ਦੱਖਣ ਨੂੰ ਚੱਲੀ ਨਿਧੀ ਅਗਰਵਾਲ ਫ਼ਿਲਮ ‘ਮੁੰਨਾ ਮਾਈਕਲ’ ਵਿੱਚ ਟਾਈਗਰ ਸ਼ਰਾਫ਼ ਨਾਲ ਬਾਲੀਵੁੱਡ ਵਿੱਚ ਕਦਮ ਰੱਖ ਚੁੱਕੀ ਨਿਧੀ ਅਗਰਵਾਲ ਛੇਤੀ ਹੀ ਦੱਖਣ ਦੀ ਫ਼ਿਲਮ ਨਗਰੀ ਦਾ ਰੁਖ਼ ਕਰੇਗੀ। ਅਸਲ ਵਿੱਚ ਇਹ ਨਵੀਂ ਅਦਾਕਾਰਾ ਹਿੰਦੀ ਤੋਂ ਪਿੱਛੋਂ ਦੱਖਣ ਭਾਰਤੀ ਫ਼ਿਲਮਾਂ ਵਿੱਚ ਡੈਬਿਊ ਕਰਨ ਜਾ ਰਹੀ ਹੈ। ਉਸ ਦੀ ਪਹਿਲੀ ਫ਼ਿਲਮ ਬਾਕਸ ਆਫ਼ਿਸ ‘ਤੇ ਖਾਸ ਨਹੀਂ ਚੱਲੀ, ਪਰ ਇਸ ਨਾਲ ਉਸ ਨੂੰ ਪਛਾਣ ਮਿਲ ਗਈ ਹੈ। ਉਹ ਆਸ਼ੂਤੋਸ਼ ਗੋਵਾਰੀਕਰ ਨਾਲ ਦੂਸਰੀ ਬਾਲੀਵੁੱਡ ਫ਼ਿਲਮ ਸਾਈਨ ਕਰ ਚੁੱਕੀ ਹੈ ਤੇ ਹੁਣ ਉਸ ਦੀ ਝੋਲੀ ਵਿੱਚ ਇੱਕ ਹੋਰ ਫ਼ਿਲਮ ਆ ਚੁੱਕੀ ਹੈ, ਪਰ ਇਹ ਹਿੰਦੀ ਨਹੀਂ, ਸਗੋਂ ਦੱਖਣ ਦੀ ਫ਼ਿਲਮ ਹੈ। ਸੂਤਰਾਂ ਅਨੁਸਾਰ ਨਿਧੀ ਨੇ ਤੇਲਗੂ ਭਾਸ਼ਾ ਦੀ ਵੱਡੀ ਫ਼ਿਲਮ ‘ਸਬਯਸਾਚੀ’ ਦੇ ਲਈ ਹਾਂ ਕਹਿ ਦਿੱਤੀ ਹੈ, ਜਿਸ ਦੀ ਸ਼ੂਟਿੰਗ ਇਸ ਮਹੀਨੇ ਸ਼ੁਰੁ ਹੋ ਸਕਦੀ ਹੈ। ਫ਼ਿਲਮ ਦੀ ਸਾਰੀ ਸ਼ੂਟਿੰਗ ਇੱਕੋ ਵਾਰ ਖਤਮ ਕਰ ਲਈ ਜਾਵੇਗੀ, ਜਿਸ ਲਈ ਨਿਧੀ ਨੇ ਦਸੰਬਰ ਦੇ ਅੱਧ ਤੱਕ ਦੀਆਂ ਤਰੀਕਾਂ ਦੇ ਦਿੱਤੀਆਂ ਹਨ। ਬਾਲੀਵੁੱਡ ਦੀ ਪਹਿਲੀ ਫ਼ਿਲਮ ਨਾ ਚੱਲਣ ਦੇ ਬਾਵਜੂਦ ਨਿਧੀ ਨੂੰ ਆਸ਼ੂਤੋਸ਼ ਗੋਵਾਰੀਕਰ ਦੀ ਮਹਿਲਾ ਪ੍ਰਧਾਨ ਫ਼ਿਲਮ ਮਿਲਣੀ ਉਸ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ। ਫ਼ਿਲਮ ਲਈ ਨਿਧੀ ਨੇ ਜਨਵਰੀ ਵਿੱਚ ਸ਼ੂਟਿੰਗ ਸ਼ੁਰੂ ਕਰਨੀ ਹੈ।











