ਕਸਰਤ ਦੌਰਾਨ ਪੀਂਦੇ ਹੋ ਸੌਫ਼ਟ ਡਰਿੰਕ ਤਾਂ ਲੱਗ ਸਕਦੀਆਂ ਨੇ ਬੀਮਾਰੀਆਂ

ਵਾਸ਼ਿੰਗਟਨ – ਅਕਸਰ ਦੇਖਿਆ ਜਾਂਦਾ ਹੈ ਕਿ ਕੁੱਝ ਲੋਕ ਕਸਰਤ ਦੌਰਾਨ ਪਾਣੀ ਦੀ ਥਾਂ ਸੋਡਾ ਜਾਂ ਸੌਫ਼ਟ ਡਰਿੰਕ ਪੀਣ ਲੱਗ ਜਾਂਦੇ ਹਨ। ਅਮਰੀਕੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਸਰਤ ਦੌਰਾਨ ਸੌਫ਼ਟ ਡਰਿੰਕ ਲੈਣਾ ਸਾਡੇ ਸ਼ਰੀਰ ਲਈ ਖ਼ਤਰਨਾਕ ਹੁੰਦਾ ਹੈ। ਹਾਲ ਹੀ ‘ਚ ਹੋਈ ਰੀਸਰਚ ‘ਚ ਪਤਾ ਲੱਗਾ ਹੈ ਕਿ ਇਸ ਕਾਰਨ ਕਿਡਨੀਆਂ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਖੋਜ ਅਮਰੀਕੀ ਜਨਰਲ ਔਫ਼ ਸਾਈਕੌਲੋਜੀ ਰੈਗੂਲੇਟਰੀ ‘ਚ ਛਪੀ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਕਸਰਤ ਦੌਰਾਨ ਜਾਂ ਇਸ ਦੇ ਤੁਰੰਤ ਬਾਅਦ ਕਾਰਬੋਨੇਟਿਡ ਡਰਿੰਕਸ ਲੈਂਦੇ ਹੋ ਤਾਂ ਇਹ ਤੁਹਾਡੀਆਂ ਕਿਡਨੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਸ ਤੋਂ ਇਲਾਵਾ ਇਸ ਨਾਲ ਭਾਰ ਵੀ ਵਧਦਾ ਹੈ। ਤਕਰੀਬਨ 600 ਮਿਲੀਲੀਟਰ ਸੋਡੇ ‘ਚ 240 ਕੈਲੋਰੀਜ਼ ਹੁੰਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਇੱਕ ਕੈਨ ਕੋਲਡ ਡਰਿੰਕ ਜਾਂ ਸੌਫ਼ਟ ਡਰਿੰਕ ਪੀਂਦੇ ਹੋ ਤਾਂ ਸਾਲ ਭਰ ‘ਚ ਤੁਹਾਡਾ ਭਾਰ ਛੇ ਕਿੱਲੋ ਤਕ ਵੱਧ ਸਕਦਾ ਹੈ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਇਸ ਕਾਰਨ ਤੁਹਾਨੂੰ ਹੋਰ ਕਈ ਬੀਮਾਰੀਆਂ ਹੋ ਸਕਦੀਆਂ ਹਨ।
ਕਈ ਵਾਰ ਇਸ ਕਾਰਨ ਸ਼ਰੀਰ ‘ਚ ਯੂਰਿਕ ਐਸਿਡ ਜਮਾਂ ਹੋ ਜਾਂਦਾ ਹੈ। ਇਸ ਨਾਲ ਜੋੜਾਂ ਦੀਆਂ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਦੰਦਾਂ ਨੂੰ ਵੀ ਨੁਕਸਾਨ ਪਹੁੰਚਾਉਦਾ ਹੈ।