ਸ਼ਰਾਬ ਦੇ ‘ਕੌੜੇ’ ਨੁਕਸਾਨ

thudi-sahat-300x150ਸ਼ਰਾਬ ਪੀਣ ਦੇ ਸ਼ੌਕੀਨਾਂ ਦੀ ਦੁਨੀਆ ਭਰ ਵਿੱਚ ਕੋਈ ਕਮੀ ਨਹੀਂ। ਪੂਰੀ ਦੁਨੀਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨ ਵਿੱਚੋਂ ਸ਼ਰਾਬ ਚੌਥਾ ਅਹਿਮ ਕਾਰਨ ਹੈ। 50 ਫ਼ੀਸਦੀ ਦੁਰਘਟਨਾਵਾਂ ਸ਼ਰਾਬ ਕਾਰਨ ਹੁੰਦੀਆਂ ਹਨ ਤੇ 25 ਫ਼ੀਸਦੀ ਆਤਮ ਹੱਤਿਆਵਾਂ ਵੀ ਇਸੇ ਕਾਰਨ ਹੁੰਦੀਆਂ ਹਨ। ਪੰਜਾਬ ਵਿੱਚ ਸ਼ਰਾਬ ਦੀ ਵਰਤੋਂ ਆਮ ਹੋਣ ਕਾਰਨ ਜਿਗਰ ਦੇ ਰੋਗ ਆਮ ਹਨ।
– ਲਗਾਤਾਰ ਜ਼ਿਆਦਾ ਸ਼ਰਾਬ ਪੀਣ ਨਾਲ ਜਿਗਰ ਦੀ ਸੋਜ ਹੋ ਜਾਂਦੀ ਹੈ। ਕੁਝ ਮਹੀਨਿਆਂ ਜਾਂ ਸਾਲਾਂ ਵਿੱਚ ਜਿਗਰ ਦੇ ਸੈੱਲਾਂ ਵਿੱਚ ਚਰਬੀ ਜਮ੍ਹਾਂ ਹੋਣ ਕਾਰਨ ਇਸ ਦਾ ਆਕਾਰ ਬਹੁਤ ਵਧ ਜਾਂਦਾ ਹੈ। ਰੋਗੀ ਦੇ ਡੇਲਿਆਂ, ਚਮੜੀ, ਬੁੱਟਾਂ, ਜੀਭ ਆਦਿ ਦਾ ਰੰਗ ਪੀਲਾ ਹੋ ਜਾਂਦਾ ਹੈ। ਪਸੀਨਾ ਤੇ ਪਿਸ਼ਾਬ ਵੀ ਗੂੜ੍ਹੇ ਪੀਲੇ ਰੰਗ ਦੇ ਆਉਂਦੇ ਹਨ। ਇਸ ਪੀਲੇਪਣ ਨੂੰ ਜ਼ਕਰਾਨ ਕਿਹਾ ਜਾਂਦਾ ਹੈ। ਇਸ ਲਈ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਸ਼ਰਾਬ ਪੀਣੀ ਸ਼ੁਰੂ ਹੀ ਨਾ ਕੀਤੀ ਜਾਵੇ, ਫ਼ਿਰ ਵੀ ਜੋ ਲੋਕ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਆਪਣੇ ਜਿਗਰ ਦੇ ਰਾਜੀ ਹੋਣ ਦੀ ਹਾਲਤ ਨੂੰ ਦਰਸਾਉਣ ਵਾਲੇ ਖੂਨ ਤੇ ਪਿਸ਼ਾਬ ਦੇ ਟੈਸਟ ਕਰਵਾਉਂਦੇ ਰਹਿਣ।
– ਇਨ੍ਹਾਂ ਟੈਸਟਾਂ ਨਾਲ ਜਿਗਰ ਦੀ ਖਰਾਬੀ ਬਾਰੇ ਮੁੱਢਲੀ ਹਾਲਤ ਵਿੱਚ ਹੀ ਪਤਾ ਲੱਗ ਸਕਦਾ ਹੈ। ਇਸ ਸਟੇਜ ‘ਤੇ ਜੇਕਰ ਸ਼ਰਾਬ ਦਾ ਪੂਰਨ ਤਿਆਗ ਕਰ ਦਿੱਤਾ ਜਾਵੇ ਤਾਂ ਹੋਰ ਵਧੇਰੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਪਰ ਜੇਕਰ ਨੁਕਸ ਦਾ ਪਤਾ ਲੱਗ ਜਾਣ ਦੇ ਬਾਵਜੂਦ ਪੀਣੀ ਨਾ ਛੱਡੇ ਤਾਂ ਉਸ ਨੂੰ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨਾਂ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
– ਸਧਾਰਨ ਜਿਗਰ, ਸੱਜੇ ਪਾਸੇ, ਪਸਲੀਆਂ ਦੇ ਥੱਲੇ ਲੁਕਿਆ ਹੋਇਆ ਹੁੰਦਾ ਹੈ ਪਰ ਇਸ ਦਾ ਆਕਾਰ ਵਧਣ ਨਾਲ, ਇਹ ਹੇਠਾਂ ਪੇਟ ਵੱਲ ਨੂੰ ਟੋਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਜੇਕਰ ਇਹ ਕਾਫ਼ੀ ਵੱਡਾ ਹੋ ਜਾਵੇ ਤਾਂ ਧੁੰਨੀ ਤੱਕ ਵਧ ਸਕਦਾ ਹੈ। ਆਮ ਆਦਮੀ ਦੇ ਜਿਗਰ ਦਾ ਭਾਰ ਤਕਰੀਬਨ ਡੇਢ ਕਿਲੋ ਹੁੰਦਾ ਹੈ ਪਰ ਸਾਈਜ਼ ਵਧਣ ਨਾਲ ਇਹ ਦੋ ਕਿਲੋ ਜਾਂ ਇਸ ਤੋਂ ਵਧ ਭਾਰਾ ਹੋ ਸਕਦਾ ਹੈ। ਸ਼ਰਾਬ ਕਾਰਨ ਜਿਗਰ ਦੀ ਬਿਮਾਰੀ ਆਮ ਕਰਕੇ ਤੀਹ ਤੋਂ ਪੰਜਾਹ ਸਾਲ ਦੇ ਬੰਦਿਆਂ ਵਿੱਚ ਹੁੰਦੀ ਹੈ ਪਰ ਬੇਹਿਸਾਬੀ ਪੀਣ ਨਾਲ ਇਸ ਤੋਂ ਪਹਿਲਾਂ ਜਾਂ ਬਾਅਦ ਦੇ ਸਾਲਾਂ ਦੀ ਉਮਰ ਵਿੱਚ ਵੀ ਹੋ ਸਕਦੀ ਹੈ। ਰੋਗੀ ਨੂੰ ਸੁਸਤੀ, ਕਮਜ਼ੋਰੀ, ਭਾਰ ਤੇ ਭੁੱਖ ਦੀ ਘਾਟ ਮਹਿਸੂਸ ਹੁੰਦੀ ਹੈ।
-ਜ਼ਰਕਾਨ ਦੇ ਨਾਲ ਪੇਟ ਵਿੱਚ ਪਾਣੀ ਜਮ੍ਹਾਂ ਹੋਣ ਤੇ ਪੈਰਾਂ ਦੀ ਸੋਜ ਵੀ ਹੋ ਸਕਦੀ ਹੈ। ਸ਼ਰਾਬ ਮੁਕੰਮਲ ਰੂਪ ਵਿੱਚ ਨਾ ਤਿਆਗੀ ਜਾਵੇ ਤਾਂ ਕੁਝ ਹੀ ਮਹੀਨਿਆਂ ਵਿੱਚ ਜਿਗਰ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ। ਇਸ ਨੂੰ ਜਿਗਰ ਦਾ ਫ਼ੇਲ੍ਹ ਹੋ ਜਾਣਾ ਕਹਿੰਦੇ ਹਨ। ਡੂੰਘੀ ਬੇਹੋਸ਼ੀ, ਪੇਟ ਅੰਦਰ ਖੂਨ ਦੀ ਨਾੜੀ ਫ਼ਟਣਾ, ਦਿਮਾਗ ਦੀ ਨਾੜੀ ਫ਼ਟਣਾ, ਖੂਨ ਦੀ ਉਲਟੀ ਆਉਣਾ, ਨਕਸੀਰ ਤੇ ਇਨਫ਼ੈਕਸ਼ਨ ਐਸੇ ਰੋਗੀਆਂ ਵਿੱਚ ਮੌਤ ਦਾ ਕਾਰਨ ਬਣਦੀਆਂ ਹਨ। ਜਿਗਰ ਦੀ ਖਰਾਬੀ ਦੇ ਸੱਠ ਤੋਂ ਸੱਤਰ ਫ਼ੀਸਦੀ ਰੋਗੀ, ਵਧੇਰੇ ਤੇ ਬਿਨਾਂ ਪਾਣੀ ਤੋਂ ਸ਼ਰਾਬ ਪੀਣ ਕਾਰਨ ਹੁੰਦੇ ਹਨ। ਸ਼ਰਾਬ ਵਿੱਚਲਾ ਰਸਾਇਣ ਈਥੇਨੌਲ, ਜਿਗਰ ਦੇ ਸੈੱਲਾਂ ਦੇ ਖਤਮ ਹੋਣ ਨਾਲ ਫ਼ਾਈਬਰਸ ਟਿਸ਼ੂ ਬਣ ਜਾਂਦਾ ਹੈ, ਜਿਸ ਨੂੰ ਲੀਵਰ ਸਿਰੋਸਿਜ ਆਖਦੇ ਹਨ।
– ਸਧਾਰਨ ਜਿਗਰ ਦਾ ਬਾਹਰੀ ਤੱਲ ਨਰਮ ਹੁੰਦਾ ਹੈ। ਸਿਰੋਸਿਜ਼ ਵਿੱਚ ਇਹ ਸਖ਼ਤ ਹੋ ਜਾਂਦਾ ਹੈ। ਜਿਗਰ ਤੋਂ ਇਲਾਵਾ ਸ਼ਰਾਬ ਦੇ ਪ੍ਰਕੋਪ ਦਾ ਸ਼ਿਕਾਰ ਹੋਣ ਵਾਲੇ ਬਾਕੀ ਅੰਗ ਹਨ- ਬੁੱਲ, ਮੂੰਹ ਦਾ ਅੰਦਰਲਾ ਹਿੱਸਾ, ਜੀਭ, ਗਲਾ, ਭੋਜਨ ਨਲੀ, ਮਹਿਦਾ ਤੇ ਮਸਾਨਾ। ਇਨ੍ਹਾਂ ਅੰਗਾਂ ਵਿੱਚ ਵੀ ਕੈਂਸਰ ਵਿਕਸਿਤ ਹੋ ਸਕਦੇ ਹਨ।