ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ‘ਚ 2024 ਦੇ ਸਿਆਸੀ ਉਲਟਫੇਰ ਤੋਂ ਬਾਅਦ ਹਿੰਦੂ, ਸੂਫ਼ੀ ਅਤੇ ਬਾਊਲ ਵਰਗੇ ਧਾਰਮਿਕ ਘੱਟ-ਗਿਣਤੀ ਭਾਈਚਾਰਿਆਂ ਖ਼ਿਲਾਫ਼ ਹਿੰਸਾ ਅਤੇ ਅਸੁਰੱਖਿਆ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ।
4 ਨਵੰਬਰ ਨੂੰ ਮੁੰਸ਼ੀਗੰਜ ‘ਚ ਇੱਕ ਸੂਫ਼ੀ ਦਰਗਾਹ ਅੰਦਰ 50 ਸਾਲਾ ਜ਼ਾਹਿਦ ਬੇਪਾਰੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਮੇਮਨਸਿੰਘ ‘ਚ ਹਿੰਦੂ ਨਾਈ ਰਬਿੰਦਰ ਮੋਨੀਰਿਸ਼ੀ (43) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸੇ ਤਰ੍ਹਾਂ 26 ਅਕਤੂਬਰ ਨੂੰ ਰੰਗਪੁਰ ‘ਚ ਫੇਸਬੁੱਕ ਪੋਸਟ ਦੇ ਬਹਾਨੇ 3 ਹਿੰਦੂ ਪਰਿਵਾਰਾਂ ਦੇ ਘਰਾਂ ‘ਚ ਭੰਨਤੋੜ ਅਤੇ ਲੁੱਟਖਸੁੱਟ ਕੀਤੀ ਗਈ। 25 ਅਕਤੂਬਰ ਨੂੰ ਦਿਨਾਜਪੁਰ ‘ਚ ਹਿੰਦੂ ਸਕੂਲ ਟੀਚਰ ਮਨੋਰੰਜਨ ਰਾਏ (55) ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਦੁਰਗਾ ਪੂਜਾ ਤੋਂ ਪਹਿਲਾਂ ਮੰਦਰਾਂ ‘ਚ ਮੂਰਤੀਆਂ ਦੀ ਭੰਨਤੋੜ ਅਤੇ ਹਿੰਸਾ ਦੀਆਂ 34 ਘਟਨਾਵਾਂ ਦਰਜ ਕੀਤੀਆਂ ਗਈਆਂ।
‘ਹਿਊਮਨ ਰਾਈਟਸ ਸਪੋਰਟ ਸੁਸਾਇਟੀ’ ਦੇ ਅੰਕੜਿਆਂ ਮੁਤਾਬਕ 2025 ਦੀ ਪਹਿਲੀ ਛਿਮਾਹੀ ‘ਚ ਅਜਿਹੀਆਂ 10 ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਦੇ ਮੁਕਾਬਲੇ 2026 ਦੀ ਪਹਿਲੀ ਛਿਮਾਹੀ ਵਿੱਚ ਘੱਟ-ਗਿਣਤੀਆਂ ‘ਤੇ ਹਮਲਿਆਂ ਦੀ ਗਿਣਤੀ ਵਧ ਕੇ 50 ਹੋ ਗਈ ਹੈ। ਇਸ ਦੌਰਾਨ ਜ਼ਖ਼ਮੀਆਂ ਦੀ ਗਿਣਤੀ 4 ਤੋਂ ਵਧ ਕੇ 56 ਹੋ ਗਈ।
ਜ਼ਿਕਰਯੋਗ ਹੈ ਕਿ ਅਗਸਤ 2024 ‘ਚ ਸ਼ੇਖ਼ ਹਸੀਨਾ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਪੈਦਾ ਹੋਈ ਰਾਜਨੀਤਕ ਅਸਥਿਰਤਾ, ਧਾਰਮਿਕ ਅਸਹਿਣਸ਼ੀਲਤਾ ਅਤੇ ਪ੍ਰਸ਼ਾਸਨ ਤੇ ਪੁਲਸ ਵੱਲੋਂ ਠੋਸ ਕਾਰਵਾਈ ਦੀ ਕਮੀ ਕਾਰਨ ਘੱਟ-ਗਿਣਤੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਇਲਾਵਾ ਹਿੰਦੂ ਭਾਈਚਾਰੇ ‘ਤੇ ਅਵਾਮੀ ਲੀਗ ਦੇ ਸਮਰਥਕ ਹੋਣ ਦਾ ਲੇਬਲ ਲਗਾ ਕੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।















