ਥੇਨੀ (ਤਾਮਿਲਨਾਡੂ), –ਤਾਮਿਲਨਾਡੂ ਦੇ ਥੇਨੀ ਵਿਚ ਦੀਵਾਲੀ ਦੀ ਰਾਤ ਪੁਲਸ ਸਬ-ਇੰਸਪੈਕਟਰ ਸੇਂਥਿਲ ਕੁਮਾਰ (56) ਨੇ ਨੌਜਵਾਨਾਂ ਦੇ ਇਕ ਸਮੂਹ ਨੂੰ ਸੜਕ ਦੇ ਵਿਚਕਾਰ ਪਟਾਕੇ ਚਲਾਉਣ ਅਤੇ ਆਵਾਜਾਈ ਵਿਚ ਰੁਕਾਵਟ ਪਾਉਣ ’ਤੇ ਝਿੜਕਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਸੇਂਥਿਲ ਕੁਮਾਰ ਡਿਊਟੀ ਪੂਰੀ ਕਰਨ ਤੋਂ ਬਾਅਦ ਸਾਦੇ ਕੱਪੜਿਆਂ ਵਿਚ ਘਰ ਵਾਪਸ ਆ ਰਹੇ ਸਨ। ਨੌਜਵਾਨਾਂ ਨਾਲ ਬਹਿਸ ਹੋਣ ਤੋਂ ਬਾਅਦ ਉਹ ਪਟਾਕੇ ਚਲਾਉਣ ਦੀ ਵੀਡੀਓ ਬਣਾਉਣ ਲੱਗੇ ਤਾਂ ਜੋ ਇਸ ਨੂੰ ਪੁਲਸ ਕੰਟਰੋਲ ਰੂਮ ਵਿਚ ਭੇਜਿਆ ਜਾ ਸਕੇ। ਇਸ ਤੋਂ ਨਾਰਾਜ਼ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨ ਲੱਗੇ।
ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸੋਮਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਪਹਿਲਾਂ ਤੋਂ ਹੀ ਦਿਲ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਕੁੱਟਮਾਰ ਦੌਰਾਨ ਲੱਗੀਆਂ ਸੱਟਾਂ ਦਾ ਅਸਰ ਹੋਰ ਵੀ ਘਾਤਕ ਸਾਬਤ ਹੋਇਆ। ਪੁਲਸ ਨੇ ਇਸ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।















