ਕਈ ਖੋਜਾਂ ‘ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਪ੍ਰੋਟੀਨ ਅਤੇ ਡਾਇਟਰੀ ਫ਼ਾਈਬਰਜ਼ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰਨ ਨਾਲ ਵਜ਼ਨ ਘਟਾਉਣ ‘ਚ ਆਸਾਨੀ ਹੋ ਸਕਦੀ ਹੈ, ਪਰ ਇਸ ਚੱਕਰ ‘ਚ ਲੋਕ ਸ਼ਰੀਰ ‘ਚ ਪ੍ਰੋਟੀਨ ਦੀ ਮਾਤਰਾ ਨੂੰ ਲੋੜ ਤੋਂ ਵੱਧ ਵਧਾ ਲੈਂਦੇ ਹਨ। ਹਾਲ ‘ਚ ਹੀ ਹੋਈ ਇੱਕ ਖੋਜ ‘ਚ ਇਹ ਖ਼ੁਲਾਸਾ ਹੋਇਆ ਕਿ ਵਧੇਰੇ ਪ੍ਰੋਟੀਨ ਵਾਲੇ ਖਾਣਿਆਂ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ। ਮੈਡੀਕਲ ਨਿਊਜ਼ ਟੁਡੇ ‘ਚ ਛਪੀ ਇੱਕ ਰਿਪੋਰਟ ਦੇ ਮੁਤਾਬਿਕ, ਚੂਹਿਆਂ ‘ਤੇ ਕੀਤੀ ਗਈ ਇਸ ਖੋਜ ਤੋਂ ਸਾਬਿਤ ਹੋਇਆ ਹੈ ਕਿ ਉੱਚ ਪ੍ਰੋਟੀਨ ਵਾਲੀ ਖੁਰਾਕ ਨਾਲ ਦਿਲ ਨੂੰ ਲਿਜਾਣ ਵਾਲੀਆਂ ਖ਼ੂਨ ਦੀਆਂ ਨਾੜੀਆਂ ‘ਚ ਮਸਲੇ ਪੈਦਾ ਹੋ ਸਕਦੇ ਹਨ। ਸੇਂਟ ਲੂਈ ਦੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਕੂਲ ਔਫ਼ ਮੈਡੀਸਨ ਦੇ ਸਹਾਇਕ ਪ੍ਰੋਫ਼ੈਸਰ ਡਾਕਟਰ ਬਬਾਕ ਰਜਾਨੀ ਅਤੇ ਉਨ੍ਹਾਂ ਦੀ ਟੀਮ ਨੇ ਕੁੱਝ ਚੂਹਿਆਂ ਨੂੰ ਉੱਚ ਪ੍ਰੋਟੀਨ ਵਾਲੀ ਖੁਰਾਕ ਦਿੱਤੀ ਜਦੋਂਕਿ ਕੁੱਝ ਨੂੰ ਘੱਟ ਪ੍ਰੋਟੀਨ ਦੀ ਖੁਰਾਕ। ਜਿਹੜੇ ਚੂਹਿਆਂ ਨੂੰ ਵਧੇਰੇ ਪ੍ਰੋਟੀਨ ਵਾਲੀ ਖੁਰਾਕ ਦਿੱਤੀ ਗਈ ਉਨ੍ਹਾਂ ਦੀਆਂ ਨਾੜੀਆਂ ‘ਚ ਰੁਕਾਵਟਾਂ ਪਹਿਲੇ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਸਨ।
ਕਿਵੇਂ ਵਧਦਾ ਹੈ ਨਾੜੀਆਂ ਦਾ ਪਲੈਕ – ਨਾੜੀਆਂ ‘ਚ ਪਲੈਕ ਨਾਲ ਲੜਨ ਲਈ ਸ਼ਰੀਰ ‘ਚ ਮੈਕ੍ਰੋਫ਼ੇਜ਼ WBC ਮੌਜੂਦ ਰਹਿੰਦੇ ਹਨ। ਇਹ ਮੈਕ੍ਰੋਫ਼ੇਜ਼ ਨਾੜਾਂ ‘ਚੋਂ ਪਲੈਕ ਕੱਢਣ ਦਾ ਕੰਮ ਕਰਦੇ ਹਨ, ਪਰ ਹਾਈ ਪ੍ਰੋਟੀਨ ‘ਚ ਮਿਲਣ ਵਾਲਾ ਇੱਕ ਖ਼ਾਸ ਐਮੀਨੋ ਐਸਿਡ ਮੈਕ੍ਰੋਫ਼ੇਜ਼ ਦੇ ਗ਼ੈਰ-ਮਾਮੂਲੀ ਵਾਧੇ ਲਈ ਜ਼ਿੰਮੇਵਾਰ ਹੁੰਦਾ ਹੈ ਜਿਸ ਨਾਲ ਮੈਕ੍ਰੋਫ਼ੇਜ਼ ਦੀ ਉਮਰ ਬਹੁਤ ਘਟ ਜਾਂਦੀ ਹੈ। ਬਹੁਤ ਸਾਰੇ ਡੈੱਡ ਸੈਲਾਂ ਦੇ ਪਲੈਕ ‘ਚ ਜਮ੍ਹਾਂ ਹੋ ਜਾਣ ਨਾਲ ਇਹ ਅਸਥਿਰ ਹੋ ਜਾਂਦੇ ਹਨ ਅਤੇ ਟੁੱਟਣ ਦੀ ਹੱਦ ਤਕ ਪਹੁੰਚ ਜਾਂਦੇ ਹਨ। ਅਜਿਹੀ ਸਥਿਤੀ ‘ਚ ਜਦੋਂ ਪਲੈਕ ਰਾਹੀਂ ਖ਼ੂਨ ਦਾ ਵਹਾਅ ਹੁੰਦਾ ਹੈ ਤਾਂ ਵਧਦੇ ਦਬਾਅ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।
ਕਿੰਨਾ ਪ੍ਰੋਟੀਨ ਹੈ ਸਿਹਤ ਲਈ ਜ਼ਰੂਰੀ – ਸ਼ਰੀਰ ਨੂੰ ਤਾਕਤਵਰ ਬਣਾਉਣ ਲਈ ਸਹੀ ਮਾਤਰਾ ‘ਚ ਪ੍ਰੋਟੀਨ ਦਾ ਲਿਆ ਜਾਣਾ ਜ਼ਰੂਰੀ ਹੈ। ਪ੍ਰੋਟੀਨ ਨਿਊਰੋਟਰਾਂਸਮਿਟਸ ਵਾਂਗ ਹੀ ਕੰਮ ਕਰਦਾ ਹੈ। ਲੋਕਾਂ ਨੂੰ ਇੱਕ ਦਿਨ ‘ਚ ਔਸਤਨ ਕਿੰਨਾ ਪ੍ਰੋਟੀਨ ਲੈਣਾ ਚਾਹੀਦਾ ਹੈ ਇਹ ਵੀ ਵਿਚਾਰ ਦਾ ਵਿਸ਼ਾ ਹੈ। ਖੁਰਾਕ ਅਤੇ ਦਵਾਈ ਪ੍ਰਸ਼ਾਸਨ ਦੀ ਸਲਾਹ ਮੁਤਾਬਿਕ ਇੱਕ ਇਨਸਾਨ ਨੂੰ ਰੋਜ਼ਾਨਾ 50 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਸ਼ਰੀਰ ‘ਤੇ ਪ੍ਰੋਟੀਨ ਲੈਣ ਦੇ ਕਈ ਤਰ੍ਹਾਂ ਦੇ ਅਸਰ ਹੁੰਦੇ ਹਨ। ਸੋਯਾ, ਪੀਨਟ ਬਟਰ, ਦੁੱਧ, ਅੰਡੇ ਅਤੇ ਮੱਛੀ ਪ੍ਰੋਟੀਨ ਦੇ ਬੇਹਤਰ ਸੋਮੇ ਮੰਨੇ ਜਾਂਦੇ ਹਨ।
ਸੂਰਜਵੰਸ਼ੀ










