ਅਮਰੀਕਾ ‘ਚ ਪੀੜਤ ਸਿੱਖ ਲੜਕੇ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਮਦਦ : ਸੁਸ਼ਮਾ ਸਵਰਾਜ

ਵਾਸ਼ਿੰਗਟਨ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਸ ਸਿੱਖ ਲੜਕੇ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ, ਜਿਸ ਨੂੰ ਕਥਿਤ ਤੌਰ ‘ਤੇ ਅਮਰੀਕਾ ਵਿਚ ਕੁੱਟਿਆ ਗਿਆ ਸੀ। ਖਬਰਾਂ ਮੁਤਾਬਕ ਵਾਸ਼ਿੰਗਟਨ ਵਿਚ 14 ਸਾਲਾ ਸਿੱਖ ਲੜਕੇ ਨੂੰ ਉਸ ਦੇ ਨਾਲ ਪੜ੍ਹਦੇ ਇਕ ਮੁੰਡੇ ਨੇ ਮੁੱਕਾ ਮਾਰਿਆ ਅਤੇ ਥੱਲੇ ਸੁੱਟਿਆ। ਪੀੜਤ ਮੁੰਡੇ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੇਟੇ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਭਾਰਤੀ ਮੂਲ ਦਾ ਹੈ। ਸੁਸ਼ਮਾ ਸਵਰਾਜ ਨੇ ਕਿਹਾ,”ਸਾਨੂੰ ਸਾਨ ਫ੍ਰਾਂਸਿਸਕੋ ਸਥਿਤ ਵਣਜ ਦੂਤਾਵਾਸ ਤੋਂ ਰਿਪੋਰਟ ਮਿਲੀ ਹੈ। ਵਣਜ ਦੂਤਾਵਾਸ ਭਾਈਚਾਰੇ ਦੇ ਨੇਤਾਵਾਂ ਨਾਲ ਸੰਪਰਕ ਵਿਚ ਹੈ ਅਤੇ ਸਕੂਲ ਅਧਿਕਾਰੀਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਰੂਰਤ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।”