ਮਨੀ ਲਾਂਡਰਿੰਗ ਮਾਮਲਾ: ਸਾਬਕਾ CM ਵਿਜਯਨ ਦੀ ਧੀ ਨੂੰ ED ਨੇ ਮੁੜ ਜਾਰੀ ਕੀਤਾ ਸੰਮਨ

ਕੋਚੀ – ਖਣਿਜ ਕੰਪਨੀ ਸੀ. ਐੱਮ. ਆਰ. ਐੱਲ. ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ਵਿਚ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਧੀ ਵੀਣਾ ਟੀ. ਨੂੰ ED ਨੇ ਮੁੜ ਸੰਮਨ ਜਾਰੀ ਕਰ ਕੇ ਉਨ੍ਹਾਂ ਨੂੰ 17 ਜੂਨ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਈ. ਡੀ. ਨੇ ਇਸ ਤੋਂ ਪਹਿਲਾਂ ਵੀ ਵੀਣਾ ਨੂੰ ਸ਼ੁੱਕਰਵਾਰ ਨੂੰ ਆਪਣੀ ਕੋਚੀ ਯੂਨਿਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।
ਸੂਤਰਾਂ ਨੇ ਦੱਸਿਆ ਕਿ ਵੀਣਾ ਵੱਲੋਂ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹੋਰ ਸਮਾਂ ਮੰਗੇ ਜਾਣ ਸਬੰਧੀ ਈ-ਮੇਲ ਭੇਜੇ ਜਾਣ ਤੋਂ ਬਾਅਦ ਏਜੰਸੀ ਨੇ ਨਵਾਂ ਸੰਮਨ ਜਾਰੀ ਕੀਤਾ। ਈ. ਡੀ. ਨੇ ਵੀਣਾ ਨੂੰ ਉਨ੍ਹਾਂ ਦੀ ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ‘ਐਕਸਾਲੌਜਿਕ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ’ ਨਾਲ ਜੁੜੇ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਸਮੇਤ 17 ਜੂਨ ਨੂੰ ਸਵੇਰੇ 10 ਵਜੇ ਕੋਚੀ ਸਥਿਤ ਆਪਣੇ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਹੈ। ਇਹ ਜਾਂਚ ਇਨ੍ਹਾਂ ਦੋਸ਼ਾਂ ਨਾਲ ਜੁੜੀ ਹੋਈ ਹੈ ਕਿ ‘ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ’ (ਸੀ. ਐੱਮ. ਆਰ. ਐੱਲ.) ਨੇ ਕੋਈ ਸੇਵਾ ਲਏ ਬਿਨਾਂ ਐਕਸਾਲੌਜਿਕ ਕੰਪਨੀ ਨੂੰ 2.78 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।