ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਆਲੂ ਦੀ ਸ਼ਮੂਲੀਅਤ ਲਗਭਗ ਹਰ ਸਬਜ਼ੀ ‘ਚ ਹੁੰਦੀ ਹੈ। ਆਲੂ ‘ਚ ਜ਼ਿਆਦਾ ਕਾਰਬੋਹਾਈਡ੍ਰੇਟਸ ਹੋਣ ਕਰ ਕੇ ਇਸ ਨੂੰ ਮੋਟਾਪਾ ਵਧਾਉਣ ਵਾਲਾ ਮੰਨਿਆ ਜਾਂਦਾ ਹੈ, ਪਰ ਕੱਚਾ ਆਲੂ ਅਤੇ ਇਸ ਦਾ ਜੂਸ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਰ ਕੇ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ। ਅਸੀਂ ਤੁਹਾਨੂੰ ਆਲੂਆਂ ਦੇ ਜੂਸ ‘ਚ ਮੌਜੂਦ ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।
ਵਾਇਟਾਮਿਨ C – ਆਲੂਆਂ ਦਾ ਜੂਸ ਪੀਣ ਨਾਲ ਸਾਨੂੰ ਵਾਇਟਾਮਿਨ C ਮਿਲਦਾ ਹੈ। ਲਗਭਗ ਅੱਧਾ ਕੱਪ ਆਲੂਆਂ ਦਾ ਜੂਸ ਸਾਡੀ ਰੋਜ਼ਾਨਾ ਜ਼ਰੂਰਤ ਦਾ 50 ਫ਼ੀਸਦੀ ਵਾਇਟਾਮਿਨ C ਦਿੰਦਾ ਹੈ। ਇਹ ਵਾਇਟਾਮਿਨ ਸਾਡੇ ਸ਼ਰੀਰ ਵਿਚਲੀ ਰੋਗ ਨਿਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਵਾਇਟਾਮਿਨ B-1 ਅਤੇ B-3 – ਅੱਧਾ ਕੱਪ ਆਲੂਆਂ ਦੇ ਜੂਸ ਤੋਂ ਸਾਨੂੰ ਰੋਜ਼ਾਨਾ ਜ਼ਰੂਰਤ ਦਾ 20 ਫ਼ੀਸਦੀ ਦੇ ਕਰੀਬ ਵਾਇਟਾਮਿਨ B-1 ਅਤੇ B-3 ਮਿਲਦੇ ਹਨ ਜੋ ਕਿ ਸਾਡੇ ਨਾੜੀ ਤੰਤਰ ਅਤੇ ਚਮੜੀ ਲਈ ਜ਼ਰੂਰੀ ਹਨ ਅਤੇ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁਢਾਪੇ ਨੂੰ ਦੂਰ ਰੱਖਦੇ ਹਨ।
ਪੋਟੈਸ਼ੀਅਮ – ਅੱਧਾ ਕੱਪ ਆਲੂਆਂ ਦਾ ਜੂਸ ਲਗਭਗ 27 ਫ਼ੀਸਦੀ ਦੇ ਕਰੀਬ ਰੋਜ਼ਾਨਾ ਪੋਟੈਸ਼ੀਅਮ ਦੀ ਜ਼ਰੂਰਤ ਪੂਰੀ ਕਰਦਾ ਹੈ। ਇਹ ਖਣਿਜ ਗੁਰਦੇ ਦੀ ਸਫ਼ਾਈ ਕਰਨ ਦੇ ਨਾਲ-ਨਾਲ ਖ਼ੂਨ ਦੇ ਦਬਾਅ ਨੂੰ ਨਿਯਮਿਤ ਰੱਖਣ ਜਿਹੇ ਕਈ ਮਹੱਤਵਪੂਰਨ ਕਾਰਜ ਕਰਦਾ ਹੈ।
ਕੱਚੇ ਆਲੂ ਅਨੇਕਾਂ ਬੀਮਾਰੀਆਂ ਲਈ ਦਵਾਈ ਦਾ ਕਰਦੇ ਹਨ ਕੰਮ
ਪਾਚਣ ਤੰਤਰ ਦੇ ਵਿਗਾੜ – ਆਲੂਆਂ ਦਾ ਜੂਸ ਮਿਹਦੇ ਦੀ ਸੜਨ ਅਤੇ ਤੇਜ਼ਾਬ ਦੇ ਬਣਨ ਨੂੰ ਵੀ ਘੱਟ ਕਰਦਾ ਹੈ।
ਪੈਪਟਿਕ ਅਲਸਰ – ਇਸ ਨੂੰ ਮਿਹਦੇ ਦਾ ਅਲਸਰ ਵੀ ਕਹਿੰਦੇ ਹਨ। ਇਸ ‘ਚ ਜ਼ਿਆਦਾ ਤੇਜ਼ਾਬ ਬਣਨ ਕਾਰਨ ਮਿਹਦੇ ਦੀ ਝਿੱਲੀ ਖ਼ਰਾਬ ਹੋ ਜਾਂਦੀ ਹੈ ਅਤੇ ਮਿਹਦੇ ਵਿੱਚ ਪੱਕੇ ਤੌਰ ‘ਤੇ ਜ਼ਖ਼ਮ ਹੋ ਜਾਂਦੇ ਹਨ। ਇੱਕ ਖੋਜ ਮੁਤਾਬਿਕ ਆਲੂਆਂ ਦਾ ਜੂਸ ਮਿਹਦੇ ਦੇ ਅਲਸਰ ਨੂੰ ਠੀਕ ਕਰਨ ਦੇ ਸਮਰੱਥ ਹੈ।
ਜੋੜਾਂ ਦਾ ਦਰਦ – ਜੋੜਾਂ ਦੇ ਦਰਦ ਵਾਲੇ ਮਰੀਜ਼ ਨੂੰ ਹਰ ਵਾਰ ਖਾਣਾ ਖਾਣ ਤੋਂ ਪਹਿਲਾਂ ਦੋ ਚਮਚ ਆਲੂਆਂ ਦਾ ਜੂਸ ਲੈਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਆਲੂਆਂ ਦੇ ਮੋਟੇ ਛਿਲਕੇ ਲੈ ਕੇ 4-5 ਮਿੰਟ ਪਾਣੀ ‘ਚ ਉਬਾਲਣ ਤੋਂ ਬਾਅਦ ਠੰਢਾ ਹੋਣ ‘ਤੇ ਇਸ ਨੂੰ ਪੀਣਾ ਚਾਹੀਦਾ ਹੈ। ਇਸ ਤਰ੍ਹਾਂ ਦਿਨ ‘ਚ ਚਾਰ ਵਾਰ ਲੈਣ ਨਾਲ ਲਾਭ ਹੁੰਦਾ ਹੈ। ਆਲੂਆਂ ਦਾ ਜੂਸ ਜਿਗਰ ਅਤੇ ਪਿੱਤੇ ਦੀ ਸਫ਼ਾਈ ਕਰਦਾ ਹੈ। ਇਹ ਜੂਸ ਲਿਵਰ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਚੱਲਣ ‘ਚ ਵੀ ਸਹਾਈ ਹੁੰਦਾ ਹੈ। ਆਲੂਆਂ ਦੇ ਛਿਲਕੇ ਆਲੂਆਂ ਦੇ ਗੁੱਦੇ ਨਾਲੋਂ ਵੀ ਕਈ ਗੁਣਾ ਵੱਧ ਫ਼ਾਇਦੇਮੰਦ ਹੁੰਦੇ ਹਨ। ਆਲੂ ਦੇ ਛਿਲਕੇ ਹੇਠ ਪੋਟੈਸ਼ੀਅਮ ਦੇ ਤਹਿ ਹੁੰਦੀ ਹੈ।
ਕੋਲੈਸਟਰੋਲ – ਆਲੂਆਂ ਦਾ ਜੂਸ ਕੋਲੈਸਟਰੋਲ ਵਿਚਲੇ ਟਰਾਈ ਗਲਿਸਰਾਈਡਜ਼ ਨੂੰ ਨਿਯਮਿਤ ਕਰਦਾ ਹੈ।
ਚਮੜੀ ਦੀ ਦੇਖਭਾਲ – ਆਲੂਆਂ ‘ਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ। ਆਲੂਆਂ ਨੂੰ ਪੀਸ ਕੇ ਚਿਹਰੇ ‘ਤੇ ਕੁੱਝ ਸਮਾਂ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਲੂਆਂ ਦੇ ਗੁੱਦੇ ਨੂੰ ਸ਼ਹਿਦ ਜਾਂ ਜੈਤੂਨ ਦੇ ਤੇਲ ‘ਚ ਮਿਲਾ ਕੇ ਕਿਸੇ ਜ਼ਖ਼ਮ, ਰਗੜ ਜਾਂ ਸੜੀ ਹੋਈ ਥਾਂ ‘ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
ਸੋਜ਼ਿਸ਼ ਅਤੇ ਖਾਰਸ਼ – ਆਲੂਆਂ ਦੇ ਮੋਟੇ ਛਿਲਕੇ ਕੱਟ ਕੇ ਸੋਜ਼ਿਸ਼ ਵਾਲੀ ਥਾਂ ਅਤੇ ਜਾਂ ਕਿਸੇ ਜੀਵ ਦੇ ਕੱਟਣ ਨਾਲ ਹੋਣ ਵਾਲੀ ਖਾਰਸ਼ ਜਾਂ ਕਿਸੇ ਲਾਗ ਕਾਰਨ ਹੋਣ ਵਾਲੀ ਖਾਰਸ਼ ‘ਤੇ ਰੱਖਣ ਨਾਲ ਆਰਾਮ ਮਿਲਦਾ ਹੈ। ਕਿਸੇ ਵੀ ਖਾਧ ਪਦਾਰਥ ਦੀ ਵਰਤੋਂ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਜ਼ਰੂਰੀ ਮਾਤਰਾ ‘ਚ ਹੀ ਕਰਨੀ ਚਾਹੀਦੀ ਹੈ। ਜ਼ਿਆਦਾ ਮਾਤਰਾ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ। ਸਾਧਾਰਨ ਹਾਲਤ ‘ਚ ਆਲੂਆਂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।
ਸੂਰਜਵੰਸ਼ੀ ਦੀ ਡੱਬੀ










