ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਮੀਤ ਸਿੰਘ ਦੀ ਪੰਜਾਬ ਲਈ ‘ਸਵੈ-ਨਿਰਣੇ’ ਦੀ ਟਿੱਪਣੀ ਦੀ ਸਖ਼ਤ ਅਲੋਚਨਾ

ਚੰਡੀਗੜ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ‘ਸਵੈ-ਨਿਰਣੇ’ ਬਾਰੇ ਕੈਨੇਡਾ ਦੇ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਉਹ ਭਾਰਤ ਦੀਆਂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰਾ ਅਣਭਿੱਜ ਹੈ ਜਿੱਥੇ ਸਿੱਖਾਂ ਨੇ ਹਰੇਕ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਮਾਣ-ਸਨਮਾਨ ਹਾਸਲ ਕੀਤਾ ਹੈ।
ਜਗਮੀਤ ਸਿੰਘ ‘ਤੇ ਗਲਤ ਅਤੇ ਟਕਰਾਅਪੂਰਨ ਟਿੱਪਣੀਆਂ ਨਾਲ ਬਿਖੇੜਾ ਖੜਾ ਕਰਕੇ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡੀਅਨ ਅਥਾਰਟੀ ਨੂੰ ਅਜਿਹੇ ਫੁੱਟਪਾਊ ਤੱਤਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਜੋ ਭਾਰਤ ਵਿੱਚ ਅਣਬਣ ਪੈਦਾ ਕਰਨ ਲਈ ਉਸ ਦੀ ਧਰਤੀ ਨੂੰ ਵਰਤ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਗਮੀਤ ਸਿੰਘ ਵੱਲੋਂ ਪੰਜਾਬ, ਕੈਟਾਲੋਨੀਆ ਜਾਂ ਕਿਊਬਕ ਵਰਗੀਆਂ ਥਾਵਾਂ ਵਿੱਚ ਸਵੈ-ਨਿਰਣੇ ਨੂੰ ‘ਬੁਨਿਆਦੀ ਹੱਕ’ ਦੱਸਣ ਬਾਰੇ ਦਿੱਤਾ ਬਿਆਨ ਸਿੱਧੇ ਤੌਰ ‘ਤੇ ਪੰਜਾਬ ਵਿੱਚ ਹਿੰਸਾ ਫੈਲਾਉਣ ਦਾ ਇਰਾਦਾ ਜ਼ਾਹਰ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸੇ ਵੀ ਕੀਮਤ ‘ਤੇ ਅਜਿਹੀ ਕਿਸੇ ਕੋਸ਼ਿਸ਼ ਨੂੰ ਸਫਲ ਨਹੀਂ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਆਪਕ ਵਿਕਾਸ ਤੇ ਮੁੜ ਪੈਰਾਂ ‘ਤੇ ਖੜਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਜਗਮੀਤ ਸਿੰਘ ਸਿੱਖ ਭਾਈਚਾਰੇ ਨੂੰ ਨਾਂਹ-ਪੱਖੀ ਸੋਚ ਨਾਲ ਬੰਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਐਨ.ਡੀ.ਪੀ. ਦਾ ਨਵ-ਨਿਯੁਕਤ ਲੀਡਰ ਆਪਣੇ ਇਹਨਾਂ ਨਾਪਾਕ ਇਰਾਦਿਆਂ ਵਿੱਚ ਕਦੇ ਵੀ ਸਫਲ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ ਅਤੇ ਸਥਿਰਤਾ ਨਾਲ ਰਹਿਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਭਾਈਚਾਰੇ ਵੱਲੋਂ ਆਲਮੀ ਪੱਧਰ ‘ਤੇ ਪਾਏ ਯੋਗਦਾਨ ਉਪਰ ਫਖ਼ਰ ਕਰਦਿਆਂ ਆਖਿਆ ਕਿ ਸਿੱਖਾਂ ਨੂੰ ਉਹਨਾਂ ਦੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਜਾਣਿਆ ਜਾਂਦਾ ਹੈ ਅਤੇ ਇਹਨਾਂ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਜਿਸ ਵੀ ਮੁਲਕ ਵਿੱਚ ਵਸਦੇ ਹਨ, ਉਥੇ ਆਪਣੇ ਨਿਵੇਕਲੇ ਯੋਗਦਾਨ ਸਦਕਾ ਸ਼ਲਾਘਾ ਖੱਟੀ ਹੈ। ਉਹਨਾਂ ਕਿਹਾ ਕਿ ਕੁਝ ਮੁੱਠੀ ਭਰ ਫੁੱਟਪਾਊ ਤਾਕਤਾਂ ਸਿੱਖਾਂ ਵੱਲੋਂ ਮਾਰੀਆਂ ਮੱਲਾਂ ਦੀ ਅਹਿਮੀਅਤ ਨੂੰ ਘਟਾ ਨਹੀਂ ਸਕਦੀਆਂ।
ਸਿੱਖਜ਼ ਫਾਰ ਜਸਟਿਸ ਵੱਲੋਂ ਹਾਲ ਹੀ ਵਿੱਚ ‘ਖਾਲਿਸਤਾਨ 2020 ਰੈਫਰੈਂਡਮ’ ਰਾਹੀਂ ਪੰਜਾਬ ਵਿੱਚ ਬੇਚੈਨੀ ਪੈਦਾ ਕਰਨ ਲਈ ਚੱਲੀ ਚਾਲ ‘ਚ ਬੁਰੀ ਤਰਾਂ ਨਾਕਾਮ ਰਹਿਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਗਮੀਤ ਸਿੰਘ ਨੇ ਵੀ ਇਸੇ ਤਰਾਂ ਆਪਣੇ ਬਿਆਨ ਵਿੱਚ ‘ਸਵੈ-ਨਿਰਣੇ’ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਕਾ ਕਿ ਐਨ.ਡੀ.ਪੀ. ਦੇ ਆਗੂ ਨੂੰ ਵੀ ਇਸ ਵਿੱਚ ਸਫਲਤਾ ਨਹੀਂ ਮਿਲਣ ਵਾਲੀ।
ਮੁੱਖ ਮੰਤਰੀ ਨੇ ਕਿਹਾ ਕਿ ਜਗਮੀਤ ਦੀ ਪੰਜਾਬ ਵਿਰੋਧੀ ਟਿੱਪਣੀ ਭਾਰਤ ਵਿਰੋਧੀ ਸਾਜ਼ਿਸ਼ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਕੈਨੇਡੀਅਨ ਸਰਕਾਰ ਇਸ ਸਬੰਧ ਵਿੱਚ ਢੁਕਵਾਂ ਕਦਮ ਚੁੱਕੇਗੀ। ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੂੰ ਆਪਣੇ ਮੁਲਕ ਦੀ ਸਰਜ਼ਮੀਨ ਨੂੰ ਭਾਰਤ ਦੀ ਏਕਤਾ ਤੇ ਅਖੰਡਤਾ ‘ਤੇ ਅਜਿਹੇ ਕਪਟੀ ਹਮਲਿਆਂ ਲਈ ਨਾ ਵਰਤਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।