ਭਾਰਤੀ ਸੈਨਾ ਮੁਖੀ ਦਲਬੀਰ ਸੁਹਾਗ ਨੇ ਕਿਹਾ, ਪਠਾਨਕੋਟ ਅਪਰੇਸ਼ਨ ਸੌਖਾ ਨਹੀਂ ਸੀ
ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪ੍ਰਧਾਨਗੀ ਵਿਚ ਹੋਈ ਬੈਠਕ ‘ਚ ਪਾਕਿਸਤਾਨ ਨੇ ਫੈਸਲਾ ਲਿਆ ਹੈ ਕਿ ਪਠਾਨਕੋਟ ਏਅਰ ਬੇਸ ਅੱਤਵਾਦੀ ਹਮਲੇ ਦੀ ਜਾਂਚ ਲਈ ਇਕ ਟੀਮ ਭਾਰਤ ਆਵੇਗੀ।
ਜਾਣਕਾਰੀ ਮੁਤਾਬਕ ਇਸ ਬੈਠਕ ਵਿਚ ਪਾਕਿਸਤਾਨ ਸੈਨਾ ਮੁਖੀ ਰਹੀਲ ਸ਼ਰੀਫ ਵੀ ਮੌਜੂਦ ਸਨ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਚਾਰ ਸ਼ਹਿਰਾਂ ਵਿਚ ਮੌਜੂਦ ਕਈ ਦਫਤਰਾਂ ਵਿਚ ਛਾਪੇਮਾਰੀ ਕੀਤੀ ਹੈ। ਇਨ੍ਹਾਂ ਦਫਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਓਥੇ ਹੀ ਇਸ ਅੱਤਵਾਦੀ ਜਥੇਬੰਦੀ ਨਾਲ ਸਬੰਧਤ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਓਧਰ ਅੱਤਵਾਦੀ ਹਮਲੇ ਸਬੰਧੀ ਭਾਰਤੀ ਸੈਨਾ ਮੁਖੀ ਦਲਬੀਰ ਸਿੰਘ ਨੇ ਕਿਹਾ ਹੈ ਕਿ ਪਠਾਨਕੋਟ ਹਮਲੇ ਨਾਲ ਨਜਿੱਠਣ ਵਿਚ ਸੁਰੱਖਿਆ ਬਲਾਂ ਵਿਚ ਕਿਸੇ ਪ੍ਰਕਾਰ ਨਾਲ ਤਾਲਮੇਲ ਦੀ ਕਮੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਵਿਚ ਆਪਰੇਸ਼ਨ ਦੀ ਕਮਾਨ ਫੌਜ ਦੇ ਹੱਥ ਵਿਚ ਸੀ। ਇਸ ਪੂਰੇ ਆਪਰੇਸ਼ਨ ਨੂੰ ਪੱਛਮੀ ਕਮਾਨ ਨੇ ਸੰਭਾਲਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਸੌਖਾ ਆਪਰੇਸ਼ਨ ਨਹੀਂ ਸੀ। ਸੈਨਾ ਨੇ ਇਸ ਗੱਲ ਦਾ ਧਿਆਨ ਰੱਖਿਆ ਸੀ ਕਿ ਜਾਨ-ਮਾਲ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ।















