ਸੀ.ਬੀ.ਆਈ. ਕੋਰਟ ਨਹੀਂ ਪਹੁੰਚੇ ਰਾਮ ਰਹੀਮ ਦੇ ਵਕੀਲ, 9 ਨਵੰਬਰ ਨੂੰ ਰਣਜੀਤ ਕਤਲ ਕਾਂਡ ਦੀ ਅਗਲੀ ਸੁਣਵਾਈ

ਪੰਚਕੂਲਾ — ਡੇਰਾ ਮੁਖੀ ਰਾਮ ਰਹੀਮ ‘ਤੇ ਚਲ ਰਹੇ ਰਣਜੀਤ ਕਤਲ ਕੇਸ ‘ਚ ਅੱਜ ਪੰਚਕੂਲਾ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਰਾਮ ਰਹੀਮ ਦੇ ਵਕੀਲ ਅਦਾਲਤ ‘ਚ ਨਹੀਂ ਪੁੱਜੇ। ਹੋਰ ਦੋਸ਼ੀਆਂ ਦੇ ਵਕੀਲਾਂ ਅਤੇ ਸੀ.ਬੀ.ਆਈ. ਵਕੀਲਾਂ ਨੇ ਕੋਰਟ ਮਾਮਲੇ ਨੂੰ ਲੈ ਕੇ ਬਹਿਸ ਕੀਤੀ। ਇਸ ਮਾਮਲੇ ‘ਚ ਸਾਰੇ ਪੰਜ ਦੋਸ਼ੀਆਂ ਕ੍ਰਿਸ਼ਣ ਲਾਲ, ਅਵਤਾਰ ਸਿੰਘ, ਜਸਬੀਰ, ਸਬਦਿਲ ਅਤੇ ਇੰਦਰਸੈਨ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਰਾਮ ਰਹੀਮ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸੀ.ਬੀ.ਆਈ. ਕੋਰਟ ‘ਚ ਪੇਸ਼ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਨਵੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਰਣਜੀਤ ਕਤਲ ਕਾਂਡ ਨੂੰ ਲੈ ਕੇ ਸੀ.ਬੀ.ਆਈ. ਕੋਰਟ ‘ਚ ਆਖਰੀ ਬਹਿਸ ਚਲ ਰਹੀ ਹੈ। ਬਹਿਸ ਖਤਮ ਹੋਣ ਤੋਂ ਬਾਅਦ ਕੋਰਟ ਇਸ ਮਾਮਲੇ ‘ਚ ਆਪਣਾ ਫੈਸਲਾ ਸੁਣਾ ਸਕਦੀ ਹੈ।
ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਤਾਰ ਸਾਧਵੀਆਂ ਦੇ ਮਾਮਲੇ ਨਾਲ ਹੀ ਜੁੜੇ ਹਨ। ਰਣਜੀਤ ਸਿੰਘ ਦਾ ਕਤਲ ਵੀ 2002 ‘ਚ ਹੀ ਹੋਇਆ ਸੀ। ਅਣਪਛਾਤੇ ਖਤ ਨੂੰ ਪ੍ਰਸਾਰਿਤ ਕਰਨ ‘ਚ ਉਸਦੀ ਸ਼ੱਕੀ ਭੂਮਿਕਾ ਕਾਰਨ ਹੀ ਉਸਦਾ(ਰਣਜੀਤ ਸਿੰਘ) ਦਾ ਕਤਲ ਕੀਤਾ ਗਿਆ ਸੀ।
ਤੀਸਰਾ ਮਾਮਲਾ ਛਤਰਪਤੀ ਦਾ ਵੀ ਇਸੇ ਅਦਾਲਤ ‘ਚ ਵਿਚਾਰ ਅਧੀਨ ਹੈ। ਇਸਤਗਾਸਾ ਪੱਖ ਮੁਤਾਬਕ ਅਕਤੂਬਰ 2002 ਵਿਚ ਸਿਰਸਾ ਦੇ ਪੱਤਰਕਾਰ ਛੱਤਰਪਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਦੀ ਅਖਬਾਰ ‘ਪੂਰਾ ਸੱਚ’ ਨੇ ਇਕ ਅਨਾਮ ਚਿੱਠੀ ਛਾਪੀ ਸੀ ਜਿਸ ‘ਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਨਾਲ ਸਿਰਸਾ ਸਥਿਤ ਡੇਰੇ ‘ਚ ਔਰਤਾਂ ਨਾਲ ਜਿਨਸੀ ਸ਼ੋਸ਼ਣ ਹੁੰਦਾ ਸੀ।
ਹੱਤਿਆ ਦਾ ਸ਼ਿਕਾਰ ਬਣੇ ਦੋਵਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਅਦਾਲਤ ‘ਚ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਵੰਬਰ 2003 ‘ਚ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਹੱਤਿਆ ਮਾਮਲੇ ‘ਚ ਸੀ.ਬੀ.ਆਈ. ਨੇ ਚਾਰਜਸ਼ੀਟ 30 ਜੁਲਾਈ 2007 ਨੂੰ ਦਾਇਰ ਕੀਤੀ ਸੀ।