ਇਸਲਾਮਾਬਾਦ : ਅੱਜ ਨਾਰਥ ਵੈਸਟ ਪਾਕਿਸਤਾਨ ਵਿੱਚ ਇੱਕ ਆਤਮਘਾਤੀ ਹਮਲਾ ਹੋਇਆ ਹੈ। ਹਮਲੇ ਵਿੱਚ ਕਰੀਬ 18 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਤੋਂ ਇਲਾਵਾ 40 ਵਿਅਕਤੀ ਜ਼ਖਮੀ ਵੀ ਹੋਏ ਹਨ। ਜਾਣਕਾਰੀ ਅਨੁਸਾਰ ਧਮਾਕਾ ਮਰਦਾਨ ਸ਼ਹਿਰ ਵਿੱਚ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਵਿਅਕਤੀ ਨੇ ਵਿਸਫੋਟਕ ਸਮਗਰੀ ਨਾਲ ਨੈਸ਼ਨਲ ਡਾਟਾ ਬੇਸ ਅਥਾਰਿਟੀ ਦੇ ਦਫ਼ਤਰ ਨੇੜੇ ਆਪਣੇ ਆਪ ਨੂੰ ਉਡਾ ਲਿਆ।
ਪੁਲਿਸ ਅਨੁਸਾਰ ਦਹਿਸ਼ਤਗਰਦ ਮੋਟਰ ਸਾਈਕਲ ਉੱਤੇ ਸਵਾਰ ਸੀ। ਦਹਿਸ਼ਤਗਰਦ ਨੇ ਮੋਟਰ ਸਾਈਕਲ ਨੂੰ ਸਰਕਾਰੀ ਇਮਾਰਤ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਸੁਰੱਖਿਆ ਬਲਾਂ ਨੇ ਉਸ ਨੂੰ ਰੋਕ ਲਿਆ। ਇਸ ਤੋਂ ਤੁਰੰਤ ਬਾਅਦ ਦਹਿਸ਼ਤਗਰਦ ਨੇ ਆਪਣੇ ਆਪ ਨੂੰ ਉਡਾ ਲਿਆ। ਧਮਾਕੇ ਤੋਂ ਬਾਅਦ ਇਲਾਕੇ ਵਿੱਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ।















