ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ‘ਚ ਸ਼ਨੀਵਾਰ ਨੂੰ ਤਿੰਨ ਦਿਨਾ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਵੀ ਸ਼ਰਧਾਲੂਆਂ ਨੂੰ ਰੋਕ ਨਾ ਸਕੀ ਅਤੇ ਪੰਜਾਬ ਭਰ ‘ਚੋਂ ਇਕ ਲੱਖ ਤੋਂ ਜ਼ਿਆਦਾ ਸੰਗਤ ਇੱਥੇ ਰਾਤ ਨੂੰ ਜੁੱਟ ਚੁੱਕੀ ਸੀ। ਸਵੇਰੇ 5 ਵਜੇ ਦਾ 3 ਡਿਗਰੀ ਸੈਲਸੀਅਸ ਤੱਕ ਡਿਗ ਚੁੱਕਿਆ ਸੀ ਪਰ ਫਿਰ ਵੀ ਲੋਕਾਂ ਦੀ ਸ਼ਰਧਾ ਨੂੰ ਇਹ ਰੋਕ ਨਹੀਂ ਸਕਿਆ।
ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦਿਆਂ ਜੋਰਾਵਰ ਸਿੰਘ, ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ‘ਚ ਮਨਾਏ ਜਾਣ ਵਾਲੇ ਸ਼ਹੀਦੀ ਜੋੜ ਮੇਲੇ ਦੇ ਪਹਿਲੇ ਦਿਨ 5 ਲੱਖ ਲੋਕ ਫਤਿਹਗੜ੍ਹ ਸਾਹਿਬ ਪੁੱਜੇ। ਸੰਗਤ ਨੇ ਕੜਾਕੇ ਦੀ ਠੰਡ ‘ਚ ਹੀ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ, ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਅਤੇ ਠੰਡੇ ਬੁਰਜ ‘ਚ ਮੱਥਾ ਟੇਕਿਆ।
ਇੱਥੇ ਸੰਗਤ ਨੂੰ ਡੇਢ ਕਿਲੋਮੀਟਰ ਪਿੱਛਿਓਂ ਪੈਦਲ ਪਹੁੰਚਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ 300 ਸਾਲ ਪਹਿਲਾਂ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਦੋਹਾਂ ਸਾਹਿਬਜ਼ਾਦਿਆਂ ਦਾ ਧਰਮ ਬਦਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੋਵੇਂ ਇਸ ਦੇ ਲਈ ਤਿਆਰ ਨਹੀਂ ਹੋਏ। ਇਸ ਲਈ ਵਜ਼ੀਰ ਖਾਨ ਨੇ ਦੋਹਾਂ ਨੂੰ ਜ਼ਿੰਦਾ ਹੀ ਕੰਧਾਂ ‘ਚ ਚਿਣਵਾ ਦਿੱਤਾ ਸੀ। ਇਹ ਮੇਲਾ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ ‘ਚ ਉਨ੍ਹਾਂ ਦੀ ਯਾਦ ‘ਚ ਹੀ ਲਗਾਇਆ ਜਾਂਦਾ ਹੈ।















