ਨਵੀਂ ਦਿੱਲੀ – ਯੂਨੀਵਰਸ ਬੌਸ ਦੇ ਨਾਂ ਨਾਲ ਮਸ਼ਹੂਰ ਵੈੱਸਟ ਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦਾ ਮੰਨਣਾ ਹੈ ਕਿ ਲੋਕੇਸ਼ ਰਾਹੁਲ ਕੋਲ ਇਸ ਤਰ੍ਹਾਂ ਦੀ ਸਮਰੱਥਾ ਹੈ ਕਿ ਜੇ ਉਹ ਆਪਣੇ ਦਾਇਰੇ ਵਿੱਚ ਰਹੇ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੀਆਂ ਉਪਲਬਧੀਆਂ ਦੀ ਬਰਾਬਰੀ ਵੀ ਕਰ ਸਕਦਾ ਹੈ।
ਰਾਹੁਲ ਸ਼ਾਇਦ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ਵਿੱਚੋਂ ਬਾਹਰ ਨਿਕਲ ਚੁੱਕਾ ਹੈ ਜਿਸ ਵਿੱਚ ਆਸਟਰੇਲੀਆ ਵਿੱਚ ਟੈੱਸਟ ਮੈਚਾਂ ਵਿੱਚ ਖ਼ਰਾਬ ਪ੍ਰਦਰਸ਼ਨ ਅਤੇ ਫ਼ਿਰ ਇੱਕ ਟੈਲੀਵਿਯਨ ਪ੍ਰੋਗਰਾਮ ਵਿੱਚ ਟੀਮ ਦੇ ਸਾਥੀ ਹਾਰਦਿਕ ਪੰਡਯਾ ਦੇ ਨਾਲ ਮਹਿਲਾਵਾਂ ਵਿਰੋਧੀ ਟਿੱਪਣੀਆਂ ਤੋਂ ਬਾਅਦ BCCI ਨੇ ਦੋਹਾਂ ਨੂੰ ਸਸਪੈਂਡ ਕਰ ਦਿੱਤਾ ਸੀ। ਰਾਹੁਲ ਨੇ ਇਨ੍ਹਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ IPL ਵਿੱਚ ਕਿੰਗਜ਼ ਇਲੈਵਨ ਪੰਜਾਬ ਲਈ ਗੇਲ ਦੇ ਨਾਲ ਮੌਜੂਦਾ ਸੈਸ਼ਨ ਦੀ ਸਭ ਤੋਂ ਖ਼ਤਰਨਾਕ ਸਲਾਮੀ ਜੋੜੀਆਂ ਵਿੱਚੋਂ ਇੱਕ ਕਾਇਮ ਕੀਤੀ।












