ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੇ ਮਹੀਨੇ ਮੁਕਤਸਰ ਵਿਚ ਇਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਨ ਦੇ ਨਾਲ ਹੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਅਗਲੇ ਸਾਲ ਪੰਜਾਬ ‘ਚ ਚੰਗਾ ਸਮਾਂ ਬਤੀਤ ਕਰ ਸਕਦੇ ਹਨ। ‘ਆਪ’ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਰੁੱਧ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ 14 ਜਨਵਰੀ ਨੂੰ ਪੰਜਾਬ ਦੇ ਮੁਕਤਸਰ ਵਿਚ ਇਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਾਂਗਾ।
ਪਾਰਟੀ ਨੇ ਪੰਜਾਬ ਵਿਚ ਮੁੱਖ ਮੰਤਰੀ ਅਹੁਦੇ ਲਈ ਕਿਸੇ ਨਾਂ ‘ਤੇ ਫੈਸਲਾ ਨਹੀਂ ਕੀਤਾ ਹੈ, ਹਾਲਾਂਕਿ ਉਹ ਇਸ ਸੂਬੇ ਵਿਚ ਕੇਜਰੀਵਾਲ ਦੇ ਅਕਸ ਦੇ ਸਹਾਰੇ ਸੱਤਾ ਵਿਚ ਆਉਣ ਦੀ ਸੋਚ ਰਹੀ ਹੈ। ਬੀਤੇ ਅਕਤੂਬਰ ਮਹੀਨੇ ਵਿਚ ਕੇਜਰੀਵਾਲ ਪੰਜਾਬ ਵਿਚ ਉਸ ਸਮੇਂ ਪਹੁੰਚੇ ਸਨ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੇ ਜਾਣ ਨੂੰ ਲੈ ਕੇ ਪ੍ਰਦਰਸ਼ਨ ਹੋਏ ਸਨ।
‘ਆਪ’ ਪਾਰਟੀ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਨਸ਼ੇ ਦੀ ਸਮੱਸਿਆ ਵਿਰੁੱਧ ਆਵਾਜ਼ ਉਠਾ ਰਹੀ ਹੈ ਅਤੇ ਉਹ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਕੀਟਨਾਸ਼ਕਾਂ ਦੀ ਖਰੀਦ ਵਿਚ ਬੇਨਿਯਮੀਆਂ ਦੇ ਮੁੱਦੇ ਨੂੰ ਉਠਾ ਰਹੀ ਹੈ। ਲੋਕ ਸਭਾ ਚੋਣਾਂ ਵਿਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣ ਤੋਂ ਬਾਅਦ ‘ਆਪ’ ਨੇ ਹਾਲ ਦੇ ਦਿਨਾਂ ਵਿਚ ਆਪਣੀ ਪੰਜਾਬ ਇਕਾਈ ਵਿਚ ਕਈ ਬਦਲਾਅ ਕੀਤੇ, ਜਿਸ ਨੂੰ ਲੈ ਕੇ ਪਾਰਟੀ ਅੰਦਰ ਹੀ ਮਤਭੇਦ ਸਾਹਮਣੇ ਆਏ। ਦੱਸਣ ਯੋਗ ਹੈ ਕਿ ਪਾਰਟੀ ਨੇ ਸਾਲ 2014 ਦੀਆਂ ਆਮ ਚੋਣਾਂ ਵਿਚ ਪੰਜਾਬ ‘ਚ 4 ਸੀਟਾਂ ‘ਤੇ ਜਿੱਤ ਦਰਜ ਕੀਤੀ। ਇਨ੍ਹਾਂ ਵਿਚੋਂ ਦੋ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਮੁਅੱਤਲ ਕੀਤਾ ਗਿਆ ਹੈ। ਵਿਦੇਸ਼ ਵਿਚ ਰਹਿਣ ਵਾਲੇ ਪੰਜਾਬੀਆਂ ਦਾ ਸਮਰਥਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਅਧੀਨ ‘ਆਪ’ ਨੇਤਾ ਸੰਜੇ ਸਿੰਘ ਅਤੇ ਆਸ਼ੂਤੋਸ਼ ਨੇ ਕੈਨੇਡਾ ਦਾ ਦੌਰਾ ਵੀ ਕੀਤਾ ਸੀ।













