ਸੰਤੋਸ਼ ਗਵਲੀ ਆਪਣੇ ਕੰਮ ‘ਤੇ ਜਾਣ ਦੇ ਲਈ ਘਰ ਤੋਂ ਨਿਕਲ ਰਿਹਾ ਸੀ ਕਿ ਮਾਂ ਦੇ ਰੋਣ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ। ਖੁੱਲ੍ਹੇ ਦਰਵਾਜ਼ੇ ਤੋਂ ਬਾਹਰ ਨਾ ਜਾ ਕੇ ਸੰਤੋਸ਼ ਮਾਂ ਦੇ ਕੋਲ ਜਾ ਬੈਠਾ, ਜੋ ਦੀਵਾਰ ਨਾਲ ਲੱਗੀ ਚਾਰਪਾਈ ਤੇ ਲੇਟੀ ਰੋ ਰਹੀ ਸੀ।
ਸੰਤੋਸ਼ ਨੇ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਸਹਿਲਾਇਆ, ਫ਼ਿਰ ਪੁੱਛਿਆ, ਕੀ ਤਕਲੀਫ਼ ਜ਼ਿਆਦਾ ਹੋ ਰਹੀ ਹੈ? ਹਾਂ ਸੰਤੋਸ਼, ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ। ਫ਼ੇਫ਼ੜੇ ਖਿਚ ਰਹੇ ਹਨ। ਧੜਕਣਾਂ ਵੀ ਤੇਜ਼ ਹਨ। ਅੱਜ ਮੇਰੀ ਜਾਨ ਹੀ ਨਿਕਲ ਜਾਵੇਗੀ।
ਬਾਈ ਰੋਗ ਜਲਦੀ ਲੱਗਦਾ ਹੈ, ਪਰ ਜਾਣ ਵਿੱਚ ਸਮਾਂ ਲੈਂਦਾ ਹੈ। ਸੰਤੋਸ਼ ਨੇ ਸਮਝਾਇਆ, ਤੁਹਾਨੂੰ ਦਿਖਾ ਕੇ ਦਵਾਈ ਲਿਆ ਤਾਂ ਰਿਹਾ ਹਾਂ। ਡਾਕਟਰ ਦਾ ਕਹਿਣਾ ਹੈ ਕਿ ਜਲਦੀ ਹੀ ਤੁਸੀਂ ਠੀਕ ਹੋ ਜਾਓਗੀ।
ਮਾਂ ਨੇ ਸੰਤੋਸ਼ ਨੂੰ ਪਿਆਰ ਦੀ ਨਜ਼ਰ ਨਾਲ ਦੇਖਿਆ ਅਤੇ ਪੀੜ ਨਾਲ ਚਿਹਰੇ ਤੇ ਫ਼ਿੱਕੀ ਮੁਸਕਰਾਹਟ ਸਜ ਗਈ, ਹੁਣ ਤੂੰ ਵੀ ਮੈਨੂੰ ਝੂਠੀ ਤਸੱਲੀ ਦੇਣ ਲੱਗਿਆ। ਨਹੀਂ ਬਾਈ, ਝੂਠੀ ਤਸੱਲੀ ਨਹੀ ਦੇ ਰਿਹਾ ਹਾਂ, ਸੱਚ ਕਹਿ ਰਿਹਾ ਹਾਂ। ਦੇਖਣਾ, ਕੁਝ ਦਿਨ ਵਿੱਚ ਤੁਸੀਂ ਪਹਿਲਾਂ ਵਾਂਗ ਸਿਹਤਮੰਦ ਹੋ ਜਾਓਗੀ। ਸੰਤੋਸ਼ ਚੰਗਾ ਇਲਾਜ ਉਹਨਾਂ ਦਾ ਹੁੰਦਾ ਹੈ, ਜਿਹਨਾ ਦੇ ਕੋਲ ਅਜਿਹਾ ਹੁੰਦਾ ਹੈ। ਅਸੀਂ ਠਹਿਰੇ ਗਰੀਬ। ਸਾਡਾ ਚੰਗਾ ਇਲਾਜ ਨਹੀਂ ਹੋ ਸਕਦਾ, ਬਾਈ ਮੁੜ ਬੋਲੀ, ਪੀੜ ਨਾਲ ਤੜਫ਼-ਤੜਫ਼ ਕੇ ਮਰਨਾ ਹੀ ਅਸੀਂ ਗਰੀਬਾਂ ਦੀ ਕਿਸਮਤ ਹੁੰਦੀ ਹੈ। ਸੰਤੋਸ਼ ਤੋਂ ਨਾ ਤਾਂ ਮਾਂ ਦੀ ਪੀੜ ਦੇਖੀ ਗਈ, ਨਾ ਜੀਵਨ ਦੀ ਟੁੱਟਦੀ ਆਸ ਸਹਿਣ ਕੀਤੀ ਗਈ। ਕੰਮ ਤੇ ਜਾਣ ਦਾ ਸੰਤੋਸ਼ ਦਾ ਮਨ ਨਹੀਂ ਰਹਿ ਗਿਆ ਸੀ। ਉਸਦੇ ਦਿਮਾਗ ਵਿੱਚ ਇਕ ਹੀ ਗੱਲ ਉਥਲ-ਪੁਥਲ ਮਚਾ ਰਹੀ ਸੀ ਕਿ ਮਾਂ ਨੂੰ ਉਹ ਕਿਸ ਤਰ੍ਹਾਂ ਪੀੜ ਤੋਂ ਮੁਕਤ ਕਰਵਾਏ।
ਤਿੰਨ ਸਾਲਾ ਸੰਤੋਸ਼ ਸ਼ੰਕਰ ਗਵਲੀ ਗੋਡਬੋਲੇ ਪਲਾਟ, ਪੁਰਾਣਾ ਸ਼ਹਿਰ ਅਕੋਲਾ (ਮਹਾਰਾਸ਼ਟਰ) ਵਿੱਚ ਰਹਿੰਦਾ ਸੀ। ਗਰੀਬੀ ਉਸਨੂੰ ਵਿਰਾਸਤ ਵਿੱਚ ਮਿਲੀ ਸੀ। ਇਲਾਕੇ ਦੇ ਸਰਕਾਰੀ ਸਕੂਲ ਵਿੱਚ ਕੁਝ ਕਲਾਸਾਂ ਹੀ ਉਸਨੇ ਪੜ੍ਹੀਆਂ ਸਨ। ਘੱਟਉਮਰ ਤੋਂ ਹੀ ਉਹ ਮਜ਼ਦੂਰੀ ਕਰਨ ਲੱਗਿਆ ਸੀ। ਪਿਤਾ ਸ਼ੰਕਰ ਗਵਲੀ ਨਹੀਂ ਰਹੇ ਤਾਂ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਤੋਸ਼ ਦੇ ਮੋਢਿਆਂ ਤੇ ਆ ਗਈਆਂ।
ਪਰਿਵਾਰ ਦੀਆਂ ਲੋੜਾਂ ਦੇ ਮੱਦੇਨਜ਼ਰ ਸੰਤੋਸ਼ ਗਵਲੀ ਇਕ ਦਿਨ ਦੀ ਵੀ ਛੁੱਟੀ ਨਹੀਂ ਕਰਦਾ ਸੀ। ਬਦਕਿਸਮਤੀ ਨਾਲ ਕਿਸੇ ਦਿਨ ਮਜ਼ਦੂਰ ਨਾ ਮਿਲਦਾ ਤਾਂ ਚਾਰ ਪੈਸੇ ਕਮਾਉਣ ਲਈ ਜੋ ਕੰਮ ਮਿਲਦਾ, ਉਹੀ ਕਰ ਲੈਂਦਾ।
ਸੰਤੋਸ਼ ਆਪਣੇ ਪਰਿਵਾਰ ਦੇ ਪ੍ਰਤੀ ਸਮਰਪਿਤ ਸੀ। ਖੁਦ ਤਕਲੀਫ਼ ਉਠਾ ਲੈਂਦਾ। ਆਪਣੇ ਸ਼ੌਂਕ ਅਤੇ ਵਾਜਬ ਜ਼ਰੂਰਤਾਂ ਦਾ ਗਲਾ ਘੋਟ ਦਿੰਦਾ, ਪਰ ਪਰਿਵਾਰ ਵਾਲਿਆਂ ਨੂੰ ਕਿਸੇ ਚੀਜ਼ ਦੀ ਕਮੀ ਜਾਂ ਤੰਗੀ ਨਹੀਂ ਹੋਣ ਦਿੰਦਾ। ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਸਨੇ ਅਨੇਕਾਂ ਲੋਕਾਂ ਤੋਂ ਕਰਜਾ ਵੀ ਲਿਆ ਹੋਇਆ ਸੀ।
ਸੰਤੋਸ਼ ਨੇ ਮਾਂ ਦੀ ਹਾਲਤ ਦੇਖੀ ਤਾਂ ਦਵਾਈ ਦੀ ਦੁਕਾਨ ਤੇ ਜੁਕਾਮ ਅਤੇ ਸਿਰ ਦਰਦ ਦੀਆਂ ਗੋਲੀਆਂ ਲੈ ਆਇਆ। ਹੁਣ ਰਹਿਣ ਦਿਓ ਬੇਟਾ, ਮਾਂ ਬੋਲੀ, ਜੁਕਾਮ ਹੁੰਦੇ ਹੀ ਉਸਨੂੰ ਰੋਕਣ ਦੀ ਦਵਾਈ ਨਹੀਂ ਖਾਣੀ ਚਾਹੀਦੀ, ਛਾਤੀ ਵਿੱਚ ਬਲਗਮ ਜਮ ਜਾਂਦਾ ਹੈ। ਦੋ-ਤਿੰਨ ਦਿਨ ਨੱਕ ਵਹਿਣ ਦਿਓ, ਗਲੇ ਅਤੇ ਛਾਤੀ ਤੋਂ ਸਾਰਾ ਬਲਗਮ ਨਿਕਲ ਜਾਵੇਗਾ। ਅਗਲੇ ਦੋ ਦਿਨ ਤੱਕ ਸੰਤੋਢ ਦੀ ਮਾਂ ਤੁਲਸੀ ਦੀ ਪਤਨੀ ਦਾ ਕਾੜ੍ਹਾ ਬਣਾ ਕੇ ਪੀਂਦੀ ਰਹੀ। ਜੁਕਾਮ ਤਾਂ ਠੀਕ ਨਾ ਹੋਇਆ, ਸਰੀਰ ਵਿੱਚ ਪੀੜਾ ਵੱਧ ਗਈ ਅਤੇ ਬੁਖਾਰ ਵੀ ਚੜ੍ਹ ਗਿਆ।
ਤੀਜੇ ਦਿਨ ਸੰਤੋਸ਼ ਨੇ ਮਾਂ ਨੂੰ ਬੁਖਾਰ ਨਾਲ ਤਪਦੇ ਦੇਖਿਆ ਤਾਂ ਮੈਡੀਕਲ ਸਟੋਰ ਤੋਂ ਦੋ ਗੋਲੀਆਂ ਲੈ ਆਇਆ। ਬਾਈ ਇਕ ਗੋਲੀ ਹੁਣੇ ਖਾ ਲਓ, ਦੂਸਰੀ ਗੋਲੀ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਲੈਣਾ। ਦੁਕਾਨਦਾਰ ਕਹਿ ਰਿਹਾ ਸੀ, ਸਵੇਰ ਤੱਕ ਬੁਖਾਰ ਉਤਰ ਜਾਵੇਗਾ।
ਜਦੋਂ ਨਾ ਉਤਰਿਆ ਤਾਂ ਝੋਲਾ ਛਾਪ ਡਾਕਟਰ ਕੋਲ ਪਹੁੰਚਿਆ। ਉਸਨੇ ਕਿਹਾ ਕਿ ਇਸਨੂੰ ਨਿਮੂਨੀਆ ਹੋ ਗਿਆ ਹੈ ਅਤੇ ਫ਼ੇਫ਼ੜਿਆਂ ਵਿੱਚ ਇਨਫ਼ੈਕਸ਼ਨ ਹੈ। ਦੋ ਤਿੰਨ ਟੈਸਟ ਕਰਨ ਤੋਂ ਬਾਅਦ ਰੋਗ ਦਾ ਸਹੀ ਪਤਾ ਲੱਗੇਗਾ, ਉਸ ਤੋਂ ਬਾਅਦ ਇਲਾਜ ਕਰ ਸਕਣਾ ਸੰਭਵ ਹੋਵੇਗਾ। ਬਿਹਤਰ ਇਲਾਜ ਲਈ ਸੰਤੋਸ਼ ਮਾਂ ਨੂੰ ਨਰਸਿੰਗ ਹੋਮ ਵਿੱਚ ਭਰਤੀ ਤਾਂ ਕਰਨਾ ਚਾਹੁੰਦਾ ਸੀ ਪਰ ਜੇਬ ਖਾਲੀ ਸੀ। ਇਸਦੇ ਬਾਵਜੂਦ ਉਸਨੇ ਡਾਕਟਰ ਨੂੰ ਪੁੱਛਿਆ, ਮਾਂ ਦੇ ਇਲਾਜ ਵਿੱਚ ਕੁੱਲ ਮਿਲਾ ਕੇ ਕਿੰਨਾ ਖਰਚ ਆਵੇਗਾ।
ਤਕਰੀਬਨ ਪੰਦਰਾਂ ਹਜ਼ਾਰ ਰੁਪਏ। ਇੰਨੀ ਵੱਡੀ ਰਕਮ ਦੀ ਵਿਵਸਥਾ ਕਰ ਸਕਣਾ ਸੰਤੋਸ਼ ਲਈ ਸੰਭਵ ਨਹੀਂ ਸੀ। ਇਸ ਕਰਕੇ ਉਹ ਮਾਂ ਨੂੰ ਘਰ ਲੈ ਆਇਆ ਅਤੇ ਉਸਦੀ ਬਿਮਾਰੀ ਰੱਬ ਭਰੋਸੇ ਛੱਡ ਦਿੱਤੀ।
ਇੰਨੀ ਰਕਮ ਸੰਤੋਸ਼ ਲਈ ਵੱਡੀ ਨਹੀਂ ਬਹੁਤ ਵੱਡੀ ਸੀ। ਉਸਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇੰਨ. ਵੱਡੀ ਰਕਮ ਦਾ ਇੰਤਜ਼ਾਮ ਕਿਵੇਂ ਹੋਵੇਗਾ। ਸੰਤੋਸ਼ ਨੂੰ ਆਨੰਦ ਯਾਦ ਆਇਆ।
ਆਨੰਦ ਜਾਘਵ ਪੁਰਾਣੇ ਸ਼ਹਿਰ ਵਿੱਚ ਰਹਿੰਦਾ ਸੀ। ਉਸਦਾ ਕੰਮ ਲੋੜਵੰਦਾਂ ਨੂੰ ਵਿਆਜ ਤੇ ਪੈਸੇ ਦੇਣਾ ਸੀ। ਕੁਝ ਮਹੀਨੇ ਪਹਿਲਾਂ ਸੰਤੋਸ਼ ਨੂੰ ਪੰਜ ਸੌ ਰੁਪਏ ਦੀ ਲੋੜ ਪਈ, ਤਾਂ ਉਹ ਆਨੰਦ ਜਾਘਵ ਤੋਂ ਹੀ ਸੂਦ ਤੇ ਪੈਸੇ ਲਿਆਇਆ ਸੀ।
ਆਨੰਦ ਨੇ ਸੰਤੋਸ਼ ਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਿਆ, ਉਸਦਾ ਕੱਦ-ਕਾਠ ਤੰਦਰੁਸਤ ਸੀ। ਇਹ ਮੇਰਾ ਕੰਮ ਕਰੇਗਾ। ਪੈਸੇ ਤਾਂ ਇਹ ਲੈ ਲਵੇਗਾ, ਪਰ ਵਾਪਸ ਨਹੀਂ ਕਰ ਸਕੇਗਾ। ਇਹੀ ਗੱਲ ਇਸਨੂੰ ਸਮਝਾ ਕੇ ਇਸਨੂੰ ਆਪਣੇ ਜਾਲ ਵਿੱਚ ਫ਼ਸਾਇਆ ਜਾ ਸਕਦਾ ਹੈ। ਮਨ ਦੀ ਗੱਲ ਅਤੇ ਖੁਸ਼ੀ ਆਨੰਦ ਨੇ ਜ਼ਾਹਿਰ ਨਹੀਂ ਹੋਣ ਦਿੱਤੀ। ਸੰਤੋਸ਼ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਬੋਲਿਆ। ਸੰਤੋਸ਼ ਬੇਟਾ ਹੋਵੇ ਤਾਂ ਤੇਰੇ ਵਰਗਾ। ਮਾਂ ਦਾ ਇਲਾਜ ਕਰਵਾ ਕੇ ਤੂੰ ਇਕ ਵੱਡਾ ਪੁੰਨ ਕਰੇਂਗਾ। ਤੇਰੀ ਮਦਦ ਕਰਕੇ ਮੈਂ ਪੁੰਨ ਕਮਾ ਲਵਾਂਗਾ। ਸੰਤੋਸ਼ ਦੇ ਮਨ ਵਿੱਚ ਆਸ ਜਾਗੀ, ਸੇਠ ਤੁਸੀਂ ਮੈਨੂੰ ਵੀਹ ਹਜ਼ਾਰ ਦਿਓਗੇ।
ਬਿਨਾਂ ਸ਼ੱਕ ਦਿਆਂਗਾ, ਕਿਉਂਕਿ ਤੂੰ ਇਕ ਪੁੰਨ ਦਾ ਕੰਮ ਕਰ ਰਿਹਾ ਹੈ। ਸੇਠ ਇਕ ਹਫ਼ਤਾ ਤਾਂ ਮੈਂ ਮਾਂ ਦਾ ਇਲਾਜ ਕਰਾਵਾਂਗਾ, ਫ਼ਿਰ ਦੋ ਹਜ਼ਾਰ ਹਰੇਕ ਮਹੀਨੇ ਤੁਹਾਡਾ ਕਰਜ਼ਾ ਮੋੜਦਾ ਰਹਾਾਂਗਾ।
ਠੀਕ ਹੈ, ਕੋਈ ਨਾਗਾ ਨਾ ਹੋਵੇ। ਨਹੀਂ ਹੋਵੇਗਾ ਸੇਠ ਜੀ। ਆਨੰਦ ਨੇ ਵੀਹ ਹਜ਼ਾਰ ਰੁਪਏ ਸੰਤੋਸ਼ ਨੂੰ ਦੇ ਦਿੱਤੇ। ਸੰਤੋਸ਼ ਨੇ ਮਾਂ ਨੂੰ ਨਰਸਿੰਗ ਹੋਮ ਵਿੱਚ ਭਰਤੀ ਕਰਵਾ ਦਿੱਤਾ। ਸਹੀ ਇਲਾਜ ਅਤੇ ਦਵਾਈ ਮਿਲੀ ਤਾਂ ਮਾਂ ਠੀਕ ਹੋ ਗਈ। ਪੰਜ ਦਿਨ ਡਾਕਟਰਾਂ ਨੇ ਉਸਨੂੰ ਭਰਤੀ ਰੱਖਿਆ, ਛੇਵੇਂ ਦਿਨ ਡਿਸਚਾਰਜ ਕਰ ਦਿੱਤਾ। ਕੁੱਲ ਮਿਲਾ ਕੇ 19 ਹਜ਼ਾਰ ਖਰਚ ਹੋ ਗਏ।
ਸੰਤੋਸ਼ ਨੂੰ ਪੈਸੇ ਖਰਚ ਹੋਣ ਦਾ ਦੁੱਖ ਨਹੀਂ ਸੀ, ਖੁਸ਼ੀ ਇਸ ਗੱਲ ਦੀ ਸੀ ਕਿ ਮਾਂ ਸਿਹਤਮੰਦ ਹੋ ਗਈ।
ਹੁਣ ਸਮੱਸਿਆ ਕਿਸ਼ਤਾਂ ਦੀ ਸੀ। ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਸੀ, ਕਿਸ਼ਤਾਂ ਕਿੱਥੋਂ ਦਿੰਦਾ। ਅੱਠ ਕਿਸ਼ਤਾਂ ਵੱਧ ਗਈਆਂ, ਤਾਂ ਆਨੰਦ ਨੇ ਸੰਤੋਸ਼ ਨੂੰ ਬੁਲਾਇਆ, ਮਾਂ ਦਾ ਇਲਾਜ ਕਰਵਾ ਕੇ ਤੂੰ ਪੁੰਨ ਦਾ ਕੰਮ ਕੀਤਾ ਹੈ, ਪਰ ਪੈਸਾ ਤਾਂ ਮੇਰਾ ਡੁੱਬ ਰਿਹਾਹੈ।
ਸੇਠ ਤੁਹਾਡਾ ਪੈਸਾ ਨਹੀਂ ਡੁੱਬੇਗਾ, ਜਲਦੀ ਹੀ ਹਿਸਾਬ ਚੁਕਤਾ ਕਰ ਦਿਆਂਗਾ। ਉਸਨੇ ਕਿਹਾ, ਹਿਸਾਬ ਬਰਾਬਰ ਕਰਨ ਦਾ ਇਕ ਤਰੀਕਾ ਹੈ।
ਸੰਤੋਸ਼ ਹੈਰਾਨ ਹੋਇਆ, ਅਜਿਹਾ ਕੀ ਤਰੀਕਾ ਹੋ ਸਕਦਾ ਹੈ।
ਮੈਂ ਤੁਹਾਡੀ ਮਦਦ ਕਰਕੇ ਪੁੰਨ ਕਮਾਇਆ ਸੀ, ਤੂੰ ਮੇਰੀ ਮਦਦ ਕਰਕੇ ਪੁੰਨ ਕਮਾ ਲੈ। ਆਨੰਦ ਨੇ ਆਪਣਾ ਸਵਾਰਥ ਦਿਖਾਇਆ।
ਮੇਰੇ ਇਕ ਰਿਸ਼ਤੇਦਾਰ ਦੀ ਕਿਡਨੀ ਖਰਾਬ ਹੋ ਗਈ ਹੈ, ਆਨੰਦ ਸਿੱਧਾ ਆਪਣੇ ਮਕਸਦ ਵੱਲ ਵਧਿਆ। ਉਸਦੀ ਜਾਨ ਤਾਂ ਹੀ ਬਚ ਸਕਦੀ ਹੈ ਜੇਕਰ ਉਸਨੂੰ ਇਕ ਨਵਾਂ ਸਿਹਤਮੰਦ ਗੁਰਦਾ ਮਿਲ ਜਾਵੇ। ਅਜਿਹਾ ਕਰੋ, ਤੁਸੀਂ ਆਪਣਾ ਇਕ ਗੁਰਦਾ ਮੇਰੇ ਰਿਸ਼ਤੇਦਾਰ ਨੂੰ ਦੇ ਦਿਓ। ਉਸ ਦੇ ਬਦਲੇ ਮੈਂ ਤੁਹਾਡਾ ਕਰਜਾ ਮੁਆਫ਼ ਕਰ ਦਿਆਂਗਾ। ਇਸਦੇ ਨਾਲ ਹੀ ਆਪਣੇ ਰਿਸ਼ਤੇਦਾਰ ਤੋਂ ਚਾਰ ਲੱਖ ਰੁਪਏ ਤੁਹਾਨੂੰ ਨਕਦ ਦਿਵਾ ਦਿਆਂਗਾ। ਤੁਹਾਡੇ ਇਲਾਜ ਵਿੱਚ ਜੋ ਪੈਸਾ ਖਰਚ ਆਵੇਗਾ, ਉਹ ਵੀ ਮੇਰੇ ਰਿਸ਼ਤੇਦਾਰ ਦੇਣਗੇ।
ਪਰ ਮੇਰਾ ਇਕ ਗੁਰਦਾ ਰਹਿ ਜਾਵੇਗਾ। ਹਾਂ ਇਕ ਗੁਰਦੇ ਨਾਲ ਆਸਾਨੀ ਨਾਲ ਬੰਦਾ ਜਿਉਂ ਸਕਦਾ ਹੈ।ਦੁਨੀਆਂ ਵਿੱਚ ਬਹੁਤ ਸਾਰੇ ਲੋਕ ਹਨ, ਜੋ ਇਕ ਅੰਗ ਦੇ ਸਹਾਰੇ ਜਿਉਂਦੇ ਹਨ। ਇਕ ਗੁਰਦਾ ਨਿਕਲ ਜਾਣ ਤੇ ਮੈਂ ਕਮਜ਼ੋਰ ਨਹੀਂ ਹੋ ਜਾਵਾਂਗਾ? ਬਿਲਕੁਲ ਨਹੀਂ, ਇਕ ਗੁਰਦਾ ਕੱਢਣ ਦੇ ਬਾਵਜੂਦ ਤੁਸੀਂ ਕਮਜ਼ੋਰ ਨਹੀਂ ਹੋਵੋਗੇ, ਬਲਕਿ ਠੀਕ ਜ਼ਿੰਦਗੀ ਲੰਘੇਗੀ। ਚਾਰ ਲੱਖ ਨਕਦ ਮਿਲਣਗੇ, ਉਸ ਨਾਲ ਕੋਈ ਕਾਰੋਬਾਰ ਕਰ ਲੈਣਾ। ਚੁਟਕੀਆਂ ਵਿੱਚ ਤੁਹਾਡਾ ਪਰਿਵਾਰ ਚੰਗੇ ਦਿਨ ਦੇਖਣ ਲੱਗ ਜਾਵੇਗਾ।
ਆਨੰਦ ਨੇ ਉਸਨੂੰ ਲਾਲਚ ਦਿੰਦਿਆਂ ਕਿਹਾ ਕਿ ਮੈਂ ਕਿਸੇ ਹੋਰ ਦੀ ਮਦਦ ਨਹੀਂ ਕਰਨਾ ਚਾਹੁੰਦਾ, ਬਲਕਿ ਤੇਰੀ ਮਦਦ ਕਰਨੀ ਚਾਹੁੰਦਾ ਹਾਂ।
ਸ਼ਾਮ ਨੂੰ ਸੰਤੋਸ਼ ਗਵਲੀ ਨੂੰ ਭਰਮਾਉਣ ਫ਼ਿਰ ਨਿਕਲਿਆ ਤਾਂ ਉਸਨੂੰ ਬਚਪਨ ਦਾ ਦੋਸਤ ਸੰਤੋਸ਼ ਕੋਲਹਾਟਕਰ ਮਿਲ ਗਿਆ। ਮਨ ਵਿੱਚ ਉਥਲ-ਪੁਥਲ ਮੱਚੀ ਹੋਵੇ ਤਾਂ ਕਿਸੇ ਨਾਲ ਫ਼ੀਲਿੰਗ ਸ਼ੇਅਰ ਕਰਨ ਦਾ ਮਨ ਕਰਦਾ ਹੈ। ਸੰਤੋਸ਼ ਗਵਲੀ ਨੇ ਵੀ ਸੰਤੋਸ਼ ਕੋਲਹਟਕਰ ਨੂੰ ਆਪਣੀ ਫ਼ੀਲਿੰਗਸ ਦੱਸ ਕੇ ਮਨ ਹਲਕਾ ਕਰਨ ਦਾ ਫ਼ੈਸਲਾ ਕੀਤਾ। ਸੰਤੋਸ਼ਗਵਲੀ ਦੀ ਰਾਏ ਵੀ ਜਾਨਣਾ ਚਾਹੁੰਦਾ ਸੀ ਕਿ ਗੁਰਦਾ ਵੇਚਣ ਦਾ ਉਸਦਾ ਫ਼ੈਸਲਾ ਸਹੀ ਵੀ ਹੈ ਕਿ ਨਹੀਂ।
ਸੰਤੋਸ਼ ਗਵਲੀ ਚੌਂਕਿਆ, ਕੀ ਮਤਲਬ। ਮਤਲਬਇਹ ਕਿ ਮੈਂ ਵੀ ਆਨੰਦ ਜਾਘਵ ਤੋਂ ਕਰਜਾ ਲਿਆ ਹੋਇਆ ਹੈ ਅਤੇ ਵਾਪਸ ਨਹੀਂ ਕਰ ਪਾ ਰਿਹਾ ਹਾਂ। ਸੰਤੋਸ਼ ਨੇ ਭੇਦ ਖੋਲ੍ਹਿਆ, ਆਨੰਦ ਨੇ ਆਪਣੇ ਰਿਸ਼ਤੇਦਾਰ ਦੀ ਕਿਡਨੀ ਖਰਾਬ ਹੋਣ ਦਾ ਦੁਖੜਾ ਰੋਇਆ ਅਤੇ ਉਸਦੀ ਜਾਨ ਬਚਾਉਣ ਦੇ ਲਈ ਮੇਰੇ ਤੋਂ ਕਿਡਨੀ ਦੇਣ ਲਈ ਕਿਹਾ। ਇਸ ਦੇ ਇਵਜ਼ ਵਿੱਚ ਉਸਨੇ ਮੇਰਾ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਚਾਰ ਲੱਖ ਰੁਪਏ ਹੋਰ ਦੇਣ ਦਾ ਵਾਅਦਾ ਕੀਤਾ ਹੈ।
ਗਵਲੀ ਦਾ ਮੂੰਹ ਤੱਕਦਾ ਰਹਿ ਗਿਆ। ਸੰਤੋਸ਼ ਆਪਣੀ ਰੌਂ ਵਿੱਚ ਅੱਗੇ ਬੋਲਿਆ, ਮਜਬੂਰੀ ਹੈ ਯਾਰ, ਇਸ ਕਰਕੇ ਮੈਂ ਰਾਜੀ ਹੋ ਗਿਆ, ਵਰਨਾ ਅੱਜ ਦੇ ਜ਼ਮਾਨੇ ਵਿੱਚ ਕਿਹੜਾ ਕਿਸ ਨੂੰ ਆਪਣਾ ਗੁਰਦਾ ਦਿੰਦਾ ਹੈ। ਅਜਿਹਾ ਕਰਨ ਨਾਲ ਮੇਰਾ ਕਰਜ਼ਾ ਮੁਆਫ਼ ਹੋ ਜਾਵੇਗਾ ਅਤੇ ਜੋ ਚਾਰ ਲੱਖ ਰੁਪਏ ਮਿਲਣਗੇ, ਉਸ ਨਾਲ ਕੋਈ ਬਿਜਨਸ ਕਰ ਲਵਾਂਗਾ। ਦੋਵੇਂ ਦੋਸਤ ਆਪਣੀਆਂ ਆਪਣੀਆਂ ਬੇਵਸੀਆਂ ਦੇ ਮਾਰੇ ਸਨ। ਇਸ ਲਈ ਉਹ ਗੁਰਦਾ ਵੇਚਣ ਲਈ ਤਿਆਰ ਹੋਏ ਸਨ।
ਦੋ ਦਿਨ ਬਾਅਦ ਆਨੰਦ ਨੇ ਸੰਤੋਸ਼ ਗਵਲੀ ਨੂੰ ਬੁਲਾ ਕੇ ਦਵਿੰਦਰ ਸ਼ਿਵਸਾਠ ਨਾਲ ਮਿਲਾਇਆ। ਉਹ ਅਕੋਲਾ ਸ਼ਹਿਰ ਦੇ ਹਰਿਹਰ ਪੇਠ ਵਿੱਚ ਰਹਿੰਦਾ ਸੀ। ਦਵਿੰਦਰ ਸੰਤੋਸ਼ ਗਵਲੀ ਨੂੰ ਬੋਲਿਆ, ਤੁਸੀਂ ਆਪਣਾ ਰਾਸ਼ਨ ਕਾਰਡ, ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਕੱਲ੍ਹ ਮੇਰੇ ਘਰ ਆ ਜਾਓ। ਯਾਦ ਰੱਖਣਾ, ਗੁਰਦਾ ਦੇਣ ਅਤੇ ਲੱਖਪਤੀ ਬਣਨ ਤੋਂ ਬਾਅਦ ਹੀ ਤੁਸੀਂ ਘਰ ਮੁੜੋਗੇ। ਇਸ ਲਈ ਘਰ ‘ਤੇ ਬੋਲ ਕੇ ਆਉਣਾ ਕਿ ਮਹੀਨਾ-ਡੇਢ ਮਹੀਨੇ ਬਾਅਦ ਵਾਪਸ ਆਓਗੇ।
ਇਨਕਾਰ ਦੀ ਗੁੰਜਾਇਸ਼ ਨਹੀਂ ਸੀ।
ਸੰਤੋਸ਼ ਗਵਲੀ ਨੇ ਅਗਲੇ ਦਿਨ ਘਰ ਵਾਲਿਆਂ ਨੂੰ ਝੂਠ ਬੋਲਿਆ ਕਿ ਉਸਨੂੰ ਦੂਜੇ ਸ਼ਹਿਰ ਵਿੱਚ ਜ਼ਿਆਦਾ ਮਜਦੂਰੀ ਮਿਲ ਰਹੀ ਹੈ, ਇਸ ਕਰਕੇ ਉਹ ਮਹੀਨਾ-ਡੇਢ ਮਹੀਨੇ ਦੇ ਲਈ ਕੰਮ ਕਰਨ ਬਾਹਰ ਜਾ ਰਿਹਾ ਹੈ। ਦਵਿੰਦਰ ਉਸਨੂੰ ਲੈ ਕੇ ਨਾਗਪੁਰ ਰਵਾਨਾ ਹੋ ਗਿਆ। ਉਥੇ ਉਸਨੇ ਇਕ ਏਜੰਟ ਨੂੰ ਸੰਤੋਸ਼ ਦਾ ਪਾਸਪੋਰਟ ਬਣਾਉਣ ਦਾ ਕੰਮ ਸੌਂਪਿਆ, ਫ਼ਿਰ ਉਸਨੂੰ ਇਕ ਨਿੱਜੀ ਹਸਪਤਾਲ ਵਿੱਚ ਲੈ ਜਾ ਕੇ ਕਿਡਨੀ ਟਰਾਂਸਪਲਾਂਟ ਵਿੱਚ ਲੋੜੀਂਦੇ ਮੰਨੇ ਜਾਂਦੇ ਟੈਸਟ ਕਰਵਾਏ।
ਚਾਰ-ਛੇ ਦਿਨ ਵਿੱਚ ਸੰਤੋਸ਼ ਗਵਲੀ ਦੀ ਜਾਂਚ ਰਿਪੋਰਟ ਮਿਲ ਗਈ ਅਤੇ ਉਸਦਾ ਪਾਸਪੋਰਟ ਵੀ ਬਣ ਗਿਆ। ਇਸ ਤੋਂ ਬਾਅਦ ਦਵਿੰਦਰ ਸ਼ਿਵਸਾਠ ਸੰਤੋਸ਼ ਗਵਲੀ ਨੂੰ ਕੋਲੰਬੋ (ਸ਼੍ਰੀਲੰਕਾ) ਲੈ ਗਿਆ।
ਉਥੋਂ ਦੇ ਨਵਲੋਕ ਹਸਪਤਾਲ ਵਿੱਚ ਅਪਰੇਸ਼ਨ ਕਰਕੇ ਸੰਤੋਸ਼ ਦਾ ਇਕ ਗੁਰਦਾ ਕੱਢ ਕੇ ਦੂਜੇ ਨੂੰ ਲਗਾ ਦਿੱਤਾ। ਸੰਤੋਸ਼ ਸਿਹਤਮੰਦ ਹੋ ਗਿਆ ਤਾਂ ਦਵਿੰਦਰ ਦੇ ਨਾਲ ਭਾਰਤ ਵਾਪਸ ਆ ਗਿਆ।
ਅਕੋਲਾ ਪਹੁੰਚਣ ਤੇ ਦਵਿੰਦਰ ਨੇ ਸੰਤੋਸ਼ ਨੂੰ ਤਿੰਨ ਲੱਖ ਦਿੱਤੇ। ਸੰਤੋਸ਼ ਨੇ ਇਤਰਾਜ਼ ਕੀਤਾ, ਆਨੰਦ ਜਾਘਵ ਨਾਲ ਮੇਰੀ ਗੱਲ ਚਾਰ ਲੱਖ ਦੀ ਹੋਈ ਸੀ, ਤਾਂ ਤੁਸੀਂ ਮੈਨੂੰ ਤਿੰਨ ਲੱਖ ਦੇ ਰਹੇ ਹੋ।
ਆਨੰਦ ਜਾਘਵ ਦਾ ਕਹਿਣਾ ਗਲਤ ਨਹੀਂ ਸੀ। ਦਵਿੰਦਰ ਬੋਲਿਆ, ਪਾਰਟੀ ਨੇ ਚਾਰ ਲੱਖ ਹੀ ਦਿੱਤੇ ਸਨ। ਤੁਹਾਡੇ ਕੋਲੰਬੋ ਜਾਣ ਦਾ ਖਰਚ ਅਤੇ ਮੇਰੇ ਕਮਿਸ਼ਨ ਵਿੱਚ ਇਕ ਲੱਖ ਕੱਟੇ ਗਏ। ਤਿੰਨ ਲੱਖ ਤੁਹਾਨੂੰ ਮਿਲਣਗੇ। ਲੈਣਾ ਹੈ ਤਾਂ ਲਓ, ਵਰਨਾ ਚਲਦੇ ਨਜ਼ਜਰ ਆਓ।
ਸੰਤੋਸ਼ ਹੁਣ ਕੀ ਕਰ ਸਕਦਾ ਸੀ। ਵਿਦੇਸ਼ ਵਿੱਚ ਉਸਦਾ ਗੁਰਦਾ ਕੱਢਿਆ ਵੀ ਗਿਆ ਸੀ ਅਤੇ ਕਿਸੇ ਦੂਜੇ ਨੂੰ ਵੀ ਲੱਗ ਗਿਆ ਸ। ਤਿੰਨ ਲੱਖ ਲੈ ਕੇ ਉਸਨੇ ਤਸੱਲੀ ਕਰ ਲਈ।
ਸੰਤੋਸ਼ ਆਪਣੇ ਨਾਲ ਹੋਏ ਧੋਖੇ ਤੋਂ ਪ੍ਰੇਸ਼ਾਨ ਸੀ, ਇਸ ਕਰਕੇ ਕੁਝ ਦੋਸਤਾਂ ਦੇ ਕਹਿਣ ਤੇ ਥਾਣੇ ਚਲਾ ਗਿਆ। ਪੁਲਿਸ ਨੇ ਪਰਚਾ ਦਰਜ ਕਰ ਦਿੱਤਾ। ਇਸ ਤੋਂ ਬਾਅਦ ਰਿਆਜ ਸ਼ੇਖ ਨੇ ਆਨੰਦ ਜਾਘਵ ਅਤੇ ਦਵਿੰਦਰ ਸ਼ਿਵਸਾਠ ਦੇ ਘਰਾਂ ਤੇ ਛਾਪਾ ਮਾਰਿਆ ਅਤੇ ਪਕੜ ਲਿਆਂਦਾ। ਮੈਡੀਕਲ ਜਾਂਚ ਤੋਂ ਪੁਸ਼ਟੀ ਹੋ ਗਈ ਕਿ ਹਾਲ ਹੀ ਵਿੱਚ ਸੰਤੋਸ਼ ਦੀ ਕਿਡਨੀ ਕੱਢੀ ਗਈ ਸੀ।
ਕਿਡਨੀ ਰੈਕੇਟ ਦਾ ਭਾਂਡਾ ਭੰਨੇ ਜਾਣ ਤੋਂ ਬਾਅਦ ਅਖਬਾਰਾਂ ਵਿੱਚ ਖਬਰ ਛਪੀ ਤਾਂ ਅਕੋਲਾ ਸ਼ਹਿਰ ਵਿੱਚ ਸਨਸਨੀ ਫ਼ੈਲ ਗਈ।
ਪੁਲਿਸ ਨੇ ਗੁਰਦਾ ਚੋਰਾਂ ਦੀ ਪੁੱਛਗਿੱਛ ਕੀਤੀ ਤਾਂ ਭੇਦ ਖੁੱਲ੍ਹਿਆ ਕਿ ਹਾਲ ਹੀ ਵਿੱਚ ਉਹਨਾਂ ਨੇ ਅਕੋਲਾ ਤੋਂ ਇਕ ਔਰਤ ਅਤੇ ਚਾਰ ਲੜਕਿਆਂ ਨੂੰ ਸ਼੍ਰੀਲੰਕਾ ਲਿਜਾ ਕੇ ਉਹਨਾਂ ਦੀ ਕਿਡਨੀ ਵੇਚੀ ਸੀ। ਇਹਨਾਂ ਵਿੱਚੋਂ ਔਰਤ ਦੇ ਤੌਰ ਤੇ ਸ਼ਾਂਤਾਬਾਈ ਅਤੇ ਦੋ ਪੀੜਤਾਂ ਦੇ ਤੌਰ ਤੇ ਸੰਤੋਸ਼ ਗਵਲੀ ਅਤੇ ਸਤੀਸ਼ ਦੇ ਨਾਂ ਸਾਹਮਣੇ ਆਏ। ਬਾਕੀ ਦੋ ਲੜਕਿਆਂ ਦੇ ਨਾਂ ਨਹੀਂ ਪਤਾ ਲੱਗ ਸਕੇ।
ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਸੰਤੋਸ਼ ਦੀ ਕਿਡਨੀ ਯਵਤਮਾਲ ਦੇ ਇਕ ਡਾਕਟਰ ਨੂੰ ਲਗਾਈ ਗਈ ਸੀ।
ਦਵਿੰਦਰ ਨੇ ਇਸਦੇ ਬਦਲੇ ਖਰਚ ਤੋਂ ਇਲਾਵਾ ਦਸ ਲੱਖ ਰੁਪਏ ਲਏ ਸਨ, ਜਦਕਿ ਸੰਤੋਸ਼ ਨੂੰ ਦਿੱਤੇ ਜਾਣੇ ਸਨ ਕੇਵਲ ਤਿੰਨ ਲੱਖ। ਬਾਕੀ ਸੱਤ ਲੱਖ ਉਹ ਖੁਦ ਖਾ ਗਿਆ ਸੀ।
ਬਾਕੀ ਦੀਆਂ ਚਾਰ ਡੀਲਿੰਗਸ ਵਿੱਚ ਔਸਤਨ 40 ਲੱਖ ਲਏ ਗੲੈ ਸਨ। ਪੀੜਤ ਨੂੰ ਅੱਧੇ ਤੋਂ ਵੀ ਘੱਟ ਪੈਸੇ ਦੇ ਕੇ ਬਾਕੀ ਦੇ ਪੈਸੇ ਦਵਿੰਦਰ ਸ਼ਿਵਸਾਠ, ਆਨੰਦ ਜਾਘਵ ਅਤੇ ਵਿਨੋਦ ਪਵਾਰ ਹੜੱਪ ਕਰ ਲੈਂਦੇ ਸਨ। ਇਸ ਰੈਕੇਟ ਵਿੱਚ ਕੋਲੰਬੋ ਦੇ ਇਕ ਪ੍ਰਸਿੱਧ ਹਸਪਤਾਲ ਨੋਵਾਲੋਕਾ ਦਾ ਨਾਂ ਵੀ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇਕ ਪੀੜਤ ਦਾ ਗੁਰਦਾ ਇਸ ਹਸਪਤਾਲ ਵਿੱਚ ਕੱਢਿਆ ਗਿਆ ਸੀ, ਅਖੀਰ ਇਹ ਹਸਪਤਾਲ ਵੀ ਸ਼ੱਕੀ ਹੋ ਗਿਆ ਹੈ। ਸ਼੍ਰੀਲੰਕਾ ਦੇ ਸਿਹਤ ਮੰਤਰੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ। ਇਹ ਕਮੇਟੀ ਦੀ ਜਾਂਚ ਰਿਪੋਰਟ ਾਉਣੀ ਬਾਕੀ ਹੈ।














