ਰਾਮ ਮੰਦਰ ਚੜ੍ਹਾਵਾ ਮਾਮਲੇ ’ਚ ਸਾਰੇ ਜ਼ਿੰਮੇਵਾਰ ਲੋਕਾਂ ਦੀ ਭੂਮਿਕਾ ਦੀ ਜਾਂਚ ਹੋਵੇ : ਜੈਰਾਮ ਰਮੇਸ਼

ਨਵੀਂ ਦਿੱਲੀ  : ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅਯੁੱਧਿਆ ਦੇ ਰਾਮ ਮੰਦਰ ’ਚ ਚੜ੍ਹਾਵੇ ਦੀ ਕਥਿਤ ਚੋਰੀ ਦੇ ਮਾਮਲੇ ’ਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਅਤੇ ਮੰਦਰ ਦੇ ਸਾਰੇ ਵਿੱਤੀ ਰਿਕਾਰਡ ਜਨਤਕ ਕਰਨ ਦੀ ਮੰਗ ਬੁੱਧਵਾਰ ਨੂੰ ਦੁਹਰਾਈ ਅਤੇ ਕਿਹਾ ਕਿ ਮਾਮਲੇ ਵਿਚ ਜਵਾਬਦੇਹੀ ਅਤੇ ਸਾਰੇ ਜ਼ਿੰਮੇਵਾਰ ਲੋਕਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਕਰ ਕੇ ਕਿਹਾ ਕਿ ਮੰਦਰ ਟਰੱਸਟ ਤੋਂ ਲੈ ਕੇ ਉਸਾਰੀ, ਚੰਦਾ ਉਗਰਾਹੀ, ਚੜ੍ਹਾਵੇ ਦੀ ਗਿਣਤੀ ਅਤੇ ਬੈਂਕ ਵਿਚ ਜਮ੍ਹਾ ਕਰਵਾਉਣ ਤੱਕ ਹਰ ਪੱਧਰ ’ਤੇ ਭਾਜਪਾ, ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐੱਚ. ਪੀ.) ਨਾਲ ਜੁੜੇ ਲੋਕ ਮੌਜੂਦ ਸਨ। ਅਜਿਹੇ ਵਿਚ ਇਨ੍ਹਾਂ ਸੰਗਠਨਾਂ ਨਾਲ ਜੁੜੇ ਜ਼ਿੰਮੇਵਾਰ ਲੋਕਾਂ ਨੂੰ ਵੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਰਮੇਸ਼ ਨੇ ਦੋਸ਼ ਲਾਇਆ ਕਿ ਆਰ. ਐੱਸ. ਐੱਸ. ਨਾਲ ਜੁੜੇ ਸਾਬਕਾ ਅਕਾਊਂਟਸ ਇੰਚਾਰਜ ਮਹੀਪਾਲ ਸਿੰਘ ਨੇ 2021 ਵਿਚ ਹੀ ਚੜ੍ਹਾਵੇ ਵਿਚ ਗੜਬੜੀ ਅਤੇ ਹੇਰਾਫੇਰੀ ਦੀ ਸ਼ਿਕਾਇਤ ਟਰੱਸਟ ਦੇ ਅਹੁਦੇਦਾਰਾਂ ਚੰਪਤ ਰਾਏ ਅਤੇ ਗੋਪਾਲ ਰਾਓ ਨੂੰ ਕੀਤੀ ਸੀ ਪਰ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਟਰੱਸਟ ਦੇ ਅਹੁਦੇਦਾਰਾਂ ਨੂੰ ਕਥਿਤ ਗੜਬੜੀਆਂ ਦੀ ਜਾਣਕਾਰੀ ਪਹਿਲਾਂ ਤੋਂ ਸੀ, ਤਾਂ ਚਾਰਜਸ਼ੀਟ ਵਿਚ ਚੰਪਤ ਰਾਏ, ਅਨਿਲ ਮਿਸ਼ਰਾ ਅਤੇ ਗੋਪਾਲ ਰਾਓ ਨੂੰ ਦੋਸ਼ੀ ਬਣਾਉਣ ਦੀ ਬਜਾਏ ਗਵਾਹ ਕਿਉਂ ਬਣਾਇਆ ਗਿਆ? ਉਨ੍ਹਾਂ ਨੇ ਉਸਾਰੀ ਦੇ ਕਾਰਜ ਨਾਲ ਜੁੜੇ ਇੰਜੀਨੀਅਰ ਦੀਨਾਨਾਥ ਵਰਮਾ ਦੇ 40 ਫੀਸਦੀ ਕਮੀਸ਼ਨ ਮੰਗਣ ਦੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਅਤੇ ਸਵਾਲ ਕੀਤਾ ਕਿ ਕੀ ਚੰਪਤ ਰਾਏ ਤੋਂ ਇਸ ਸਬੰਧ ਵਿਚ ਪੁੱਛਗਿੱਛ ਹੋਈ?