ਰਣਬੀਰ ਹੁਣ ਰੋਮ-ਕੌਮ ਫ਼ਿਲਮਾਂ ਤੋਂ ਦੂਰ ਰਹਿਣਗੇ ਰਣਬੀਰ ਕਪੂਰ ਸੰਜੇ ਦੱਤ ਦੀ ਬਾਇਓਪਿਕ ਪੂਰੀ ਕਰ ਚੁੱਕੇ ਹਨ। ਜਲਦੀ ਹੀ ਉਹ ਕਰਣ ਜੌਹਰ ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣਨ ਵਾਲੀ ਫ਼ਿਲਮ ‘ਬ੍ਰਹਮਾਸਤਰ’ ਸ਼ੁਰੂ ਕਰਨ ਵਾਲੇ ਹਨ। ਅਯਾਨ ਮੁਖਰਜੀ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇਸ ਫ਼ਿਲਮ ਵਿੱਚ ਆਲੀਆ ਭੱਟ ਅਤੇ ਅਮਿਤਾਭ ਬੱਚਨ ਦਿਖਾਈ ਦੇਣਗੇ। ਰਣਬੀਰ ਕਪੂਰ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਉਹ ਰੋਮੈਂਟਿਕ ਅਤੇ ਕੌਮੇਡੀ ਫ਼ਿਲਮਾਂ ਤੋਂ ਦੂਰ ਰਹਿਣਗੇ। ਦਰਅਸਲ ਉਹ ‘ਜੱਗਾ ਜਾਸੂਸ’ ਦੀ ਅਸਫ਼ਲਤਾ ਤੋਂ ਕਾਫ਼ੀ ਦੁਖੀ ਹੋਏ ਹਨ। ਇਸ ਲਈ ਹੁਣ ਉਹ ਆਪਣੇ ਕਿਰਦਾਰਾਂ ਨਾਲ ਕੁਝ ਐਕਸਪੈਰੀਮੈਂਟਸ ਕਰਨਾ ਚਾਹੁੰਦੇ ਹਨ। ਉਹ ਅਲੱਗ ਅਲੱਗ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੇ ਹਨ।ਸੂਤਰਾਂ ਮੁਤਾਬਕ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿੱਚ ‘ਦਤ’ ਬਾਇਓਪਿਕ ਬਹੁਤ ਚੰਗੀ ਬਣੀ ਹੈ। ਇਸ ਦੇ ਬਾਅਦ ਤੋਂ ਰਣਬੀਰ ਨੇ ਅਲੱਗ ਤਰ੍ਹਾਂ ਦਾ ਕੰਮ ਕਰਨ ਦੀ ਠਾਣੀ ਹੈ। ਇਸ ਫ਼ਿਲਮ ਵਿੱਚ ਸੰਜੇ ਦੱਤ ਵਰਗਾ ਦਿਸਣ ਲਈ ਰਣਬੀਰ ਨੇ ਸਖਤ ਮਿਹਨਤ ਕੀਤੀ ਸੀ। ਇਨ੍ਹਾਂ ਸੂਤਰਾਂ ਅਨੁਸਾਰ ਹਾਲ ਹੀ ਵਿੱਚ ਰਣਬੀਰ ਕਪੂਰ ਨੂੰ ਦੋ ਰੋਮੈਂਟਿਕ ਫ਼ਿਲਮਾਂ ਆਫ਼ਰ ਹੋਈਆਂ ਸਨ, ਪਰ ਉਨ੍ਹਾਂ ਨੇ ਕਰਨ ਤੋਂ ਮਨ੍ਹਾ ਕਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਕੋਈ ਬਹੁਤ ਵਧੀਆ ਸਕ੍ਰਿਪਟ ਮਿਲਦੀ ਹੈ ਤਾਂ ਉਹ ਰੋਮ-ਕੌਮ ਫ਼ਿਲਮਾਂ ਬਾਰੇ ਸੋਚ ਸਕਦੇ ਹਨ, ਪਰ ਫ਼ਿਲਹਾਲ ਉਨ੍ਹਾਂ ਦਾ ਫ਼ੋਕਸ ਕਲੀਅਰ ਹੈ।











