾਸ ਵਿਧਾ ਵਿਚ ਬੰਨ੍ਹੀ ਨਹੀਂ ਹੋਈ। ਇਹ ਪੁਸਤਕ ਉਸ ਧੀ ਦੇ ਵਲਵਲੇ ਹਨ ਜੋ ਆਪਣੇ ਪਿਤਾ ਦੀ ਯਾਦ ਨੂੰ ਨਾ ਸਿਰਫ ਤਾਜ਼ਾ ਰੱਖ ਰਹੇ ਹਨ, ਸਗੋਂ ਉਨ੍ਹਾਂ ਦੀਆਂ ਰਚਨਾਵਾਂ ਨੂੰ ਪੁਸਤਕਾਂ ਦੇ ਰੂਪ ਵਿਚ ਪੇਸ਼ ਕਰਕੇ ਪੰਜਾਬੀ ਸਾਹਿਤ ਦੇ ਭੰਡਾਰ ਵਿਚ ਵਾਧਾ ਕਰ ਰਹੇ ਹਨ। ਇਸ ਗੱਲੋਂ ਮੈਂ ਮਾਸਟਰ ਜੀਵਨ ਸਿੰਘ ਦੀ ਧੀ ਕੰਵਲਜੀਤ ਕੌਰ ਦੀ ਭਰਪੂਰ ਪ੍ਰਸੰਸਾ ਕੀਤੀ ਸੀ।
‘ਕਥਨੀ’ ਤੋਂ ਪਹਿਲਾਂ ਬਾਪੂ ਜੀ ਦੀ ਕਿਤਾਬ ‘ਕਰਨੀ’ ਪ੍ਰਕਾਸ਼ਿਤ ਹੋਈ ਸੀ ਜੋ ਉਹਨਾਂ ਨੇ ਖੁਦ ਪ੍ਰਕਾਸ਼ਿਤ ਕਰਵਾਈ ਸੀ। ‘ਕਰਨੀ’ ਦੀ ਇਕ ਕਾਪੀ ਮੇਰੇ ਕੋਲ ਪਈ ਹੈ, ਮੈਂ ਤੁਹਾਨੂੰ ਭੇਜਾਂਗੀ। ਫਿਲਹਾਲ ਤਾਂ ਮੈਂ ਬਾਪੂ ਜੀ ਹੋਰਾਂ ਦੇ ਲਿਖੇ ਇਕਾਂਗੀਆਂ ਦੇ ਆਧਾਰਿਤ ਪੁਸਤਕ ‘ਗੁਰੂ ਨਾਨਕ ਮਹਿਮਾ’ ਦਾ ਖਰੜਾ ਭੇਜ ਰਹੀ ਹਾਂ। ਇਸ ਨੂੰ ਪੜ੍ਹ ਕੇ ਜੇ ਦੋ ਸ਼ਬਦ ਲਿਖ ਸਕੋ ਤਾਂ ਮੈਨੂੰ ਖੁਸ਼ੀ ਹੋਵੇਗੀ।” ਕੰਵਲਜੀਤ ਹੋਰਾਂ ਦਾ ਮੈਨੂੰ ਫੋਨ ਆਉਂਦਾ ਹੈ। ਕੁਝ ਦਿਨਾਂ ਬਾਅਦ ਮੈਨੂੰ ਗੁਰੂ ਨਾਨਕ ਮਹਿਮਾ ਦਾ ਖਰੜਾ ਮਿਲ ਜਾਂਦਾ ਹੈ। ਇਕਾਂਗੀ ਸੰਗ੍ਰਹਿ ਗੁਰੂ ਨਾਨਕ ਮਹਿਮਾ ਦਾ ਮੈਂ ਇਕ ਦੋ ਵਾਰ ਪਾਠ ਕਰਦਾ ਹਾਂ ਪਰ ਇਸ ਬਾਰੇ ਲਿਖਣ ਤੋਂ ਪਹਿਲਾਂ ਮੈਂ ‘ਕਰਨੀ’ ਪੜ੍ਹਨਾ ਚਾਹੁੰਦਾ ਸਾਂ। ਮੈਨੂੰ ‘ਕਰਨੀ’ ਦੀ ਉਡੀਕ ਸੀ। ਮੇਰੀ ਇੰਤਜ਼ਾਰ ਉਸ ਵੇਲੇ ਖਤਮ ਹੋਈ ਜਦੋਂ ਮੈਨੂੰ ਇਕ ਫੋਨ ਆਇਆ,
”ਮੈਂ ਕੰਵਲਜੀਤ ਦਾ ਭਰਾ ਬੋਲ ਰਿਹਾ ਹਾਂ, ਕੁਝ ਦਿਨ ਲਈ ਇੰਡੀਆ ਆਇਆ ਹਾਂ, ਤੁਹਾਨੂੰ ਮਿਲਣਾ ਹੈ। ਕਿਤਾਬ ਵੀ ਦੇਣੀ ਹੈ।”
ਠੀਕ ਹੈ, ਕੱਲ੍ਹ ਮੈਂ ਦਿੱਲੀ ਹਾਂ, ਤੁਸੀਂ ਏਅਰਪੋਰਟ ‘ਤੇ ਮਿਲ ਸਕਦੇ ਹੋ। ਮੈਂ ਜਵਾਬ ਦਿੰਦਾ ਹਾਂ।
ਉਹ ਨਿਸਚਿਤ ਵਕਤ ‘ਤੇ ਮੈਨੂੰ ਮਿਲਣ ਪਹੁੰਚ ਜਾਂਦੇ ਹਨ। ਅਤੇ ਮੈਨੂੰ ‘ਕਰਨੀ’ ਕਿਤਾਬ ਭੇਂਟ ਕਰਦੇ ਹਨ। ਮਾਸਟਰ ਜੀਵਨ ਸਿੰਘ ਰਚਿਤ ‘ਕਰਨੀ’ ਕੁੱਲ 63 ਪੰਨਿਆਂ ਦੀ ਕਿਤਾਬ ਹੈ। ਇਸ ਕਿਤਾਬ ਬਾਰੇ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ”ਬਾਪੂ ਜੀ ਦੀ ਸਭ ਤੋਂ ਪਹਿਲੀ ਕਿਤਾਬ ‘ਕਰਨੀ’ ਜੋ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਆਪ ਪ੍ਰਕਾਸ਼ਿਤ ਕਰਵਾਈ ਸੀ, ਕਵਿਤਾਵਾਂ ਦੇ ਰੂਪ ਵਿੱਚ ਛਪੀ ਸੀ ਜਿਸ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵਿਸ਼ਿਆਂ ਉੱਪਰ ਤਕੜੀ ਚੋਟ ਕੀਤੀ ਗਈ ਸੀ।” ਜਲੰਧਰ ਤੋਂ ਪ੍ਰਕਾਸ਼ਿਤ ਹੁੰਦੇ ਮਾਸਿਕ ਪੱਤਰ ਪ੍ਰੀਤਮਜੋਤ ਦੇ ਸੰਪਾਦਕ ਈਸ਼ਵਰ ਦਾਸ ਸ਼ਾਸਤਰੀ ਨੇ ‘ਕਰਨੀ’ ਬਾਰੇ ਲਿਖਿਆ ਸੀ ਕਿ ਇਸ ਪੁਸਤਕ ਦੇ ਲੇਖਕ ਮਾਸਟਰ ਜੀਵਨ ਸਿੰਘ (ਜੀਵਨ-ਜੋਗੜੇ), ਜਿਹਨਾਂ ਦਾ ਸਾਰਾ ਜੀਵਨ ਵਿੱਦਿਆ ਦੇ ਦਾਨ ਵਿੱਚ ਬਤੀਤ ਹੋਇਆ ਹੈ, ਇਕ ਅਨੁਭਵੀ ਲੇਖਕ ਹਨ। ਪੁਸਤਕ ‘ਕਰਨੀ’ ਜਿਸ ਨੂੰ ਲੇਖਕ ਨੇ ਬਾਰਾਂ ਹਿੱਸਿਆਂ ਵਿੱਚ ਵੰਡਿਆ ਹੈ ਦੇ ਹਿੱਸੇ ਇਸ ਪ੍ਰਕਾਰ ਹਨ:- ਸੁਫ਼ਨਾ, ਗੰਗਾ ਕਿਨਾਰਾ, ਗੀਤ ਉਪਦੇਸ਼, ਹਰੀਸ਼ ਫ਼ਰਮਾਨ, ਭਾਈ ਜੇਠਾ, ਮਿੱਤ੍ਰਤਾ, ਕਲਗੀਧਰ ਚਮਤਕਾਰ, ਮਿਸਟਰ ਜੈਮ, ਸੰਸਾਰ ਦੀ ਸਾਜਨਾ, ਮੁੰਦਰੀ, ਸ੍ਰੀ ਗੁਰੂ ਗੋਬਿੰਦ ਸਿੰਘ, ਬਾਬਾ ਗਿਲਾਸ ਵਾਲੇ। ਮਾਸਟਰ ਜੀਵਨ ਸਿੰਘ ਦੇ ਵਿਚਾਰ ਬੜੇ ਉਦਾਰ ਅਤੇ ਚਿੰਤਨ ਬਹੁਤ ਗਹਿਰ ਗੰਭੀਰ ਹੈ। ਵਿਚਾਰਾਂ ਦੀ ਉੱਚਤਾ ਸਿਖਰ ਤੋਂ ਵੀ ਉੱਚੀ ਹੈ। ਗਹਿਰੇ ਸਾਗਰ ਤੋਂ ਵੀ ਗਹਿਰੀ ਹੈ। ਬਾਣੀ ਵਿੱਚ ਮਧੁਰ ਤੇਜ ਅਤੇ ਸੋਜ਼ ਹੈ।
ਮਾਸਟਰ ਜੀਵਨ ਸਿੰਘ ਜੀਵਨ ਜਿਉੜਾ ਨੇ ਆਪਣਾ ਜੀਵਨ ਇਕ ਵਿਦਿਆਦਾਨੀ ਦੇ ਤੌਰ ‘ਤੇ ਗੁਜ਼ਾਰਿਆ। ਮੈਨੂੰ ਕਦੇ ਵੀ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਪੁਸਤਕ ‘ਕਰਨੀ’ ਪਹਿਲੇ ਪੰਨੇ ‘ਤੇ ਛਪੀ ਉਹਨਾਂ ਦੀ ਤਸਵੀਰ ਵੇਖ ਕੇ ਨਿਰਸੰਕੋਚ ਕਹਿ ਸਕਦਾ ਹਾਂ ਕਿ ਉਹਨਾਂ ਦੇ ਚਿਹਰੇ ਦੀ ਸਫੈਦ ਕੰਵਲ ਵਰਗੀ ਨਿਰਮਲੀ ਆਭਾ। ਉਹਨਾਂ ਦੀ ਅੰਤਰ-ਮੁਖੀ ਪ੍ਰਾਪਤੀ, ਉਪਕਾਰੀ ਭਾਵਨਾ ਉਹਨਾਂ ਟਾਂਵੇ ਗੁਰਸਿੱਖਾਂ ਵਿਚੋਂ ਇਕ ਹੈ, ਜਿਹਨਾਂ ਨੇ ਸਾਰੀ ਉਮਰ ਬਾਬਾ ਨਾਨਕ ਦੇ ਦਰਸਾਏ ਰਾਹ ‘ਤੇ ਚੱਲਦਿਆਂ ਗੁਜ਼ਾਰੀ। ਮਾਸਟਰ ਜੀ ਨੇ ਆਪਣੀਆਂ ਲਿਖਤਾਂ ਰਾਹੀਂ ਵੀ ਬਾਬਾ ਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਨਵਾਂ ਸ਼ਹਿਰ ਦੇ ਬਾਬਾ ਵਜ਼ੀਰ ਸਿੰਘ ਖਾਲਸਾ ਗਰਲਜ਼ ਹਾਈ ਸਕੂਲ ਦੇ ਪ੍ਰਿੰਸੀਪਲ ਦੇਵੀ ਦਾਸ ਪਜਨੀ ਨੇ ‘ਕਰਨੀ’ ਬਾਰੇ ਲਿਖਿਆ ਸੀ ਕਿ ‘ਇਸ ਪੁਸਤਕ ਦਾ ਹਰ ਅੱਖਰ ਸਿੱਖਿਆਦਾਇਕ ਤੇ ਹਰ ਕਵਿਤਾ ਅਦੁੱਤੀ ਹੈ। ਫਾਰਸੀ ਦਾ ਇਕ ਮਿਸਰਾ ਹੈ:
ਮੁਸ਼ਕ ਆ ਅਸਤ ਕਿ ਖੁਦ ਬਬੋਗਦ ਨਾ ਕੇ ਅਧੁਰ ਬਗੋਯਦ
ਅਰਥਾਤ ਸੁਗੰਧੀ ਉਹ ਹੈ ਜੋ ਆਪਣੇ ਆਪ ਪ੍ਰਤੀਤ ਹੋਵੇ ਨਾਂ ਕਿ ਅਸਰ ਉਸਦੀ ਉਸਤਤ ਕਰੇ। ਇਹ ਮਿਸਰਾ ਇਸ ਕਾਵਿ ਸੰਗ੍ਰਹਿ ਤੇ ਠੀਕ ਢੁੱਕਦਾ ਹੈ। ਮਿੱਤਰਤਾ, ਗੰਗਾ ਕਿਨਾਰਾ, ਗੀਤਾ ਉਪਦੇਸ਼, ਹਦੀਸ਼ ਫੁਰਮਾਨ ਆਦਿ ਅਦੁੱਤੀ ਭੇਟਾਂਵਾਂ ਹਨ। ਗੰਗਾ ਕਿਨਾਰਾ ਵਿਚ ਭੇਖ ਤੇ ਪਾਖੰਡ ਤੇ ਕਰਾਰੀ ਚੋਟ ਮਾਰੀ ਗਈ ਹੈ ਅਤੇ ਮਨੁੱਖਤਾ ਦੀ ਸੇਵਾ ਨੂੰ ਹੀ ਪ੍ਰਭੂ ਪ੍ਰਾਪਤੀ ਦਾ ਸਹੀ ਸਾਧਨ ਦਰਸਾਇਆ ਗਿਆ ਹੈ। ਮਾਸਟਰ ਜੀ ਨੇ ਆਪਣੀ ਕਵਿਤਾ ਵਿਚ ਥਾਂ-ਥਾਂ ਗੁਰੂ ਸਾਹਿਬਾਨਾਂ ਦੇ ਦੱਸੇ ਅਨੁਸਾਰ ਜ਼ਿੰਦਗੀ ਬਿਤਾਉਣ ਦਾ ਸੁਨੇਹਾ ਦਿੱਤਾ ਹੈ, ਜਿਵੇਂ:
ਇਕੋ ਕਾਣ ਇਕੋ ਬਾਣ, ਇਕੋ ਹੀ ਜਾਤ ਸਭ,
ਇਕੋ ਹੀ ਰੂਪ ਸਭ, ਇਕੋ ਹੀ ਵਸਾਇਆ ਜਾਵੇ
ਮਾਨਸ ਕੀ ਜਾਤ ਸਭੈ, ਇਕੋ ਪਹਿਚਾਨਬੋ,
ਵਾਕ ਅਨੁਸਾਰ ਜਨਮ ਬਤਾਇਆ ਜਾਵੇ।
ਮਾਸਟਰ ਜੀਵਨ ਸਿੰਘ ਬਹੁਤ ਸਰਲ ਭਾਸ਼ਾ ਵਿਚ ਲਿਖੀਆਂ ਕਵਿਤਾਵਾਂ ਰਾਹੀਂ ਸਮਾਜ ਨੂੰ ਸੁਧਾਰਨ ਹਿਤ ਸੁਨੇਹਾ ਦਿੱਤਾ ਹੈ। ਇਸੇ ਪੁਸਤਕ ਵਿਚ ਮਾਸਟਰ ਜੀ ਆਪਣੇ ਬਾਰੇ ਕਹਿੰਦੇ ਹਨ ”ਨਾ ਮੈਂ ਕਵੀ ਹਾਂ ਨਾ ਮੈਂ ਵਿਦਵਾਨ ਤੇ ਨਾ ਕੋਈ ਪ੍ਰਚਾਰਕ। ਜੀਵਨ ਇਕ ਨਿਰਮਾਣ ਜਿਹੇ ਅਧਿਆਪਕ ਦੇ ਤੌਰ ‘ਤੇ ਗੁਜ਼ਾਰ ਰਿਹਾ ਹਾਂ। ਆਪਣੇ ਕਰਤੱਵ ਨੂੰ ‘ਪੂਜਾ’ ਸਮਝ ਕੇ ਹੀ ਮਨ ਦੀ ਸ਼ਾਂਤੀ ਅਤੇ ਸੰਤੁਸ਼ਟਤਾ ਪ੍ਰਾਪਤ ਕੀਤੀ ਹੈ।” ਇਉਂ ਮਾਸਟਰ ਜੀ ਨੇ ਆਪਣੀ ਮਨ ਦੀ ਸ਼ਾਂਤੀ ਹਿਤ ਸਾਹਿਤ ਸਿਰਜਣਾ ਦਾ ਰਾਹ ਵੀ ਫੜਿਆ। ਕਵਿਤਾ ਅਤੇ ਕਹਾਣੀ ਦੇ ਨਾਲ-ਨਾਲ ਇਕਾਂਗੀ ਵੀ ਲਿਖੇ। ਇਕਾਂਗੀ ਸੰਗ੍ਰਹਿ ‘ਗੁਰੂ ਨਾਨਕ ਮਹਿਮਾ’ ਬਾਰੇ ਕੰਵਲਜੀਤ ਕੌਰ ਦਾ ਕਹਿਣਾ ਹੈ ”ਉਹਨਾਂ ਦੀ ਇਕ ਡਾਇਰੀ ਜਿਸ ਵਿਚ ਉਹਨਾਂ ਨੇ ਸਿਰਫ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੀਵਨੀ ਨੂੰ ਇਕ ਵਿਲੱਖਣ ਤਰੀਕੇ ਦੇ ਤੌਰ ‘ਤੇ ਲਿਖਿਆ ਹੈ, ਸਾਡੇ ਸਾਰੇ ਪਰਿਵਾਰ ਦੀ ਇਹ ਇੱਛਾ ਰਹੀ ਕਿ ਬਾਪੂ ਜੀ ਦੀ ਇਸ ਲਿਖਤ ਨੂੰ ਵੀ ਕਿਤਾਬ ਦਾ ਰੂਪ ਦਿੱਤਾ ਜਾਵੇ ਅਤੇ ਉਹਨਾਂ ਦੁਆਰਾ ਲਿਖਤਾਂ ਨੂੰ ਸੰਗਠਿਤ ਕਰਕੇ ਕਿਤਾਬ ਛਾਪਣ ਦਾ ਉਪਰਾਲਾ ਕੀਤਾ ਹੈ।” ਸੋ ਕੰਵਲਜੀਤ ਕੌਰ ਅਤੇ ਪਰਿਵਾਰ ਦੇ ਯਤਨਾਂ ਸਦਕਾ ‘ਗੁਰੂ ਨਾਨਕ ਮਹਿਮਾ’ ਇਕਾਂਗੀ ਸੰਗ੍ਰਹਿ ਹੋਂਦ ਵਿਚ ਆਇਆ।
ਇਸ ਇਕਾਂਗੀ ਸੰਗ੍ਰਹਿ ਦਾ ਪਹਿਲਾ ਇਕਾਂਗੀ ਪ੍ਰਚਾਰਕ (ਪੜ੍ਹਨਾ) ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪੰਡਤ ਗੁਪਾਲ ਅਤੇ ਮਦਰੱਸੇ ਵਾਲੇ ਮੌਲਵੀ ਨੂੰ ਸਿੱਖਿਆ ਦੇਣ ਬਾਰੇ ਹੈ। ਇਸ ਇਕਾਂਗੀ ਦਾ ਅੰਤ ਇਸ ਮੌਲਵੀ ਦੇ ਇਸ ਸੰਵਾਦ ਨਾਲ ਹੁੰਦਾ ਹੈ ”ਮਹਿਤਾ ਜੀ, ਇਹ ਬਾਲਕ ਕੋਈ ਅਲੋਕਿਕ ਜੀਅ ਹੈ, ਅਨੋਖਾ ਬਸ਼ਰ ਹੈ। ਖੁਦਾ ਨ ਖੁਦ ਆਪ ਪੜ੍ਹਾ ਕੇ ਭੇਜਿਆ ਹੈ, ਸਾਡੀ ਅਕਲ ਤੋਂ ਬਾਹਰ ਹੈ।” ਸੰਗ੍ਰਹਿ ਦਾ ਦੂਜਾ ਇਕਾਂਗੀ ‘ਜੰਜੂ’ ਬਾਲ ਗੁਰੂ ਨਾਨਕ ਨੂੰ ਜੰਜੂ ਪਹਿਨਾਏ ਜਾਣ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਹ ਇਕਾਂਗੀ ਵਿਖਾਵੇ ਦੇ ਕਰਮ ਕਾਂਡਾਂ ਤੇ ਗਹਿਰੀ ਚੋਟ ਹੈ। ‘ਮੱਝਾਂ ਚਾਰੀਆਂ’ ਵਾਲੇ ਇਕਾਂਗੀ ਰਾਹੀਂ ਰਾਏ ਬੁਲਾਰ ਨੂੰ ਬਾਲ ਨਾਨਕ ਦਾ ਮੁਰੀਦ ਬਣਦੇ ਦਿਖਾਇਆ ਗਿਆ ਹੈ। ਇਕਾਂਗੀ ਸੰਗ੍ਰਹਿ ਦੇ ਚੌਥਾ ਇਕਾਂਗੀ ‘ਸੱਚਾ ਸੌਦਾ’ ਬਾਬਾ ਨਾਨਕ ਵੱਲੋਂ ਭੁੱਖੇ ਸਾਧੂਆਂ ਦੀ ਟੋਲੀ ਨੂੰ ਭੋਜਨ ਕਰਾਉਣ ਬਾਰੇ ਹੈ। ਇਸ ਤਰ੍ਹਾਂ ਅਗਲੇ ਇਕਾਂਗੀਆਂ ਸੁਲਤਾਨਪੁਰ ਜਾਣਾ ਅਤੇ ਮੋਦੀ ਖਾਨਾ ਰਾਹੀਂ ਬਾਬਾ ਨਾਨਕ ਦੀਆਂ ਅਧਿਆਤਮਕ ਰਮਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਕਾਂਗੀ ‘ਨਿਮਾਜ ਪੜ੍ਹਨੀ’ ਵਿਚ ਵਿਖਾਵੇ ਦੀ ਭਗਤੀ ‘ਤੇ ਚੋਟ ਕੀਤੀ ਗਈ ਹੈ। ‘ਬੇਈ ਵਿਚ ਟੁੱਭੀ’ ਇਕਾਂਗੀ ਗੁਰੂ ਨਾਨਕ ਦੇਵ ਵੱਲੋਂ ਸਮਾਧੀ ਵਿਚ ਜਾਣ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ‘ਕੰਧ ਸਾਹਿਬ’ ਇਕਾਂਗੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਘਟਨਾ ਨੂੰ ਬਿਆਨ ਕਰਦਾ ਹੈ। ਇਸ ਇਕਾਂਗੀ ਸੰਗ੍ਰਹਿ ‘ਸਾਧੂ ਨਾਲ ਮੇਲ’ ਵਿਚ ਲੇਖਕ ਨੇ ਗੁਰੂ ਨਾਨਕ ਵੱਲੋਂ ਭੇਖੀ ਸਾਧਾਂ ਦੇ ਭੇਖ ਨੂੰ ਨੰਗਾ ਕੀਤਾ ਗਿਆ ਹੈ। ‘ਭਾਈ ਲਾਲੋ ਜੀ’ ਇਕਾਂਗੀ ਵਿਚ ਭਾਈ ਲਾਲੋ ਅਤੇ ਮਲਕ ਭਾਗੋ ਦੀ ਕਹਾਣੀ ਨੂੰ ਬਿਆਨਿਆ ਗਿਆ ਹੈ। ‘ਪ੍ਰਮਾਤਮਾ’ ਹਰ ਜਗ੍ਹਾ’ ਇਕਾਂਗੀ ਵਿਚ ਗੁਰੂ ਨਾਨਕ ਦੇਵ ਨੇ ਦੁਨੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਪ੍ਰਮਾਤਮਾ ਹਰ ਥਾਂ ਹੈ। ਇਸ ਤਰ੍ਹਾਂ ਇਕਾਂਗੀ ‘ਮੱਕਾ’ ਦਾ ਸੁਨੇਹਾ ਹੈ ‘ਮੰਦਾ ਕਿਸਨੂੰ ਆਖੀਏ ਸਭਨਾ ਸਾਹਿਬ ਏਕ’। ਇਕਾਂਗੀ ‘ਐਮਨਾਬਾਦ’ ਵਿਚ ਬਾਬਰ ਨਾਲ ਸੰਵਾਦ ਹੁੰਦਾ ਦਿਖਾਇਆ ਗਿਆ ਹੈ। ਇਸ ਤਰ੍ਹਾਂ ‘ਬਗਦਾਦ’, ‘ਮਰਦਾਨਾ’, ‘ਨੂਰ ਸ਼ਾਹ’, ‘ਭਵਖੰਡਨਾ ਤੇਰੀ ਆਰਤੀ’, ‘ਮਛੱਦਰ ਨਾਲ ਮਿਲਣੀ’, ‘ਭੂਮੀਆਂ ਡਾਕੂ’ ਅਤੇ ‘ਕੌਡਾ ਰਾਕਸ਼’ ਆਦਿ ਨਾਮ ਦੇ ਇਕਾਂਗੀਆਂ ਵਿਚ ਬਾਬਾ ਨਾਨਕ ਨਾਲ ਸਬੰਧਤ ਕਹਾਣੀਆਂ ਦਿੱਤੀਆਂ ਹਨ। ਇਕਾਂਗੀ ‘ਪੰਜਾ ਸਾਹਿਬ’ ਵਿਚ ਵਲੀ ਕੰਧਾਰੀ ਨਾਲ ਬਾਬਾ ਨਾਨਕ ਦੇ ਸੰਵਾਦ ਨੂੰ ਪੇਸ਼ ਕੀਤਾ ਗਿਆ ਹੈ। ‘ਸੱਜਣ ਠੱਗ’ ਇਕਾਂਗੀ ਠੱਗ ਦੇ ਸੱਜਣ ਬਣਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ।
‘ਬੇਬੇ ਨਾਨਕੀ ਜੀ’ ਨਾਮ ਦੇ ਇਕਾਂਗੀ ਵਿਚ ਬਾਬਾ ਨਾਨਕ ਦੀ ਭੈਣ ਨਾਨਕੀ ਨਾਲ ਮਿਲਣੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਸੰਗ੍ਰਹਿ ਦੇ ਅੰਤ ਵਿਚ ਬਾਬਾ ਨਾਨਕ ਵੱਲੋਂ ਚਾਰ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਕੇ ਹਲ ਚਲਾਉਣ ਬਾਰੇ ਦੱਸਿਆ ਗਿਆ ਹੈ। ਇਸ ਪੁਸਤਕ ਦੇ ਅੰਤ ਵਿਚ ‘ਜੋਤੀ ਜੋਤ ਸਮਾਣਾ’ ਸਿਰਲੇਖ ਹੇਠ ਬਾਬਾ ਨਾਨਕ ਦੇ ਅੰਤਿਮ ਸਮੇਂ ਨੂੰ ਬਿਆਨ ਕੀਤਾ ਗਿਆ ਹੈ ਅਤੇ ਹਿੰਦੂ ਅਤੇ ਮੁਸਲਮਾਨਾਂ ਦੇ ਝਗੜੇ ਵੱਲ ਇਸ਼ਾਰਾ ਕੀਤਾ ਗਿਆ ਹੈ। ਇਸ ਪੁਸਤਕ ਦੀ ਸਮਾਪਤੀ ਵਿਚ ਮਾਸਟਰ ਜੀਵਨ ਸਿੰਘ ਨੇ ਲਿਖਿਆ ਹੈ ਕਿ ‘ਗੁਰੂ ਨਾਨਕ ਜੀ ਨੂੰ ਇਹ ਕਦੋਂ ਪਸੰਦ ਸੀ ਕਿ ਮੇਰੇ ਮਕਬਰੇ ਤੇ ਸਮਾਧ ਨੂੰ ਲੈ ਕੇ ਕੱਲ੍ਹ ਹਿੰਦੂ-ਮੁਸਲਮਾਨ ਆਪਸ ਵਿਚ ਲੜਨ। ਕਹਿੇੰਦੇ ਹਨ ਫਿਰ ਰਾਵੀ ਦੀ ਇਕ ਵੱਡੀ ਲਹਿਰ ਆਈ ਜੋ ਮਕਬਰੇ ਅਤੇ ਸਮਾਧ ਨੂੰ ਨਾਲ ਵਹਾ ਕੇ ਲੈ ਗਈ। ਇਸ ਅਸਥਾਨ ‘ਤੇ ਅੱਜ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜੋ ਪਾਕਿਸਤਾਨ ਬਣਨ ਕਾਰਨ ਉਥੇ ਰਹਿ ਗਿਆ ਹੈ। ਅੱਜ ਵੀ ਦੁਨੀਆਂ ਦੇ ਹਰ ਕੋਨੇ ਤੋਂ ਗੁਰੂ ਨਾਨਕ ਸਾਹਿਬ ਦੇ ਨਾਮ ਲੇਵਾ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ।” ਇਉਂ ਮਾਸਟਰ ਜੀਵਨ ਸਿੰਘ ਬਹੁਤ ਹੀ ਦਿਲਚਸਪ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਗਾਥਾ ਨੂੰ ਬਿਆਨ ਕਰਦੇ ਹਨ।
ਮਾਸਟਰ ਜੀਵਨ ਸਿੰਘ ਜੀਵਨ ਜੋਗੜ ਦੀ ਨਿਰਮਲ ਸ਼ਖਸੀਅਤ ਹੀ ਉਹਨਾਂ ਦੇ ਮਾਨਵਵਾਦੀ ਸਾਹਿਤ ਦਾ ਪ੍ਰਾਣ-ਬਿੰਦੂ ਹੈ। ਮੂਲ ਰੂਪ ਵਿਚ ਉਹ ‘ਮਾਨਵਤਾ ਦੇ ਸਾਹਿਤਕਾਰ’ ਹਨ। ਅਜੋਕੇ ਸਮਾਜਿਕ ਤਾਣੇ-ਬਾਣੇ ਵਿਚ ਮਨੁੱਖ ਨੂੰ ਬਹੁਤ ਦੁਸ਼ਵਾਰੀਆਂ ਦਰਪੇਸ਼ ਹਨ ਪਰ ਮਾਸਟਰ ਜੀ ਦੀ ਕਲਮ ਹਮੇਸ਼ਾ ਸਮੁੱਚੀ ਮਨੁੱਖਤਾ ਦੇ ਉਜਲੇ ਭਵਿੱਖ ਲਈ ਪ੍ਰਯਤਨਸ਼ੀਲ ਰਹੀ। ਸਾਦਗੀ ਅਤੇ ਸਰਲਤਾ ਮਾਸਟਰ ਜੀ ਦੇ ਸਾਹਿਤ ਦੇ ਅਜਿਹੇ ਗੁਣ ਹਨ ਜੋ ਉਸਨੂੰ ਲੋਕਪ੍ਰਿਆ ਬਣਾਉਂਦੇ ਹਨ। ਅਸਲ ਵਿਚ ਉਹ ਮਨੁੱਖਤਾ ਦੇ ਹਮਾਇਤੀ ਹਨ ਅਤੇ ਉਹਨਾਂ ਦੀ ਚੇਤਨਾ ਫੈਲ ਕੇ ਸੂਰਜ ਦੀ ਰੌਸ਼ਨੀ ਵਾਂਗ ਗਲੀ-ਗਲੀ, ਮੁਹੱਲੇ-ਮੁਹੱਲੇ ਪਹੁੰਚਦੀ ਹਰ ਮਨੁੱਖ ਦੀ ਸੋਚ ਨੂੰ ਚਾਨਣ ਚਾਨਣ ਕਰਦੀ ਹੈ।
ਮਾਸਟਰ ਜੀਵਨ ਸਿੰਘ ਦੀ ਇਸ ਸੋਚ ਨੂੰ ਲੋਕ ਦਰਾਂ ਤੱਕ ਪਹੁੰਚਾਉਣ ਲਈ ਉਹਨਾਂ ਦੀ ਧੀ ਕਮਲਜੀਤ ਕੌਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੱਡੀ ਭੂਮਿਕਾ ਹੈ। ਮੈਂ ਮਾਸਟਰ ਜੀਵਨ ਸਿੰਘ ਦੇ ਸਮੂਹ ਪਰਿਵਾਰਕ ਮੈਂਬਰਾਂ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਲੋਕ ਵੀ ਆਪਣੇ-ਆਪਣੇ ਬਜ਼ੁਰਗਾਂ ਦੀ ਯਾਦ ਨੂੰ ਸਹੀ ਅਤ ਸਕਾਰਾਤਮਕ ਤਰੀਕੇ ਨਾਲ ਮਨਾਉਣ ਦੇ ਹੀਲੇ ਕਰਨਗੇ।















