ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਦਾ ਵਿਵਾਦ ਇੱਕ ਵਾਰ ਫ਼ਿਰ ਸੁਰਖ਼ੀਆਂ ਵਿੱਚ ਹੈ। ਅਮਰੋਹਾ ਪੁਲੀਸ ਨੇ ਮੁਹੰਮਦ ਸ਼ਮੀ ਦੀ ਪਤਨੀ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਰਿਹਾ ਕਰ ਦਿੱਤਾ ਗਿਆ। ਹੁਣ ਕ੍ਰਿਕਟਰ ਮੁਹਮੰਦ ਸ਼ਮੀ ਦੀ ਬੇਟੀ ਨੇ ਪਾਪਾ ਨੂੰ ਨਸੀਹਤ ਦਿੰਦਿਆਂ ਕਿਹਾ ਹੈ, ”ਪਾਪਾ ਸੁਧਰ ਜਾਓ! ‘ ‘ਉੱਥੇ ਉਸ ਨੇ ਪਾਪਾ ‘ਤੇ ਗੰਦਾ ਹੋਣ ਦਾ ਦੋਸ਼ ਵੀ ਲਗਾਇਆ।
ਹਸੀਨ ਜਹਾਂ ਡਿਡੌਲੀ ਥਾਣਾ ਇਲਾਕੇ ਦੇ ਸਹਿਸਪੁਰ ਅਲੀ ਨਗਰ ਵਿਖੇ ਮੁਹੰਮਦ ਸ਼ਮੀ ਦੇ ਪੁਸ਼ਤੈਨੀ ਘਰ ਪਹੁੰਚੀ ਸੀ ਜਿੱਥੇ ਸ਼ਮੀ ਦੀ ਮਾਂ ਅਤੇ ਪਰਿਵਾਰ ਵਾਲਿਆਂ ਨਾਲ ਹਸੀਨ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਪੁਲੀਸ ਨੇ 151 ਧਾਰਾ ਤਹਿਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਹਸੀਨ ਨੇ ਸ਼ਮੀ ‘ਤੇ ਦੋਸ਼ ਲਗਾਇਆ ਸੀ ਕਿ ਉਹ ਉਸ ਨੂੰ ਘਰ ਦੇ ਖ਼ਰਚੇ ਲਈ ਪੈਸੇ ਨਹੀਂ ਦਿੰਦਾ, ਅਤੇ ਨਾਲ ਹੀ ਕਿਹਾ ਸੀ ਕਿ ਉਸ ਦਾ ਕਿਸੇ ਹੋਰ ਮਹਿਲਾ ਨਾਲ ਅਫ਼ੇਅਰ ਚੱਲ ਰਿਹਾ ਹੈ ਜਿਸ ਕਾਰਨ ਉਹ ਉਸ ਨੂੰ ਛੱਡਣਾ ਚਾਹੁੰਦੇ ਹਨ।
ਮੁਹੰਮਦ ਸ਼ਮੀ ਨੇ ਉਸ ਦੇ ਦੋਸ਼ਾਂ ਨੂੰ ਨਾ ਸਿਰਫ਼ ਗ਼ਲਤ ਦੱਸਿਆ ਸੀ ਸਗੋਂ ਇਹ ਵੀ ਕਿਹਾ ਕਿ ਹਸੀਨ ਨੇ ਉਸ ਨੂੰ ਧੋਖਾ ਦਿੱਤਾ ਹੈ ਕਿਉਂਕਿ ਹਸੀਨ ਨੇ ਉਸ ਨੂੰ ਨਹੀਂ ਸੀ ਦੱਸਿਆ ਕਿ ਉਸਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ। ਸ਼ਮੀ ਨੇ ਕਿਹਾ ਕਿ ਉਸ ਨੇ ਆਪਣੀਆਂ ਦੋ ਲੜਕੀਆਂ ਨੂੰ ਆਪਣੀ ਭੈਣ ਦੀਆਂ ਲੜਕੀਆਂ ਕਹਿ ਕੇ ਧੋਖਾ ਦਿੱਤਾ ਹੈ। ਸ਼ਮੀ ਅਤੇ ਹਸੀਨ ਦਾ ਵਿਆਹ 2014 ਵਿੱਚ ਹੋਇਆ ਸੀ। ਹਸੀਨ ਇੱਕ ਮੌਡਲ ਸੀ। ਫ਼ਿਰ ਉਹ ਕੋਲਕਾਤਾ ਨਾਈਟ ਰਾਈਡਰਜ਼ ਦੀ ਚੀਅਰ ਲੀਡਰ ਬਣੀ। ਉਸ ਦੌਰਾਨ ਉਸ ਅਤੇ ਸ਼ਮੀ ਦਰਮਿਆਨ ਪਿਆਰ ਹੋ ਗਿਆ। ਫ਼ਿਰ ਸ਼ਮੀ ਨੇ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਜਾ ਕੇ ਹਸੀਨ ਜਹਾਂ ਨਾਲ ਵਿਆਹ ਕਰਾ ਲਿਆ।












