ਭੈਣ ਜ਼ੋਇਆ ਕਾਰਨ ਐਕਟਰ ਬਣਿਆ ਫ਼ਰਹਾਨ ਅਖਤਰ

‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’, ‘ਰਾਕਆਨ’, ‘ਭਾਗ ਮਿਲਖਾ ਭਾਗ’,ਵਰਗੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਡਾਇਰੈਕਟਰ ਤੋਂ ਐਕਟਰ ਬਣੇ ਫ਼ਰਹਾਨ ਅਖਤਰ ਦੀ ਅਗਲੀ ਫ਼ਿਲਮ ‘ਲਖਨਊ ਸੈਂਟਰਲ’ ਜਲਦੀ ਰਿਲੀਜ਼ ਹੋਣ ਵਾਲੀ ਹੈ। ਬਾਲੀਵੁੱਡ ਦੇ ਬਿਹਤਰੀਨ ਡਾਇਰੈਕਟਰਾਂ ਤੇ ਐਕਟਰਾਂ ਦੀ ਸੂਚੀ ਵਿੱਚ ਸ਼ਾਮਲ ਫ਼ਰਹਾਨ ਅਖਤਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਬਾਰੇ ਇੱਕ ਖਾਸ ਗੱਲ ਸਾਂਝੀ ਕੀਤੀ ਹੈ। ਉਸ ਨੇ ਕਿਹਾ ਕਿ ਜੇ ਅੱਜ ਉਹ ਇੱਕ ਸਫ਼ਲ ਐਕਟਰ ਹੈ ਤਾਂ ਸਿਰਫ਼ ਇੱਕ ਸ਼ਖਸ ਦੇ ਕਾਰਨ ਹੀ ਹੈ ਅਤੇ ਉਹ ਸ਼ਖਸ ਹੋਰ ਕੋਈ ਨਹੀਂ ਬਲਕਿ ਉਸ ਦੀ ਭੈਅ ਜ਼ੋਇਆ ਅਖਤਰ ਹੈ। ਫ਼ਰਹਾਨ ਨੇ ਕਿਹਾ ਕਿ ”ਮੇਰੇ ‘ਚ ਐਕਟਿੰਗ ਦੇ ਹੁਨਰ ਨੂੰ ਪਛਾਣਨ ਅਤੇ ਮੈਨੂੰ ਇੱਕ ਐਕਟਰ ਬਣਾਉਣ ਦਾ ਪੂਰਾ ਕ੍ਰੈਡਿਟ ਮੈਂ ਜ਼ੋਇਆ ਨੂੰ ਦਿੰਦਾ ਹਾਂ। ਮੈਂ ਸਿਰਫ਼ ਉਸ ਦੇ ਕਾਰਨ ਹੀ ਐਕਟਿੰਗ ਕਰ ਰਿਹਾ ਹਾਂ।” ਬਾਲੀਵੁੱਡ ਵਿੱਚ ਮੰਨੀ-ਪ੍ਰਮੰਨੀ ਡਾਇਰੈਕਟਰ ਅਤੇ ਸਕਰੀਨ ਪਲੇਅ ਵਜੋਂ ਜ਼ੋਇਆ ਨੇ ਪਛਾਣ ਬਣਾਈ ਹੈ। ਉਸ ਨੇ ਫ਼ਿਲਮ ‘ਲਕ ਬਾਇ ਚਾਂਸ’ ਦੀ ਡਾਇਰੈਕਸ਼ਨ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’ ਨੂੰ ਡਾਇਰੈਕਟ ਕੀਤਾ। ਇਹ ਫ਼ਿਲਮ ਹਿੱਟ ਰਹੀ ਤੇ ਦਰਸ਼ਕਾਂ ਨੂੰ ਬਾਲੀਵੁੱਡ ਦੀਆਂ ਮਸਾਲਾ ਫ਼ਿਲਮਾਂ ਤੋਂ ਹਟ ਕੇ ਕੁਝ ਦੇਖਣ ਨੂੰ ਮਿਲਿਆ। ਇਸ ਫ਼ਿਲਮ ਲਈ ਜ਼ੋਇਆ ਨੂੰ ਬੈਸਟ ਡਾਇਰੈਕਟਰ ਫ਼ਿਲਮ ਫ਼ੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ।