ਮੋਹਾਲੀ : ਔਰਤ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਜਬਰ-ਜ਼ਿਨਾਹ, ਅਸ਼ਲੀਲ ਤਸਵੀਰਾਂ ਖਿੱਚਣ ਅਤੇ ਬਾਅਦ ’ਚ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਮਾਮਲੇ ’ਚ ਅਦਾਲਤ ਨੇ ਦੋਸ਼ੀ ਨੂੰ 10 ਸਾਲ ਦੀ ਕੈਦ ਤੇ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ ਰੋਹਤਾਸ਼ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਵਧੀਕ ਜ਼ਿਲ੍ਹਾ ਤੇ ਸਪੈਸ਼ਲ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਸਰਕਾਰੀ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਅਦਾਲਤ ਨੇ ਮੁਲਜ਼ਮ ਨੂੰ ਧਾਰਾ 376 ਤਹਿਤ 10 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ, ਧਾਰਾ 328 ਤਹਿਤ 5 ਸਾਲ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ ਤੇ ਆਈ.ਟੀ. ਐਕਟ ਦੀ ਧਾਰਾ 67ਏ ਤਹਿਤ 3 ਸਾਲ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਸਰਕਾਰੀ ਧਿਰ ਵੱਲੋਂ ਕੇਸ ਦੀ ਪੈਰਵੀ ਡਿਪਟੀ ਜ਼ਿਲ੍ਹਾ ਅਟਾਰਨੀ ਹਰਦੀਪ ਸਿੰਘ ਰੁਮਾਣਾ ਨੇ ਕੀਤੀ।
ਗੁਆਂਢੀ ਸਮਝ ਕੇ ਦਿੱਤਾ ਸੀ ਕਿਰਾਏ ’ਤੇ ਕਮਰਾ
ਜਾਣਕਾਰੀ ਅਨੁਸਾਰ ਪੀੜਤਾ ਨੇ ਬਲੌਂਗੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਰੋਹਤਾਸ਼ ਕੁਮਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਉਹ ਪਹਿਲਾਂ ਤੋਂ ਉਸ ਨੂੰ ਜਾਣਦਾ ਸੀ। ਜਦੋਂ ਉਹ ਮੋਹਾਲੀ ’ਚ ਨੌਕਰੀ ਕਰਨ ਲਈ ਆਇਆ ਤਾਂ ਜਾਣ-ਪਛਾਣ ਹੋਣ ਕਾਰਨ ਪੀੜਤਾ ਨੇ ਉਸ ਨੂੰ ਆਪਣੇ ਗੁਆਂਢ ’ਚ ਹੀ ਕਿਰਾਏ ’ਤੇ ਕਮਰਾ ਦਿਵਾ ਦਿੱਤਾ। ਨੌਕਰੀ ਨਾ ਮਿਲਣ ਤੱਕ ਉਹ ਉਸ ਨੂੰ ਗੁਆਂਢੀ ਸਮਝ ਕੇ ਖਾਣਾ ਵੀ ਬਣਾ ਕੇ ਦਿੰਦੀ ਰਹੀ। ਪੀੜਤਾ ਮੁਤਾਬਕ ਇਕ ਦਿਨ ਜਦੋਂ ਉਹ ਰੋਹਤਾਸ਼ ਨੂੰ ਖਾਣਾ ਦੇਣ ਲਈ ਉਸ ਦੇ ਕਮਰੇ ’ਚ ਗਈ ਤਾਂ ਉਸ ਨੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਦਿੱਤਾ। ਇਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਦੋਸ਼ੀ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਬਾਅਦ ’ਚ ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਪੈਸੇ ਨਾ ਦੇਣ ’ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਦਿੱਤੀ।
ਮੋਬਾਈਲ, ਸੋਨੇ ਦੇ ਗਹਿਣੇ ਤੇ ਨਕਦੀ ਵੀ ਲਈ
ਪੀੜਤਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਬਦਨਾਮੀ ਦੇ ਡਰ ਕਾਰਨ ਉਸ ਨੇ ਦੋਸ਼ੀ ਨੂੰ 17 ਹਜ਼ਾਰ ਰੁਪਏ ਦਾ ਮੋਬਾਇਲ ਫੋਨ, ਸੋਨੇ ਦੀ ਮੁੰਦਰੀ, ਗਲੇ ਦਾ ਲਾਕਟ ਤੇ ਕਾਫ਼ੀ ਨਕਦੀ ਦਿੱਤੀ। ਇਸ ਦੇ ਬਾਵਜੂਦ ਦੋਸ਼ੀ ਦੀਆਂ ਹਰਕਤਾਂ ਬੰਦ ਨਹੀਂ ਹੋਈਆਂ। ਆਖ਼ਰਕਾਰ ਉਸ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸ ਦਿੱਤੀ। ਪਤੀ ਵੱਲੋਂ ਰੋਹਤਾਸ਼ ਨੂੰ ਸਮਝਾਉਣ ਦੇ ਬਾਵਜੂਦ ਉਹ ਔਰਤ ਨੂੰ ਬਲੈਕਮੇਲ ਕਰਦਾ ਰਿਹਾ। ਪੀੜਤਾ ਅਨੁਸਾਰ ਦੋਸ਼ੀ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ, ਵਟਸਐਪ ਤੇ ਫੇਸਬੁੱਕ ’ਤੇ ਪਾਉਣ ਤੋਂ ਇਲਾਵਾ ਉਸ ਦੇ ਮਕਾਨ ਮਾਲਕ ਤੇ ਰਿਸ਼ਤੇਦਾਰਾਂ ਨੂੰ ਵੀ ਭੇਜ ਦਿੱਤੀਆਂ। ਇਸ ਬਾਰੇ ਉਸ ਨੂੰ ਆਪਣੇ ਰਿਸ਼ਤੇਦਾਰਾਂ ਤੇ ਮਕਾਨ ਮਾਲਕ ਤੋਂ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।















