ਕਾਲੀ ਚਾਹ ਤੇ ਗਰੀਨ ਟੀ ਸਿਹਤ ਲਈ ਫ਼ਾਇਦੇਮੰਦ ਕਿਵੇਂ?

ਆਖਿਆ ਜਾਵੇ ਤਾਂ ਪਾਣੀ ਤੋਂ ਬਾਅਦ ਚਾਹ ਅਤੇ ਕੌਫ਼ੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪੀਤੇ ਜਾਣ ਵਾਲੇ ਪਦਾਰਥ ਹਨ। ਹਰ ਕੋਈ ਕੌਫ਼ੀ ਦਾ ਸੇਵਨ ਜ਼ਿਆਦਾ ਕਰਦਾ ਹੈ। ਏਸ਼ੀਆਈ ਦੇਸ਼ਾਂ ਵਿੱਚ ਚਾਹ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ। ਭਾਰਤ ਵਿੱਚ ਚਾਹ ਦੀ ਪੈਦਾਵਾਰ ਕਾਫ਼ੀ ਹੁੰਦੀ ਹੈ। ਭਾਰਤ ਦੇ ਲਗਪਗ ਸਾਰੇ ਰਾਜਾਂ ਵਿੱਚ ਚਾਹ ਦਾ ਇਸਤੇਮਾਲ ਹੁੰਦਾ ਹੈ। ਕਿਸੇ ਸਮੇਂ ਭਾਰਤ ਵਿੱਚ ਚਾਹ ਦਾ ਨਾਮ ਨਿਸ਼ਾਨ ਨਹੀਂ ਸੀ ਹੁੰਦਾ। ਜਪਾਨ ਅਤੇ ਚੀਨ ਵਿੱਚ 4, 000 ਸਾਲ ਤੋਂ ਦਵਾਈ ਦੇ ਤੌਰ ‘ਤੇ ਚਾਹ ਦੇ ਇਸਤੇਮਾਲ ਦਾ ਜ਼ਿਕਰ ਵੀ ਮਿਲਦਾ ਹੈ। ਭਾਰਤ ਵਿੱਚ ਚਾਹ ਦਾ ਸੇਵਨ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਇਆ। ਕਿਸੇ ਸਮੇਂ ਦੁੱਧ ਮੱਖਣਾਂ ਨਾਲ ਨਹਾਉਣ ਵਾਲੇ ਪੰਜਾਬੀ ਅੱਜ ਚਾਹ ਦੀ ਪਿਆਲੀ ਵਿੱਚ ਡੁੱਬ ਕੇ ਰਹਿ ਗਏ ਨੇ। ਚਾਹ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਸ਼ਰੀਰ ਲਈ ਫ਼ਾਇਦੇਮੰਦ ਹੁੰਦੀ ਹੈ ਅਤੇ ਗ਼ਲਤ ਤਰੀਕੇ ਨਾਲ ਕੀਤਾ ਜਾਵੇ ਤਾ ਇਹ ਨੁਕਸਾਨ ਕਰਦੀ ਹੈ। ਉਬਲੀ ਪੱਤੀ ਵਿੱਚ ਦੁੱਧ ਪਾ ਦਿੱਤਾ ਜਾਵੇ ਤਾਂ ਇਹ ਇੱਕ ਤਰ੍ਹਾਂ ਦਾ ਤੇਜ਼ਾਬ ਬਣ ਜਾਂਦੀ ਹੈ ਜੋ ਕੇ ਐਸੀਡਿਟੀ ਅਤੇ ਹੋਰ ਬਿਮਾਰੀਆਂ ਜਿਵੇਂ ਕਿ ਜੋੜਾਂ ਦਾ ਦਰਦ, ਕਬਜ਼, ਖ਼ੁਸ਼ਕੀ, ਗੈਸ, ਚਮੜੀ ਦੇ ਰੋਗ ਆਦਿ ਪੈਦਾ ਕਰਦੀ ਹੈ। ਇਹ ਤੇਜ਼ਾਬ ਜਾਲਿਆਂ ਦੇ ਰੂਪ ਵਿੱਚ ਸਾਡੇ ਜੋੜਾਂ ਵਿੱਚ ਜੰਮ ਜਾਂਦਾ ਹੈ ਜੋ ਕਿ ਜੋੜਾਂ ਦੀ ਗਰੀਸ ਖ਼ਤਮ ਕਰ ਕੇ ਹੱਡੀਆਂ ਨੂੰ ਖੋਰਨਾ ਸ਼ੁਰੂ ਦਿੰਦਾ ਹੈ ਜਿਸ ਕਰ ਕੇ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
ਸਾਡੇ ਕਈ ਪੇਂਡੂ ਵੀਰ ਸਵੇਰੇ ਸਵੇਰੇ ਅੱਧਾ ਗਲਾਸ ਤਾਂ ਮਿੱਠਾ ਚੈੱਕ ਕਰਦੇ ਹੀ ਪੀ ਜਾਂਦੇ ਹਨ ਫ਼ਿਰ ਗੜਵੀ ਹੋਰ ਭਰ ਕਿ ਰੱਖੀ ਹੁੰਦੀ ਹੈ। ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਪਹਿਲਾਂ ਹੀ ਮਿਹਦੇ ਵਿੱਚ ਤੇਜ਼ਾਬੀ ਮਾਦਾ ਬਣਿਆ ਹੁੰਦਾ ਹੈ। ਉੱਤੋਂ ਹੋਰ ਚਾਹ ਰੂਪੀ ਤੇਜ਼ਾਬ ਸ਼ਰੀਰ ਅੰਦਰ ਸੁੱਟ ਲੈਂਦੇ ਹਾਂ। ਫ਼ਿਰ ਇਹ ਤੇਜ਼ਾਬ ਸਾਰਾ ਦਿਨ ਢਿੱਡ ਵਿੱਚ ਪਿਆ ਖਾਧੇ ਪੀਤੇ ਨੂੰ ਲਗਣ ਨਹੀਂ ਦਿੰਦਾ। ਸ਼ਾਇਦ ਇਸੇ ਲਈ ਪੰਜਾਬ ਵਿੱਚ 90 ਫ਼ੀਸਦੀ ਲੋਕ ਜੋੜਾਂ ਦੇ ਦਰਦ ਤੋਂ ਪੀੜਤ ਹਨ। ਦੁੱਧ ਵਾਲੀ ਚਾਹ ਪੀਣ ਦੀ ਬਿਮਾਰੀ ਜ਼ਿਆਦਾਤਰ ਉਤਰੀ ਭਾਰਤ ਦੇ ਲੋਕਾਂ ਵਿੱਚ ਹੀ ਹੈ। ਬਾਕੀ ਸੰਸਾਰ ਵਿੱਚ ਲਗਪਗ ਕਾਲੀ ਚਾਹ (ਬਿਨਾਂ ਦੁੱਧ ਤੋਂ) ਹੀ ਪੀਤੀ ਜਾਂਦੀ ਹੈ। ਅਸੀਂ ਚਾਹ ਸਿਹਤ ਲਈ ਘੱਟ ਅਤੇ ਸੁਆਦ ਲਈ ਜ਼ਿਅਦਾ ਪੀਂਦੇ ਹਾਂ, ਪਰ ਸਹੀ ਢੰਗ ਨਾਲ ਤਿਆਰ ਕੀਤੀ ਗਈ ਚਾਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਜਿਵੇਂ।

ਦਿਲ ਦੇ ਰੋਗ: ਲੰਬੇ ਸਮੇਂ ਤਕ ਗਰੀਨ ਟੀ ਦਾ ਇਸਤੇਮਾਲ ਕਰਨ ਨਾਲ ਦਿਲ ਦੇ ਲਹੂ ਉਤਕਾਂ ਦੀ ਕਿਰਿਆਸ਼ੀਲਤਾ ਵਿੱਚ ਵਾਧਾ ਹੁੰਦਾ ਹੈ। ਇਹ ਦਿਲ ਦੀਆਂ ਨਸਾਂ ਨੂੰ ਨਰਮ ਕਰ ਕੇ ਉੱਚ ਖ਼ੂਨ ਦੇ ਦਬਾਅ ਨੂੰ ਘੱਟ ਕਰਦੀ ਹੈ।
ਤਨਾਅ: ਗਰੀਨ ਟੀ ਦਾ ਇੱਕ ਕੱਪ ਸਾਰੇ ਦਿਨ ਦੇ ਤਨਾਅ ਦਾ ਟਾਕਰਾ ਕਰਨ ਵਿੱਚ ਮਦਦ ਕਰਦਾ ਹੈ। ਇਹ ਚਾਹ ਤਨਾਅ ਦੌਰਾਨ ਦਿਮਾਗ਼ ਤੋਂ ਪੈਦਾ ਹੋਣ ਵਾਲੇ ਹਾਰਮੋਨ ਕੋਰਟੀਸੋਲ ਨੂੰ ਕਾਬੂ ਵਿੱਚ ਰੱਖਦੀ ਹੈ ਅਤੇ ਮਿਹਦੇ ਵਿੱਚ ਆ ਕੇ ਵਿਗਾੜ ਨੂੰ ਘੱਟ ਕਰਦੀ ਹੈ।
ਗਰੀਨ ਟੀ ਅਤੇ ਐਂਟੀਔਕਸੀਡੈਂਟ: ਕਾਲੀ ਚਾਹ ਵਿੱਚ ਸਬਜ਼ੀਆਂ ਅਤੇ ਫ਼ਲ਼ਾਂ ਦੇ ਮੁਕਾਬਲੇ ਦਸ ਗੁਣਾਂ ਜ਼ਿਆਦਾ ਐਂਟੀ ਔਕਸੀਡੈਂਟ ਪਾਏ ਜਾਂਦੇ ਹਨ। ਇਸ ਵਿੱਚ ਪੋਲੀਫ਼ਿਨੋਲ ਨਾਂ ਦਾ ਐਂਟੀਔਕਸੀਡੈਂਟ ਪਾਚਣ-ਤੰਤਰ ਦੌਰਾਨ ਬਣਨ ਵਾਲੇ ਫ਼ਰੀ ਰੈਡੀਕਲਜ਼ ਨੂੰ ਖ਼ਤਮ ਕਰਦਾ ਹੈ ਜੋ ਕਿ ਸਾਡੇ ਸ਼ਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਸੈੱਲ ਫ਼ਿਰ ਖ਼ੂਨ ਦੀ ਸਰਕੁਲੇਸ਼ਨ ਵਿੱਚ ਕਮਜ਼ੋਰੀ, ਕੈਂਸਰ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦੇ ਹਨ। ਗਰੀਨ ਟੀ ਵਿੱਚ ਮੌਜੂਦ ਕੇਟਚਿਨ ਨਾਂ ਦਾ ਫ਼ਲੇਵੋਨਾਇਡ ਕੈਂਸਰ ਅਤੇ ਅਲਜ਼ਾਈਮਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
ਪੇਟ ਦੇ ਰੋਗ: ਹੈਜ਼ੇ ਦੇ ਰੋਗ ਵਿੱਚ ਇਹ ਇੱਕ ਉੱਤਮ ਔਸ਼ਧੀ ਦਾ ਕੰਮ ਕਰਦੀ ਹੈ। ਇਸ ਵਿੱਚ ਟੈਨਿਨ ਨਾਮ ਦਾ ਇੱਕ ਤੱਤ ਹੁੰਦਾ ਹੈ ਜੋ ਕਿ ਛੋਟੀ ਆਂਤੜੀ ਦੀ ਕਿਰਿਆਸ਼ੀਲਤਾ ਨੂੰ ਘੱਟ ਕਰਦਾ ਹੈ। ਇਸ ਤਰ੍ਹਾਂ ਹੈਜ਼ੇ ਦੌਰਾਨ ਹੋਣ ਵਾਲੇ ਦਸਤ ਅਤੇ ਦਰਦ ਘੱਟ ਹੋ ਜਾਂਦੇ ਹਨ।
ਗਰਭ ਅਵੱਸਥਾ: ਚਾਹ ਵਿੱਚ ਮੌਜੂਦ ਕੈਫ਼ੀਨ ਗਰਭ ਵਿੱਚ ਪਲ ਰਹੇ ਬੱਚੇ ਲਈ ਨੁਕਸਾਨ ਦੇਹ ਹੋ ਸਕਦੀ ਹੈ ਕਿਉਂਕਿ ਬੱਚੇ ਦੀ ਅਣਵਿਕਸਿਤ ਪਾਚਣ ਸ਼ਕਤੀ ਇਸ ਨੂੰ ਪਚਾਉਣ ਦੇ ਯੋਗ ਨਹੀਂ ਹੁੰਦੀ। ਫ਼ਿਰ ਵੀ ਆਪਣੇ ਬੱਚਾ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਵਾਲਾਂ ਦੀ ਦੇਖਭਾਲ: ਗਰੀਨ ਟੀ ਦੇ ਪਾਣੀ ਵਿੱਚ ਵਾਲਾਂ ਨੂੰ ਡੁਬੋਣ ਨਾਲ ਵਾਲ ਸੰਘਣੇ ਅਤੇ ਚਮਕੀਲੇ ਹੋ ਜਾਂਦੇ ਹਨ। ਇਹ ਵਾਲਾਂ ਦਾ ਝੜਨਾ ਘੱਟ ਕਰ ਕੇ ਉਨ੍ਹਾਂ ਦੇ ਵਾਧੇ ਨੂੰ ਤੇਜ਼ ਕਰਦੀ ਹੈ। ਵਾਲਾਂ ਨੂੰ ਹੋਰ ਚਮਕੀਲਾ ਕਰਨ ਲਈ ਕਈ ਲੋਕ ਇਸ ਵਿੱਚ ਸ਼ੈਂਪੂ ਵੀ ਪਾ ਲੈਂਦੇ ਹਨ।
ਚਮੜੀ ਦੀ ਦੇਖਭਾਲ: ਗਰੀਨ ਟੀ ਦੇ ਕੋਸੇ ਘੋਲ ਨਾਲ ਚਿਹਰੇ ਨੂੰ ਧੋਇਆ ਵੀ ਜਾਂਦਾ ਹੈ। ਕਈ ਬਿਊਟੀ ਪਾਰਲਰਾਂ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਚਿਹਰੇ ਦੇ ਫ਼ੌੜੇ ਫ਼ਿੰਸੀਆਂ ਅਤੇ ਮੁਹਾਂਸਿਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀ ਹੈ। ਅੱਜਕੱਲ੍ਹ ਕਈ ਕੰਪਨੀਆਂ ਜੜ੍ਹੀ ਬੂਟੀਆਂ ਯੁਕਤ ਗਰੀਨ ਟੀ ਤਿਆਰ ਕਰ ਰਹੀਆਂ ਹਨ ਅਜਿਹੀ ਚਾਹ ਹੋਰ ਵੀ ਕਾਰਗਰ ਹੋ ਸਕਦੀ ਹੈ ਕਿ ਸਹੀ ਮਿਲਾਪ ਵਾਲੀਆਂ ਜੜ੍ਹੀ ਬੂਟੀ ਦਾ ਮਿਲਾਣ ਕੀਤਾ ਜਾਵੇ ਪਰ ਅਜਿਹੀ ਚਾਹ ਦਾ ਇਸਤੇਮਾਲ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।

ਭਾਰ ਘਟਾਉਣਾ: ਨਵੀਆਂ ਹੋਈਆਂ ਖੋਜਾਂ ਅਨੁਸਾਰ ਗਰੀਨ ਟੀ ਭਾਰ ਘੱਟ ਕਰਨ ਵਿੱਚ ਕਈ ਤਰ੍ਹਾਂ ਨਾਲ ਸਹਾਈ ਹੋ ਰਹੀ ਹੈ। ਮਿਹਦੇ ਵਿੱਚ ਹੋਣ ਵਾਲੀ ਪਾਚਣ ਕਿਰਿਆ ਨਾਲ ਭੋਜਨ ਦਾ ਜੋ ਰੂਪ ਬਣਦਾ ਹੈ ਉਸ ਨੂੰ ਟ੍ਰਾਈਗਲਿਸਰਾਈਡ ਕਹਿੰਦੇ ਹਨ ਜੋ ਕਿ ਚਰਬੀ ਵਿੱਚ ਤਬਦੀਲ ਹੋ ਜਾਂਦਾ ਹੈ। ਚਰਬੀ ਨੂੰ ਖ਼ਤਮ ਕਰਨ ਲਈ ਇੱਕ ਖ਼ਾਸ ਤਰ੍ਹਾਂ ਦੇ ਐਨਜ਼ਾਈਮ ਦੀ ਜ਼ਰੂਰਤ ਹੁੰਦੀ ਹੈ। ਗਰੀਨ ਟੀ ਇਸ ਐਨਜ਼ਾਈਮ ਦੀ ਉਤਪੱਤੀ ਵਿੱਚ ਵਾਧਾ ਕਰਦੀ ਹੈ। ਇਹ ਹਜ਼ਮ ਕਰਨ ਦੀ ਕਿਰਿਆ ਨੂੰ ਤੇਜ਼ ਕਰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਮੌਜੂਦ ਕੈਫ਼ੀਨ, ਥਰਮੋਜੈਨੇਸਿਸ, ਜੋ ਕਿ ਚਰਬੀ ਨੂੰ ਪਿਘਲਾ ਕਿ ਸ਼ਰੀਰ ਵਿੱਚ ਵਰਤਣ ਦੀ ਕਿਰਿਆ ਹੈ, ਵਿੱਚ ਵਾਧਾ ਕਰਦੀ ਹੈ। ਭਾਰ ਘੱਟ ਕਰਨ ਲਈ ਸਾਨੂੰ 3 ਤੋਂ 5 ਕੱਪ ਤਕ ਦਿਨ ਵਿੱਚ ਲੈਣੇ ਚਾਹੀਦੇ ਹਨ ਜੋ ਕਿ 70 ਦੇ ਲਗਭਗ ਕੈਲੋਰੀਜ਼ ਨੂੰ ਖਤਮ ਲਈ ਕਾਫ਼ੀ ਹੈ। ਇਸ ਤਰ੍ਹਾਂ ਸਿਰਫ਼ ਆਪਣਾ ਪੀਣ ਵਾਲਾ ਪਦਾਰਥ ਅਤੇ ਪੀਣ ਦਾ ਢੰਗ ਬਦਲ ਕੇ ਹੀ ਇੱਕ ਸਾਲ ਵਿੱਚ 25, 000 ਕੈਲੋਰੀਜ਼ ਖ਼ਤਮ ਕੀਤੀਆਂ ਜਾ ਸਕਦੀਆਂ ਹਨ। 3, 500 ਕੈਲੋਰੀਜ਼ ਇੱਕ ਪੌਂਡ ਭਾਵ 400 ਗ੍ਰਾਮ ਦੇ ਬਰਾਬਰ ਹੁੰਦੀਆਂ ਹਨ। ਇਸ ਤੋਂ ਜ਼ਿਆਦਾ ਚਾਹ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਕੈਫ਼ੀਨ ਦੀ ਅਧਿਕ ਮਾਤਰਾ ਹੈਜ਼ਾ, ਸਿਰਦਰਦ, ਮਾਈਗ੍ਰੇਨ, ਨੀਂਦ ਨਾ ਆਉਣਾ ਅਤੇ ਨਰਵਸ ਤੰਤਰ ਦੇ ਵਿਕਾਰ ਪੈਦਾ ਕਰ ਸਕਦੀ ਹੈ।
ਇੱਕ ਆਮ ਆਦਮੀ ਨੂੰ ਲਗਪਗ 200 ਮਿਲੀਗ੍ਰਾਮ ਕੈਫ਼ੀਨ ਪ੍ਰਤੀ ਦਿਨ ਲੋੜੀਂਦੀ ਹੈ। ਕੈਫ਼ੀਨ ਇੱਕ ਤਰ੍ਹਾਂ ਦਾ ਨਸ਼ਾ ਹੈ ਇਸੇ ਲਈ ਚਾਹ ਪੀ ਕਿ ਇੱਕ ਵਾਰ ਆਦਮੀ ਕੰਡੇ ਪਰ ਹੋ ਜਾਂਦਾ ਹੈ, ਪਰ ਇਹ ਥੋੜ੍ਹੇ ਸਮੇਂ ਲਈ ਹੀ ਹੁੰਦਾ ਹੈ।