ਸੋਚ ਸਮਝ ਕੇ ਫ਼ਿਲਮਾਂ ਚੁਣਦੀ ਹੈ ਕਰੀਨਾ ਕਪੂਰ

ਕਰੀਨਾ ਕਪੂਰ ਖ਼ਾਨ ਹਾਲ ਹੀ ਵਿੱਚ ਇੱਕ ਬੇਟੇ ਦੀ ਮਾਂ ਬਣੀ ਹੈ ਜਿਸ ਨੂੰ ਤੈਮੂਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਪਰ ਤੈਮੂਰ ਦੀ ਜ਼ਿੰਮੇਵਾਰੀ ਆਉਣ ਦੇ ਬਾਵਜੂਦ ਕਰੀਨਾ ਦੀ ਫ਼ਿਲਮ ਇੰਡਸਟਰੀ ਛੱਡਣ ਦੀ ਕੋਈ ਯੋਜਨਾ ਨਹੀਂ ਹੈ। ਸਗੋਂ ਮਾਂ ਬਣਨ ਦੇ ਬਾਵਜੂਦ ਹੁਣ ਕਰੀਨਾ ਕਪੂਰ ਆਪਣੀ ਨਵੀਂ ਫ਼ਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਚੁੱਕੀ ਹੈ। ਪੇਸ਼ ਹੈ ਕਰੀਨਾ ਕਪੂਰ ਨਾਲ ਹੋਈ ਗੱਲਬਾਤ ਦੇ ਅੰਸ਼:
-ਵਿਆਹ ਤੋਂ ਬਾਅਦ ਤੁਹਾਡੇ ਕੋਲ ਜ਼ਿਆਦਾ ਫ਼ਿਲਮਾਂ ਨਹੀਂ ਹਨ। ਅਜਿਹਾ ਕਿਉਂ?
-ਵਿਆਹ ਤੋਂ ਬਾਅਦ ਮੇਰੀਆਂ ਕੇਵਲ ਦੋ ਫ਼ਿਲਮਾਂ ‘ਕੀ ਐਂਡ ਕਾ’ ਅਤੇ ‘ਉੜਤਾ ਪੰਜਾਬ’ ਰਿਲੀਜ਼ ਹੋਈਆਂ। ਇਨ੍ਹਾਂ ਦੋਨਾਂ ਫ਼ਿਲਮਾਂ ਨੂੰ ਰਿਲੀਜ਼ ਹੋਏ ਵੀ ਕਾਫ਼ੀ ਵਕਤ ਹੋ ਗਿਆ, ਪਰ ਮੇਰੀ ਕੋਈ ਫ਼ਿਲਮ ਨਹੀਂ ਆਈ ਕਿਉਂਕਿ ਇਨ੍ਹਾਂ ਤੋਂ ਇਲਾਵਾ ਮੇਰੇ ਕੋਲ ਇੱਕ ਵੀ ਫ਼ਿਲਮ ਨਹੀਂ ਸੀ। ਇਸਦਾ ਇਹ ਮਤਲਬ ਨਹੀਂ ਹੈ ਕਿ ਮੈਨੂੰ ਫ਼ਿਲਮਾਂ ਦੀ ਪੇਸ਼ਕਸ਼ ਹੀ ਨਹੀਂ ਹੋਈ ਸਗੋਂ ਇਹ ਮੇਰਾ ਸੋਚਿਆ ਸਮਝਿਆ ਫ਼ੈਸਲਾ ਸੀ। ਦਰਅਸਲ, ਵਿਆਹ ਤੋਂ ਬਾਅਦ ਹੁਣ ਮੈਂ ਕੁਝ ਯਾਦਗਾਰ ਕੰਮ ਕਰਨਾ ਚਾਹੁੰਦੀ ਹਾਂ। ਮੈਂ ਸਾਲ ਵਿੱਚ ਚਾਰ ਫ਼ਿਲਮਾਂ ਕਰਨ ਦੀ ਥਾਂ ਇੱਕ ਜਾਂ ਦੋ ਚੰਗੀਆਂ ਫ਼ਿਲਮਾਂ ਹੀ ਕਰਨਾ ਚਾਹੁੰਦੀ ਹਾਂ। ਇਸ ਲਈ ਕਿਸੇ ਫ਼ਿਲਮ ਲਈ ਹਾਂ ਕਹਿਣ ਵਿੱਚ ਵਕਤ ਲੱਗ ਰਿਹਾ ਹੈ। ਮੈਂ ਪਿਛਲੇ ਛੇ ਮਹੀਨੇ ਵਿੱਚ ਕਈ ਨਵੀਆਂ ਫ਼ਿਲਮਾਂ ਦੀ ਪੇਸ਼ਕਸ਼ ਠੁਕਰਾ ਚੁੱਕੀ ਹਾਂ ਕਿਉਂਕਿ ਇਨ੍ਹਾਂ ਦੀਆਂ ਪਟਕਥਾਵਾਂ ਪੜ੍ਹਨ ਤੋਂ ਬਾਅਦ ਇਹ ਫ਼ਿਲਮਾਂ ਮੈਨੂੰ ਉਤਸ਼ਾਹਜਨਕ ਨਹੀਂ ਲੱਗੀਆਂ। ਨਵੀਆਂ ਪਟਕਥਾਵਾਂ ਪੜ੍ਹਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਵੇਂ ਹੀ ਕੋਈ ਚੰਗੀ ਪਟਕਥਾ ਸਾਹਮਣੇ ਆਵੇਗੀ, ਮੈਂ ਉਹ ਫ਼ਿਲਮ ਕਰ ਲਵਾਂਗੀ।
-ਇੱਕ ਸਮਾਂ ਸੀ ਜਦੋਂ ਤੁਹਾਨੂੰ ਸ਼ੂਟਿੰਗ ਤੋਂ ਪਲ ਭਰ ਦੀ ਵੀ ਫ਼ੁਰਸਤ ਨਹੀਂ ਮਿਲਦੀ ਸੀ, ਹੁਣ ?
-ਹੁਣ ਮੈਂ ਆਪਣੇ ਜੀਵਨ ਨੂੰ ਵਿਵਸਥਿਤ ਤਰੀਕੇ ਤੋਂ ਚਲਾਉਣ ਦਾ ਫ਼ੈਸਲਾ ਪੱਕਾ ਕਰ ਲਿਆ ਹੈ। ਇਸ ਵਜ੍ਹਾ ਕਾਰਨ ਹੁਣ ਮੈਂ ਚੁਣਕੇ ਫ਼ਿਲਮਾਂ ਸਾਈਨ ਕਰਦੀ ਹਾਂ। ਘੱਟ, ਪਰ ਚੰਗੀਆਂ ਫ਼ਿਲਮਾਂ ਕਰਦੀ ਹਾਂ ਅਤੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਪੂਰਾ ਵਕਤ ਦਿੰਦੀ ਹਾਂ। ਮੈਨੂੰ ਅੱਜਕੱਲ੍ਹ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀਆਂ ਲੱਗ ਰਹੀਆਂ ਹਨ। ਮੌਕਾ ਮਿਲਦੇ ਹੀ ਮੈਂ ਕੋਈ ਮਨਪਸੰਦ ਥ੍ਰਿਲਰ ਪੜ੍ਹਨ ਬੈਠ ਜਾਂਦੀ ਹਾਂ।
-ਹੁਣ ਤੁਸੀਂ ਪਤਨੀ ਹੀ ਨਹੀਂ, ਇੱਕ ਮਾਂ ਵੀ ਹੋ। ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਸੰਤੁਲਨ ਕਿਵੇਂ ਬਣਾਉਂਦੇ ਹੋ?
-ਮੇਰੀ ਖਾਸੀਅਤ ਰਹੀ ਹੈ ਕਿ ਮੈਂ ਹਮੇਸ਼ਾਂ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਸੰਤੁਲਨ ਬਣਾਕੇ ਰੱਖਦੀ ਹਾਂ, ਪਰ ਤੈਮੂਰ ਦੇ ਜਨਮ ਤੋਂ ਬਾਅਦ ਹੁਣ ਇਹ ਕਾਫ਼ੀ ਮੁਸ਼ਕਿਲ ਜ਼ਰੂਰ ਹੋ ਗਿਆ ਹੈ ਕਿਉਂਕਿ ਤੈਮੂਰ ਅਜੇ ਕਾਫ਼ੀ ਛੋਟਾ ਹੈ। ਇਸਦੇ ਬਾਵਜੂਦ ਮੈਂ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਸੈਫ਼ ਅਤੇ ਸਮੁੱਚੇ ਪਰਿਵਾਰ ਤੋਂ ਕਾਫ਼ੀ ਸਹਿਯੋਗ ਮਿਲਦਾ ਹੈ। ਉਂਜ, ਮੇਰਾ ਮੰਨਣਾ ਹੈ ਕਿ ਇੱਕ ਆਧੁਨਿਕ ਭਾਰਤੀ ਔਰਤ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦੀ ਹੈ ਅਤੇ ਉਹ ਆਪ ਇਸ ਗੱਲ ਨੂੰ ਸਮਝਦੀ ਵੀ ਹੈ।
-ਵਿਆਹ ਅਤੇ ਮਾਂ ਬਣਨ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਕੀ ਤਬਦੀਲੀ ਆਈ ਹੈ?
– ਮੇਰੇ ਜੀਵਨ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਜਬਰਦਸਤੀ ਕੁਝ ਵੀ ਬਦਲਣ ਲਈ ਕਦੇ ਵੀ ਕਿਸੇ ਨੇ ਮੇਰੇ ‘ਤੇ ਦਬਾਅ ਨਹੀਂ ਪਾਇਆ। ਨਾ ਸੈਫ਼ ਤੇ ਨਾਂ ਹੀ ਮੇਰੇ ਸਹੁਰੇ ਪਰਿਵਾਰ ਨੇ। ਇਸ ਸਭ ਦਾ ਸਿਹਰਾ ਮੇਰੀ ਸੱਸ ਸ਼ਰਮੀਲਾ ਜੀ ਨੂੰ ਜਾਂਦਾ ਹੈ ਜਿਨ੍ਹਾਂ ਦੇ ਵਿਚਾਰ ਆਧੁਨਿਕ ਹਨ। ਉਨ੍ਹਾਂ ਦਾ ਮੇਰੇ ਪ੍ਰਤੀ ਰਵੱਈਆ ਕਿਸੇ ਸਹੇਲੀ ਦੀ ਤਰ੍ਹਾਂ ਹੈ। ਮੈਂ ਬੇਝਿਜਕ ਉਨ੍ਹਾਂ ਨਾਲ ਹਰ ਗੱਲ ਸਾਂਝੀ ਕਰਦੀ ਹਾਂ ਅਤੇ ਉਹ ਧਿਆਨ ਦਿੰਦੇ ਹਨ।
-ਤਾਂ ਕੀ ਇਹ ਮੰਨਿਆ ਜਾਵੇ ਕਿ ਇਨ੍ਹਾਂ ਦਿਨਾਂ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਚੰਗੇ ਦੌਰ ਵਿੱਚ ਹੋ?
-ਹਾਂ, ਮੈਨੂੰ ਵੀ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਚੰਗੇ ਦੌਰ ਵਿੱਚ ਹਾਂ। ਮੈਂ ਖ਼ੁਸ਼ ਹਾਂ ਅਤੇ ਚੀਜ਼ਾਂ ਵਿੱਚ ਸਾਕਾਰਾਤਮਕਤਾ ਲੱਭਣ ਦੀ ਕੋਸ਼ਿਸ਼ ਕਰਦੀ ਹਾਂ। ਉਂਜ, ਬੌਲੀਵੁੱਡ ਮੈਨੂੰ ਬੇਹੱਦ ਪੇਸ਼ੇਵਰ ਮੰਨਦਾ ਹੈ ਕਿਉਂਕਿ ਗਰਭ ਅਵਸਥਾ ਦੌਰਾਨ ਵੀ ਮੈਂ ਸਮੇਂ ਉੱਤੇ ਆਪਣੇ ਸਾਰੇ ਪ੍ਰੌਜੈਕਟ ਖ਼ਤਮ ਕਰ ਦਿੱਤੇ ਸਨ। ਇੱਥੋਂ ਤਕ ਕਿ ਇਸ ਸਥਿਤੀ ਵਿੱਚ ਮੈਂ ਰੈਂਪਵਾਕ ਵੀ ਕੀਤੀ ਸੀ। ਦਰਅਸਲ, ਮੈਂ ਹਮੇਸ਼ਾਂ ਆਪਣੇ ਕੰਮ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਸੰਤੁਲਨ ਕਾਇਮ ਕੀਤਾ ਹੈ। ਲੋਕਾਂ ਨੂੰ ਲੱਗਦਾ ਸੀ ਕਿ ਮੈਂ ਨਹੀਂ ਕਰ ਸਕਾਂਗੀ, ਪਰ ਮੈਂ ਕੀਤਾ ਅਤੇ ਮੈਂ ਅਜਿਹਾ ਕਰਨਾ ਜਾਰੀ ਰੱਖਾਂਗੀ। ਮੇਰੇ ਖਿਆਲ ਵਿੱਚ ਔਰਤਾਂ ਇੱਕੋ ਵੇਲੇ ਕਈ ਕੰਮ ਕਰਨ ਦੇ ਸਮਰੱਥ ਹੁੰਦੀਆਂ ਹਨ।
-ਅੱਜਕੱਲ੍ਹ ਔਰਤ ਪ੍ਰਧਾਨ ਫ਼ਿਲਮਾਂ ਬਣ ਰਹੀਆਂ ਹਨ। ਬੌਲੀਵੁੱਡ ਦੇ ਇਸ ਬਦਲਦੇ ਰੁਝਾਨ ਬਾਰੇ ਤੁਸੀਂ ਕੀ ਕਹੋਗੇ?
-ਸੱਚ ਕਹਾਂ ਤਾਂ ਮੈਨੂੰ ਮਾਣ ਅਤੇ ਖ਼ੁਸ਼ੀ ਹੁੰਦੀ ਹੈ ਕਿ ਬੌਲੀਵੁੱਡ ਫ਼ਿਲਮ ਨਿਰਮਾਤਾ ਹੁਣ ਔਰਤਾਂ ਨੂੰ ਫ਼ਿਲਮਾਂ ਵਿੱਚ ਪ੍ਰਗਤੀਸ਼ੀਲ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਇਸ ਤਬਦੀਲੀ ਦਾ ਸਿਹਰਾ ਫ਼ਿਲਮਾਂ ਵਿੱਚ ਨੌਜਵਾਨ ਲੇਖਕਾਂ ਦੇ ਆਗਮਨ ਨੂੰ ਦਿੱਤਾ ਜਾਣਾ ਚਾਹੀਦਾ ਹੈ। ਅੱਜ ਹਿੰਦੀ ਫ਼ਿਲਮ ਜਗਤ ਵਿੱਚ ਪਰਦੇ ਉੱਤੇ ਔਰਤਾਂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਸ ਤਬਦੀਲੀ ਨੂੰ ਨਿਸ਼ਚਿਤ ਰੂਪ ਤੋਂ ਹਰ ਕੋਈ ਮਹਿਸੂਸ ਕਰ ਸਕਦਾ ਹੈ। ਨੌਜਵਾਨ ਨਿਰਦੇਸ਼ਕਾਂ ਵੱਲੋਂ ਹੁਣ ਲਿਖੇ ਜਾ ਰਹੇ ਕਿਰਦਾਰ ਮਿਹਨਤੀ ਅਤੇ ਸਫ਼ਲ ਔਰਤਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਵਿੱਚ ਸਫ਼ਲ ਰਹੇ ਹਨ।
-‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਸਥਿਤੀ ਕੀ ਹੈ ?
– ਇਸ ਫ਼ਿਲਮ ਦੀ ਸ਼ੂਟਿੰਗ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇਸਤੋਂ ਪਹਿਲਾਂ ਫ਼ਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸ਼ਸ਼ਾਂਕ ਘੋਸ਼ ਦੇ ਨਿਰਦੇਸ਼ਨ ਵਿੱਚ ਨਿਰਮਾਤਾ ਰੀਆ ਕਪੂਰ ਦੀ ਇਸ ਫ਼ਿਲਮ ਵਿੱਚ ਮੈਂ, ਸਵਰਾ ਭਾਸਕਰ, ਸੋਨਮ ਕਪੂਰ ਅਤੇ ਸ਼ਿਖਾ ਤਲਸਾਨਿਆ ਲੀਡ ਰੋਲ ਵਿੱਚ ਹਾਂ। ਦਰਅਸਲ, ਗਰਭ ਅਵਸਥਾ ਤੋਂ ਬਾਅਦ ਮੇਰੇ ਵਧੇ ਵਜ਼ਨ ਨੂੰ ਲੈ ਕੇ ਫ਼ਿਲਮ ਦੀ ਸ਼ੂਟਿੰਗ ਵਿੱਚ ਦੇਰ ਹੋਈ, ਪਰ ਹੁਣ ਮੈਂ ਸਖ਼ਤ ਮਿਹਨਤ ਅਤੇ ਜਿਮਿੰਗ ਨਾਲ ਪਹਿਲਾਂ ਵਰਗਾ ਆਕਾਰ ਹਾਸਲ ਕਰ ਲਿਆ ਹੈ। ਇਸ ਲਈ ਫ਼ਿਲਮ ਦੀ ਸ਼ੂਟਿੰਗ ਸਤੰਬਰ ਤੋਂ ਸ਼ੁਰੂ ਹੋ ਗਈ ਹੈ।
-ਕਿਹਾ ਜਾ ਰਿਹਾ ਹੈ ਕਿ ‘ਵੀਰੇ ਦੀ ਵੈਡਿੰਗ’ ਵਿੱਚ ਤੁਸੀਂ ਇੱਕ ਗਰਭਵਤੀ ਔਰਤ ਦਾ ਕਿਰਦਾਰ ਨਿਭਾ ਰਹੇ ਹੋ ?
-ਨਹੀਂ, ਮੈਂ ਗਰਭਵਤੀ ਔਰਤ ਦਾ ਕਿਰਦਾਰ ਨਹੀਂ ਨਿਭਾ ਰਹੀ। ਜਿੱਥੋਂ ਤਕ ਗੱਲ ‘ਵੀਰੇ ਦੀ ਵੈਡਿੰਗ’ ਦੀ ਹੈ ਤਾਂ ਮੈਨੂੰ ਇਸਦਾ ਵਿਚਾਰ ਪਸੰਦ ਆਇਆ ਅਤੇ ਮੈਂ ਆਪਣੇ ਆਪ ਨੂੰ ਇਸ ਫ਼ਿਲਮ ਵਿੱਚ ਕੰਮ ਕਰਨ ਤੋਂ ਰੋਕ ਨਹੀਂ ਸਕੀ। ਦਰਅਸਲ, ਇਸ ਵਿੱਚ ਔਰਤਾਂ ਦੀ ਨਹੀਂ, ਸਗੋਂ ਚਾਰ ਲੜਕੀਆਂ ਦੀ ਕਹਾਣੀ ਹੈ। ਇਹ ਚਾਰ ਭੈਣਾਂ ਨਹੀਂ ਹਨ। ਇਹ ਚਾਰ ਸਹੇਲੀਆਂ ਦੀ ਕਹਾਣੀ ਹੈ। ਫ਼ਿਲਮ ਵਿੱਚ ਮੇਰੀ ਅਤੇ ਮੇਰੀਆਂ ਸਹੇਲੀਆਂ ਦੇ ਵਿਆਹ ਦੀ ਕਹਾਣੀ ਹੈ। ਇਹ ਇੱਕ ਅਸਲੀ ਕਹਾਣੀ ਹੈ ਜਿਸ ਵਿੱਚ ਦੋਸਤਾਂ ਵਿੱਚ ਭਾਵਨਾਤਮਕ ਲਗਾਅ ਨੂੰ ਤਾਜ਼ਗੀ ਅਤੇ ਨਵੇਂਪਣ ਨਾਲ ਵਿਖਾਇਆ ਗਿਆ ਹੈ। ਮੇਰਾ ਮੰਨਣਾ ਹੈ ਕਿ ਅਜੋਕੇ ਬਦਲਦੇ ਸਮੇਂ ਅਤੇ ਸਿਨਮਾ ਵਿੱਚ ਅਜਿਹੀਆਂ ਫ਼ਿਲਮਾਂ ਬਣਾਉਣੀਆਂ ਸੌਖੀਆਂ ਹਨ ਕਿਉਂਕਿ ਅੱਜਕੱਲ੍ਹ ਲੋਕ ਵੀ ਅਜਿਹੀਆਂ ਫ਼ਿਲਮਾਂ ਵੇਖਣਾ ਚਾਹੁੰਦੇ ਹਨ। ਇਹ ਅਦਭੁੱਤ ਫ਼ਿਲਮ ਹੈ। ਇਸ ਦੀਆਂ ਨਿਰਮਾਤਾਵਾਂ ਵੀ ਦੋ ਔਰਤਾਂ ਹਨ ਅਤੇ ਫ਼ਿਲਮ ਵੀ ਸਿਰਫ਼ ਅਭਿਨੇਤਰੀਆਂ ਨਾਲ ਸਜੀ ਹੈ। ਇਹ ਸ਼ਾਇਦ ਭਾਰਤ ਦੀ ਪਹਿਲੀ ਅਸਲੀ ਰੂਪ ਵਿੱਚ ਲੜਕੀਆਂ ਦੀ ਫ਼ਿਲਮ ਹੈ।
– ਸ਼ੂਟਿੰਗ ਦੌਰਾਨ ਤੈਮੂਰ ਦੀ ਦੇਖ ਰੇਖ ਕੌਣ ਕਰਦਾ ਹੈ?
– ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਦੌਰਾਨ ਮੇਰੇ ਪਤੀ ਸੈਫ਼ ਅਲੀ ਖ਼ਾਨ ਤੈਮੂਰ ਦਾ ਖਿਆਲ ਰੱਖ ਰਹੇ ਹਨ। ਉਂਜ ਵੀ ਅਸੀਂ ਦੋਨੋਂ ਹੀ ਇਸ ਤਰ੍ਹਾਂ ਹੀ ਵਾਰੀ – ਵਾਰੀ ਤੈਮੂਰ ਦਾ ਖਿਆਲ ਰੱਖਦੇ ਹਾਂ। ਹਾਲਾਂਕਿ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਇਸਦੇ ਖ਼ਤਮ ਹੋਣ ਤਕ ਸੈਫ਼ ਆਪਣੇ ਸ਼ੂਟ ਨੂੰ ਰੋਕ ਦੇਣਗੇ ਜਾਂ ਸਮੇਂ ਅਨੁਸਾਰ ਸ਼ੂਟ ਕਰਨਗੇ। ਮੈਨੂੰ ਤੈਮੂਰ ਤੋਂ ਦੂਰ ਰਹਿਣਾ ਪਸੰਦ ਨਹੀਂ ਹੈ ਅਤੇ ਮੈਂ ਉਸਦੇ ਬਚਪਨ ਦਾ ਇੱਕ ਵੀ ਪਲ ਛੱਡਣਾ ਨਹੀਂ ਚਾਹੁੰਦੀ। ਜੇਕਰ ਮੈਨੂੰ ਸ਼ੂਟਿੰਗ ਲਈ ਬਾਹਰ ਜਾਣਾ ਪਵੇਗਾ ਤਾਂ ਮੈਂ ਉਸਨੂੰ ਕਦੇ-ਕਦੇ ਆਪਣੀ ਸ਼ੂਟਿੰਗ ਉੱਤੇ ਵੀ ਲੈ ਜਾਵਾਂਗੀ।
-ਕੀ ਇਹ ਕਹਿਣਾ ਠੀਕ ਹੋਵੇਗਾ ਕਿ ਟੌਪ ਹੀਰੋਇਨਾਂ ਵਿੱਚ ਆਈਟਮ ਡਾਂਸ ਕਰਨ ਦਾ ਰੁਝਾਨ ਸ਼ੁਰੂ ਹੋਇਆ ਹੈ?
-ਇਹ ਤਾਂ ਨਹੀਂ ਦੱਸ ਸਕਦੀ ਕਿ ਪਰੰਪਰਾ ਕਿਸਨੇ ਸ਼ੁਰੂ ਕੀਤੀ, ਹਾਂ ਇਹ ਜ਼ਰੂਰ ਦੱਸ ਸਕਦੀ ਹਾਂ ਕਿ ਡਾਂਸ ਸਾਡੇ ਭਾਰਤੀ ਸਿਨਮਾ ਵਿੱਚ ਸਦੀਆਂ ਤੋਂ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਡਾਂਸ ਦੇ ਬਿਨਾਂ ਭਾਰਤੀ ਸਿਨਮਾ ਰੰਗਹੀਣ ਹੈ, ਰੂਪਹੀਣ ਹੈ, ਆਨੰਦਹੀਣ ਹੈ ਅਤੇ ਬਚਪਨ ਤੋਂ ਹੀ ਮੈਨੂੰ ਡਾਂਸ ਕਰਨ ਦਾ ਜਬਰਦਸਤ ਸ਼ੌਕ ਰਿਹਾ ਹੈ। ਜਦੋਂ ਤਕ ਇੱਛਾ ਹੋਵੇਗੀ, ਮੈਂ ਡਾਂਸ ਕਰਦੀ ਰਹਾਂਗੀ।
-ਤੁਸੀਂ ਹੁਣ ਤਕ ਜੋ ਵੀ ਕਿਰਦਾਰ ਨਿਭਾਏ ਹਨ, ਉਨ੍ਹਾਂ ਵਿੱਚ ਕਿਹੜੇ ਚਰਿੱਤਰ ਦੀ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ?
– ਮੇਰਾ ਹਕੀਕਤ ਦਾ ਸੁਭਾਅ ਕੁਝ – ਕੁਝ ਫ਼ਿਲਮ ‘ਜਬ ਵੀ ਮੈੱਟ’ ਦੀ ਨਾਇੱਕਾ ਦੀ ਤਰ੍ਹਾਂ ਹੈ। ਉਸ ਫ਼ਿਲਮ ਨੂੰ ਕਰਦੇ ਹੋਏ ਮੈਨੂੰ ਐਕਟਿੰਗ ਕਰਨੀ ਹੀ ਨਹੀਂ ਪਈ।
-ਅੱਜਕੱਲ੍ਹ ਆਪਣੀ ਗੱਲ ਕਹਿਣ ਲਈ ਸੋਸ਼ਲ ਮੀਡੀਆ ਅਹਿਮ ਪਲੈਟਫ਼ਾਰਮ ਬਣ ਗਿਆ ਹੈ। ਤੁਸੀਂ ਵੀ ਇਸ ਪਲੈਟਫ਼ਾਰਮ ਉੱਤੇ ਹੋ?
-ਨਹੀਂ, ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਚੀਜ਼ ਉੱਤੇ ਆਪਣੀ ਰਾਇ ਦੇ ਕੇ, ਲੋਕਾਂ ਦੁਆਰਾ ਟਰੋਲ ਹੋਣ ਦੀ ਬਜਾਏ ਆਪਣੇ ਘਰ ਉੱਤੇ ਬੈਠਕੇ ਟੀਵੀ ਵੇਖਣਾ ਪਸੰਦ ਕਰਾਂਗੀ। ਮੈਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਹਾਂ ਜੋ ਨਾ ਹੀ ਟਵਿੱਟਰ ਉੱਤੇ ਹਨ ਤੇ ਨਾ ਹੀ ਇੰਸਟਾਗਰਾਮ ਉੱਤੇ।
-ਤੁਸੀਂ ਦੁਬਾਰਾ ਆਪਣੇ ਪਹਿਲੇ ਰੂਪ ਵਿੱਚ ਆ ਗਏ ਹੋ। ਤੁਹਾਡੀ ਫ਼ਿੱਟਨੈੱਸ ਦਾ ਰਾਜ਼ ਕੀ ਹੈ?
-ਮੇਰਾ ਮੰਨਣਾ ਹੈ ਕਿ ਫ਼ਿੱਟ ਰਹਿਣ ਲਈ ਜੀਵਨ ਪ੍ਰਤੀ ਸਵੱਸਥ ਦ੍ਰਿਸ਼ਟੀਕੋਣ ਰੱਖਣਾ ਬਹੁਤ ਮਹੱਤਵਪੂਰਨ ਹੈ। ਸਾਕਾਰਾਤਮਕ ਸੋਚ, ਸੰਤੁਲਿਤ ਖਾਣਾ ਅਤੇ ਠੀਕ ਕਸਰਤ ਮੈਨੂੰ ਫ਼ਿੱਟ ਰਹਿਣ ਵਿੱਚ ਮਦਦ ਕਰਦੀ ਹੈ। ਹਾਲਾਂਕਿ, ਮੈਂ ਆਪਣੀ ਫ਼ਿੱਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਰਹਿੰਦੀ ਹਾਂ। ਰੋਜ਼ਾਨਾ ਦੋ ਘੰਟੇ ਦਾ ਸਮਾਂ ਆਪਣੇ ਵਰਕਆਊਟ ਲਈ ਰੱਖਦੀ ਹਾਂ। ਯੋਗ ਅਤੇ ਕਾਰਡਿਓ ਮੇਰੇ ਰੋਜ਼ਾਨਾ ਕੀਤੇ ਜਾਣ ਵਾਲੇ ਵਰਕਆਊਟ ਦਾ ਹਿੱਸਾ ਹੈ। ਫ਼ਿੱਟਨੈੱਸ ਦਾ ਮਤਲਬ ਕਠੋਰ ਮਾਪਦੰਡਾਂ ਦਾ ਪਾਲਣ ਕਰਨਾ ਨਹੀਂ ਹੈ, ਸਗੋਂ ਸੰਤੁਲਨ ਫ਼ਿੱਟਨੈੱਸ ਦੀ ਕੁੰਜੀ ਹੈ ਅਤੇ ਸਾਧਾਰਨ ਭਾਰਤੀ ਖਾਣਾ ਲੰਬੇ ਸਮੇਂ ਤਕ ਤੁਹਾਨੂੰ ਫ਼ਿੱਟ ਰੱਖਣ ਦਾ ਇੱਕ ਰਸਤਾ ਹੈ।