ਖਹਿਰਾ ਨੇ ਕੀਤੀ ਕੇਜਰੀਵਾਲ ਨਾਲ ਮੁਲਾਕਾਤ

3ਚੰਡੀਗੜ੍ਹ  : ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਖਹਿਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਹੈ ਕਿ ਮੈਨੂੂੰ ਬਹੁਤ ਫਖ਼ਰ ਹੈ ਕਿ ਅੱਜ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਵਿਖੇ ਉਨ੍ਹਾਂ ਦੇ ਗ੍ਰਹਿ ‘ਤੇ ਮਿਲਿਆ ਅਤੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦੇਸ਼ ਦੀ ਸਿਆਸਤ ਨੂੰ ਬਦਨਿਜ਼ਾਮੀ, ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾ ਕੇ ਭਾਰਤ ਵਿੱਚ ਸਾਫ ਸੁਥਰਾ ਅਤੇ ਜਵਾਬਦੇਹ ਲੋਕਤੰਤਰ ਬਹਾਲ ਕਰਨ ਦਾ ਬੀੜਾ ਉਠਾਇਆ ਹੋਇਆ ਹੈ। ਮੈਂ ਪ੍ਰਣ ਕਰਦਾ ਹਾਂ ਕਿ ਪਾਰਟੀ ਵੱਲੋਂ ਮੇਰੇ ਉੱਪਰ ਕੀਤੇ ਗਏ ਭਰੋਸੇ ਨੂੰ ਹਰ ਹੀਲੇ ਕਾਇਮ ਰੱਖਾਂਗਾ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਸਭ ਮਿਲ ਕੇ ਪੰਜਾਬ ਵਿੱਚ ਇੱਕ ਸਾਫ-ਸੁਥਰੀ ਅਤੇ ਪਾਰਦਰਸ਼ੀ ਸਰਕਾਰ ਬਣਾਵਾਂਗੇ। ਜ਼ਿਕਰਯੋਗ ਹੈ ਕਿ ਖਹਿਰਾ ਦੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਵੀ ਉਨ੍ਹਾਂ ਦੀ ਕੇਜਰੀਵਾਲ ਨਾਲ ਮੁਲਾਕਾਤ ਹੋਈ ਸੀ ਪਰ ਉਨ੍ਹਾਂ ਨੇ ਇਸ ਮੁਲਾਕਾਤ ਨੂੰ ਜਨਤਕ ਨਹੀਂ ਕੀਤਾ ਸੀ।