ਸਿਰਸਾ — ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਡੇਰੇ ‘ਚ ਸੁੰਨਸਾਨ ਮਚੀ ਹੋਈ ਸੀ ਪਰ 58 ਦਿਨਾਂ ਬਾਅਦ ਖੁੱਲ੍ਹੇ ਸਿਰਸਾ ਡੇਰੇ ‘ਚ ਦੌਬਾਰਾ ਤੋਂ ਰੌਣਕ ਦੇਖਣ ਨੂੰ ਮਿਲ ਰਹੀ ਹੈ। ਡੇਰੇ ‘ਚ ਸਤਸੰਗ ਹੋਇਆ ਅਤੇ ਰਾਮ ਰਹੀਮ ਦੀ ਮਾਂ ਨੇ ਗਰੀਬਾਂ ਨੂੰ ਰਾਸ਼ਨ ਵੰਡਿਆ। ਇਸ ਦੇ ਨਾਲ ਹੀ ਰਾਮ ਰਹੀਮ ਦੇ ਬੇਟੇ ਜਸਮੀਤ ਨੇ ਖੂਨ ਦਾਨ ਕੀਤਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਮਹਾਰਾਜ ਦੇ ਅਵਤਾਰ ਦਿਵਸ ਦੇ ਸਨਮਾਨ ਵਿਚ ਸਿਰਸਾ ਸਥਿਤ ਸਤਸੰਗ ਪੰਡਾਲ ‘ਚ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। 25 ਅਗਸਤ ਤੋਂ ਬਾਅਦ ਪਹਿਲੀ ਵਾਰ ਡੇਰੇ ‘ਚ ਨਾਮ ਚਰਚਾ ਹੋਈ।
ਡੇਰਾ ਪ੍ਰੇਮੀਆਂ ਲਈ ਖੁੱਲ੍ਹੇ, ਡੇਰੇ ਦੇ ਤਾਲੇ
ਡੇਰਾ ਸੱਚਾ ਸੌਦਾ ਦੇ ਗੇਟ ‘ਤੇ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਤਾਲੇ ਲੱਗ ਗਏ ਸਨ। ਪਰ ਡੇਰਾ ਸੰਸਥਾਪਕ ਸ਼ਾਹ ਮਸਤਾਨਾ ਦੇ ਜਨਮ ਦਿਵਸ ‘ਤੇ ਡੇਰੇ ਦਾ ਗੇਟ ਪਹਿਲਾ ਦੀ ਤਰ੍ਹਾਂ ਖੋਲ੍ਹਿਆ ਗਿਆ ਹੈ। ਡੇਰੇ ਦੇ ਅੰਦਰ ਜਾਣ ਲਈ ਔਰਤਾਂ, ਬੱਚੇ, ਬੁੱਢੇ, ਜਵਾਨਾਂ ਸਮੇਤ ਸੈਕੜਾਂ ਡੇਰਾ ਪ੍ਰੇਮੀਆਂ ਦੀਆਂ ਲਾਈਨਾਂ ਲਗੀਆਂ ਸਨ ਅਤੇ ਉਨ੍ਹਾਂ ‘ਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਪਹਿਲੇ ਦਿਨ ਕਰੀਬ 3000 ਸਮਰਥਕ ਸਤਸੰਗ ਲਈ ਪੁੱਜੇ। ਇਸ ਤੋਂ ਪਹਿਲਾਂ ਸਮਰਥਕ ਡੇਰੇ ਦੇ ਪੁਰਾਣੇ ਆਸ਼ਰਮ ‘ਚ ਜਾ ਰਹੇ ਸਨ।
ਗਰੀਬਾਂ ਨੂੰ ਵੰਡਿਆ ਰਾਸ਼ਨ
ਨਾਮ ਚਰਚਾ ‘ਚ ਰਾਮ ਰਹੀਮ ਦੀ ਮਾਂ ਨਸੀਬ ਕੌਰ ਇੰਸਾ ਸਮੇਤ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰ ਅਤੇ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਇਲਾਵਾ ਆਸ-ਪਾਸ ਦੇ ਇਲਾਕੇ ‘ਚੋਂ ਸਾਧ ਸੰਗਤ ਨਾਮ ਚਰਚਾ ਲਈ ਪੁੱਜੀ। ਇਸ ਮੌਕੇ ‘ਤੇ ਕਵੀਆਂ ਨੇ ਸ਼ਾਹ ਮਸਤਾਨਾ ਮਹਾਰਾਜ ਦੇ ਯਸ਼ੋਗਾਨ ਵਾਲੇ ਭਜਨ ਗਾਏ। ਨਾਮ ਚਰਚਾ ਦੌਰਾਨ ਰਿਕਾਰਡਿੰਗ ਵੀਡੀਓ ਚਲਾਈ ਗਈ, ਜਿਸ ਵਿਚ ਮਸਤਾਨਾ ਮਹਾਰਾਜ ਦੇ ਜੀਵਨ ਦੀ ਮਹਾਨਤਾ ਅਤੇ ਉਨ੍ਹਾਂ ਵਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ‘ਤੇ ਚਾਨਣ ਪਾਇਆ ਗਿਆ। ਨਾਮ ਚਰਚਾ ਦੇ ਅੰਤ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਰਾਮ ਰਹੀਮ ਦੇ ਬੇਟੇ ਨੇ ਕੀਤਾ ਖੂਨ ਦਾਨ
ਮਸਤਾਨਾ ਜੀ ਦੇ ਜਨਮ ਦਿਵਸ ‘ਤੇ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸ਼ਾਹ ਮਸਤਾਨਾ ਜੀ ਸਪੈਸ਼ਲਿਸਟ ਹਸਪਤਾਲ ‘ਚ ਸਥਿਤ ਬਾਪੂ ਮੱਘਰ ਸਿੰਘ ਇੰਟਰਨੈਸ਼ਨਲ ਬਲੱਡ ਬੈਂਕ ‘ਚ ਰਾਮ ਰਹੀਮ ਦੇ ਪੁੱਤਰ ਜਸਮੀਤ ਸਿੰਘ ਅਤੇ ਦਾਮਾਦ ਡਾ. ਸ਼ਾਨ-ਏ-ਮੀਤ ਸਮੇਤ ਕਈ ਸਮਰਥਕਾਂ ਨੇ ਖੂਨਦਾਨ ਕਰਕੇ ਅਵਤਾਰ ਦਿਵਸ ਮਨਾਇਆ।
ਡੇਰਾ ਸਮਰਥਕਾਂ ‘ਚ ਰਾਮ ਰਹੀਮ ਦੇ ਪ੍ਰਤੀ ਆਸਥਾ ਕਾਇਮ
ਡੇਰਾ ਸਮਰਥਕਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ। ਜਲਦੀ ਹੀ ਗੁਰੂ ਜੀ ਬਾਹਰ ਆਉਣਗੇ ਅਤੇ ਪਹਿਲਾਂ ਦੀ ਤਰ੍ਹਾਂ ਭਲਾਈ ਦੇ ਕੰਮ ਸ਼ੁਰੂ ਕਰਨਗੇ।
ਇਲਾਕੇ ‘ਚ ਲੱਗੀਆਂ ਫਿਰ ਤੋਂ ਰੌਣਕਾਂ
ਆਟੋ ਵਾਲਿਆਂ ਦਾ ਕਹਿਣਾ ਹੈ ਕਿ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਉਨ੍ਹਾਂ ਦਾ ਕੰਮ ਧੰਦਾ ਹੀ ਠੱਪ ਹੋ ਗਿਆ ਸੀ ਪਰ ਜਿਵੇਂ ਹੀ ਡੇਰੇ ‘ਚ ਨਾਮ ਚਰਚਾ ਸ਼ੁਰੂ ਹੋਈ ਹੈ ਉਨ੍ਹਾਂ ਦਾ ਕੰਮ ਧੰਦਾ ਫਿਰ ਤੋਂ ਚਾਲੂ ਹੋ ਗਿਆ ਹੈ।
ਨਾਮ ਚਰਚਾ ਕਰਨ ‘ਤੇ ਪਾਬੰਧੀ ਨਹੀਂ-ਕੋਰਟ ਕਮਿਸ਼ਨਰ
ਦੋ ਦਿਨ ਪਹਿਲਾਂ ਕੋਰਟ ਕਮਿਸ਼ਨਰ ਪੰਵਾਰ ਫਿਰ ਸਿਰਸਾ ਆਏ ਸਨ। ਉਹ ਡੇਰੇ ਦੇ 17 ਹੋਰ ਆਸ਼ਰਮਾਂ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਦੇ ਬਾਰੇ ਡੇਰਾ ਚੇਅਰਪਰਸਨ ਉਪਾਸਨਾ ਇੰਸਾ ਅਤੇ ਪਟੀਸ਼ਨਰਸ ਤੋਂ ਪੁੱਛਗਿੱਛ ਕਰਨ ਪੁੱਜੇ ਸਨ। ਉਸ ਸਮੇਂ ਕੋਰਟ ਕਮਿਸ਼ਨਰ ਨੇ ਕਿਹਾ ਸੀ ਕਿ ਡੇਰਾ ਜਾਂ ਇਸ ਦੇ ਅਧੀਨ ਆਸ਼ਰਮਾਂ ‘ਚ ਸਤਸੰਗ ਕਰਨ ਦੀ ਕੋਈ ਮਨਾਹੀ ਨਹੀਂ ਹੈ।















