ਡੇਰਾ ਪ੍ਰੇਮੀਆਂ ਦੀ ਪੰਥ ਵਾਪਸੀ ਕਰਾਉਣ ਸਿੱਖ ਜਥੇਬੰਦੀਆਂ!

ਡੇਰੇਦਾਰਾਂ ਦੇ ਅਧਿਆਤਮਕ ਕਾਰੋਬਾਰ ਦੀ ਪੋਲ ਪੂਰੇ ਤੌਰ ‘ਤੇ ਖੁੱਲ੍ਹ ਗਈ ਹੈ। ਵੋਟਾਂ ਵਿੱਚ ਸਿਆਸਤਦਾਨਾਂ ਨੂੰ ਬਲੈਕਮੇਲ ਕਰਨ ਵਾਲਾ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਗੁਰਮੀਤ ਅੱਜ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਉਹ ਹੁਣ ਸਲਾਖ਼ਾਂ ਪਿੱਛੇ ਹੈ। ਉਸ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਅਤੇ 30 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ। ਡੇਰਾ ਮੁਖੀ ਸਿਰਫ਼ ਸਲਾਖ਼ਾਂ ਪਿਛੇ ਹੀ ਨਹੀਂ ਗਿਆ ਸਗੋਂ ਇੱਕ ਅਜਿਹਾ ਹੰਕਾਰ ਢਹਿਢੇਰੀ ਹੋ ਗਿਆ ਹੈ ਜੋ ਢਕਵੰਜ ਤਾਂ ਫ਼ਕੀਰਾਂ ਵਾਲੇ ਕਰਦਾ ਸੀ, ਪਰ ਅਸਲ ਵਿੱਚ ਇੱਕ ਅਜਿਹਾ ਦੁਸ਼ਟ ਸੀ ਜੋ ‘ਪਿਤਾ ਜੀ’ ਕਹਾ ਕੇ ਆਪਣੀਆਂ ਹੀ ਨਾਬਾਲਗ ਸਾਧਵੀਆਂ ਦਾ ਸ਼ਰੀਰਕ ਸ਼ੋਸ਼ਣ ਕਰਦਾ ਰਿਹਾ। ਉਥੇ ਰਹਿੰਦੇ ਸਾਧੂਆਂ ਨੂੰ ਨਿਪੰਸਕ ਬਣਾਉਂਦਾ ਅਤੇ ਜਿਹੜੇ ਲੋਕ ਉਸ ਦੀਆਂ ਸਾਜ਼ਿਸ਼ਾਂ ਨੂੰ ਜਾਣ ਜਾਂਦੇ, ਉਨ੍ਹਾਂ ਦਾ ਕਤਲ ਕਰਵਾ ਦਿੰਦਾ। ਹੁਣ ਇਹ ਕੋਈ ਦੋਸ਼ ਨਹੀਂ ਰਹਿ ਗਏ ਬਲਕਿ ਉਸ ਖ਼ਿਲਾਫ਼ ਸਭ ਕੁਝ ਸਾਬਤ ਹੋ ਚੁੱਕਾ ਹੈ।
ਇਹ ਵੱਡਾ ਹੰਕਾਰ ਹੀ ਸੀ ਕਿ ਅਦਾਲਤ ਦਾ ਫ਼ੈਸਲਾ ਸੁਣਨ ਲਈ ਵੀ ਡੇਰਾ ਮੁਖੀ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਆਪਣੇ ਨਾਲ ਪੰਚਕੂਲਾ ਲਿਆ ਕੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਸੀ ਕਿ ਸ਼ਾਇਦ ਅਦਾਲਤ ਵੀ ਉਸ ਦੇ ਦਬਾਅ ਹੇਠ ਆ ਜਾਵੇ, ਪਰ ਅਜਿਹਾ ਨਾ ਹੋਇਆ। ਅਦਾਲਤ ਨੇ ਸਾਬਤ ਕਰ ਦਿੱਤਾ ਕਿ ਦੇਸ਼ ਦੇ ਕਾਨੂੰਨ ਅੱਗੇ ਸਭ ਬਰਾਬਰ ਹਨ, ਅਤੇ ਇਹ ਵੀ ਦਰਸਾਇਆ ਕਿ ਜੇਕਰ ਅੱਜ ਕੋਈ ਆਸ ਦੀ ਕਿਰਨ ਹੈ ਤਾਂ ਉਹ ਸਿਰਫ਼ ਨਿਆਂ ਪਾਲਿਕਾ ਹੀ ਹੈ। ਅੱਜ ਹਾਲਾਤ ਇਹ ਹਨ ਕਿ ਸਾਰੀ ਦੁਨੀਆਂ ਨੂੰ ਟਿੱਚ ਸਮਝਣ ਵਾਲਾ ਬਾਬਾ ਰੋਹਤਕ ਜੇਲ੍ਹ ‘ਚ ਬੈਠਾ ਕੈਦੀਆਂ ਵਾਲੀਆਂ ਰੋਟੀਆਂ ਨਾਲ ਜੁਗਾਲੀ ਕਰ ਰਿਹਾ ਹੈ, ਪਰ ਇਹ ਰੋਟੀ ਉਸ ਦੇ ਸੰਘੋਂ ਹੇਠਾਂ ਨਹੀਂ ਲਹਿੰਦੀ। ਇਸੇ ਲਈ ਫ਼ੈਸਲੇ ਵਾਲੇ ਦਿਨ ਉਹ ਜੱਜ ਨੂੰ ਕਹਿੰਦਾ ਹੈ ਕਿ ਇੱਥੋਂ ਦੀ ਰੋਟੀ ਉਸ ਨੂੰ ਬਿਮਾਰ ਕਰ ਦੇਵੇਗੀ। ਜਦੋਂ ਜੱਜ ਨੇ ਫ਼ੈਸਲਾ ਸੁਣਾਇਆ ਤਾਂ ਉਹ ਉਸ ਅੱਗੇ ਗੋਡੇ ਟੇਕ ਕੇ ਰਹਿਮ ਦੀ ਅਪੀਲ ਕਰ ਰਿਹਾ ਸੀ ਅਤੇ ਭੁੱਬਾਂ ਮਾਰ ਮਾਰ ਕੇ ਰੋ ਰਿਹਾ ਸੀ … ਜ਼ਮੀਨ ‘ਤੇ ਲੇਟਣੀਆਂ ਲੈ ਰਿਹਾ ਸੀ।
ਹੈਂਕੜਬਾਜ਼ੀ ਦੀ ਇੱਕਲੌਤੀ ਮਿਸਾਲ ਸਿਰਫ਼ ‘ਪਿਤਾ ਜੀ’ ਹੀ ਨਹੀਂ, ਉਸ ਦੇ ਚੇਲਿਆਂ ਤੋਂ ਇਲਾਵਾ ਉਸ ਦੇ ਨਿਜੀ ਅੰਗ ਰੱਖਿਅਕ ਵੀ ਸਨ ਜਿਨ੍ਹਾਂ ਨੇ ਬਾਬੇ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਤੋਂ ਰੋਕਣ ਲਈ ਇੱਕ ਆਈ ਜੀ ਪੱਧਰ ਦੇ ਅਧਿਕਾਰੀ ਦੇ ਥੱਪੜ ਵੀ ਜੜ੍ਹ ਦਿੱਤਾ ਸੀ। ਹੁਣ ਇਹ ਸਾਰੇ ਅੰਗ ਰੱਖਿਅਕ ਵੀ ਹਵਾਲਾਤ ਦੀ ਹਵਾ ਖਾ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਰਾਮ ਰਹੀਮ ਦੇ ਨਾਂ ‘ਤੇ ਅਰਬਾਂ ਦੀ ਜਾਇਦਾਦ ਬਣਾਉਣ ਵਾਲਾ ਹੁਣ ਕੈਦੀ ਨੰਬਰ 1997 ਬਣ ਗਿਆ ਹੈ। ਅੱਜ ਡੇਰਾ ਸੱਚਾ ਸੌਦਾ ਦਾ ਸਾਮਰਾਜ ਨੇਸਤੋ ਨਾਬੂਦ ਹੋ ਰਿਹਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਹਨ ਕਿ ਡੇਰਾ ਪ੍ਰੇਮੀਆਂ ਨੇ ਗੁੰਡਾਗਰਦੀ ਕਰ ਕੇ ਜਿਹੜੀ ਜ਼ਮੀਨੋ-ਜਾਇਦਾਦ ਦਾ ਨੁਕਸਾਨ ਕੀਤਾ ਹੈ, ਉਸ ਦੀ ਭਰਪਾਈ ਡੇਰੇ ਦੀ ਆਮਦਨ ਵਿੱਚੋਂ ਹੀ ਕੀਤੀ ਜਾਵੇ। ਇਸ ਲਈ ਹੁਣ ਹਰਿਆਣਾ ਸਰਕਾਰ, ਪਹਿਲਾਂ ਦੀ ਨਮੋਸ਼ੀ ਭਰੀ ਕਾਰਗੁਜ਼ਾਰੀ ਤੋਂ ਬਾਅਦ, ਹੁਣ ਹਰਕਤ ਵਿੱਚ ਆ ਗਈ ਹੈ। ਉਸ ਨੇ ਰਾਮ ਰਹੀਮ ਦੇ ਡੇਰਿਆਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਜਦੋਂ ਹਕੀਕਤ ਸਾਹਮਣੇ ਆ ਰਹੀ ਹੈ ਤਾਂ ਜਿਹੜੇ ਡੇਰਾ ਪ੍ਰੇਮੀ ਡਾਂਗਾਂ ਚੁੱਕ ਕੇ ਸੋਸ਼ਲ ਮੀਡੀਆ ਉੱਤੇ ਪੂਰੇ ਦੇਸ਼ ਨੂੰ ਵੰਗਾਰ ਰਹੇ ਸਨ, ਹੁਣ ਆਪਣੇ ਬਾਬੇ ਦਾ ਲਾਕਟ ਵੀ ਤੋੜ-ਤੋੜ ਕੇ ਸੁੱਟ ਰਹੇ ਹਨ ਤਾਂ ਕਿ ਉਨ੍ਹਾਂ ਦੀ ਪਹਿਚਾਣ ਕਿਧਰੇ ਡੇਰਾ ਪ੍ਰੇਮੀ ਵਜੋਂ ਨਾ ਹੋ ਜਾਵੇ।
ਅਸਲ ਵਿੱਚ ਅਜਿਹੇ ਡੇਰੇਦਾਰ ਸਿਰੇ ਦੇ ਚਲਾਕ ਬੰਦੇ ਹੁੰਦੇ ਹਨ। ਕੁਝ ਚੰਗੇ ਕੰਮਾਂ ਦੇ ਨਾਮ ਉੱਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਮੀਡੀਆ ਵਿੱਚ ਪ੍ਰਚਾਰ ਕਰਦੇ ਹਨ। ਗ਼ਰੀਬ ਅਤੇ ਅਨਪੜ੍ਹ ਵਿਅਕਤੀਆਂ ਨੂੰ ਆਪਣੇ ਨਾਲ ਲਗਾਉਂਦੇ ਹਨ, ਉਨ੍ਹਾਂ ਨੂੰ ਕੁਝ ਸਹੂਲਤਾਂ ਦਿੰਦੇ ਹਨ ਅਤੇ ਸਿਆਸਤਦਾਨਾਂ ਤੋਂ ਇਨ੍ਹਾਂ ਲੋਕਾਂ ਦਾ ਮੁੱਲ ਵੱਟਦੇ ਹਨ। ਇਹ ਲੋਕ ਅਜਿਹੇ ਅਖੌਤੀ ਧਰਮ ਗੁਰੂਆਂ ‘ਤੇ ਇੰਨਾ ਵਿਸ਼ਵਾਸ ਕਰ ਲੈਂਦੇ ਹਨ ਕਿ ਉਹ ਇਹ ਮੰਨਣ ਲਈ ਤਿਆਰ ਹੀ ਨਹੀਂ ਹੁੰਦੇ ਕਿ ਉਨ੍ਹਾਂ ਦੇ ਇਹ ਗੁਰੂ ਕੁਝ ਗ਼ਲਤ ਵੀ ਕਰ ਸਕਦੇ ਹਨ। ਜਿਨ੍ਹਾਂ ਸਾਧਵੀਆਂ ਦੇ ਖ਼ਤ ਉੱਤੇ ਰਾਮ ਰਹੀਮ ਨੂੰ ਸਜ਼ਾ ਮਿਲੀ ਹੈ, ਉਨ੍ਹਾਂ ਦੇ ਮਾ ਬਾਪ ਤਕ ਇਹ ਕਹਿ ਰਹੇ ਸਨ ਕਿ ਉਨ੍ਹਾਂ ਦਾ ਭਗਵਾਨ ਅਜਿਹਾ ਕਰ ਹੀ ਨਹੀਂ ਸਕਦਾ। ਉਨ੍ਹਾਂ ਨੇ ਇਨ੍ਹਾਂ ਸਾਧਵੀਆਂ ਦੀ ਇੱਕ ਗੱਲ ਨਹੀਂ ਸੁਣੀ।
ਲੱਖਾਂ ਕਰੋੜਾਂ ਲੋਕ ਇਨ੍ਹਾਂ ਡੇਰਿਆਂ ਨਾਲ ਜੁੜੇ ਹੋਏ ਹਨ। ਲੋਕਾਂ ਦੀ ਭੀੜ ਸਿਆਸਤਦਾਨਾਂ ਦੀ ਕਮਜ਼ੋਰੀ ਹੁੰਦੀ ਹੈ। ਸਿਆਸਤਦਾਨਾਂ ਦੀ ਇਸ ਕਮਜ਼ੋਰੀ ਕਾਰਨ ਹੀ ਇਹ ਬਾਬੇ ਤਾਕਤਵਰ ਬਣਦੇ ਹਨ ਅਤੇ ਦਿਨਾਂ ਵਿੱਚ ਹੀ ਸ਼ਕਤੀਸ਼ਾਲੀ ਹੋ ਜਾਂਦੇ ਹਨ। ਹੁਣ ਇਹ ਸਿਆਸਤਦਾਨਾਂ ਲਈ ਵੀ ਇੱਕ ਵੱਡਾ ਸਬਕ ਹੈ ਅਤੇ ਉਨ੍ਹਾਂ ਨੂੰ ਇਹ ਸਮਝ ਆ ਗਈ ਹੋਵੇਗੀ ਕਿ ਅਜਿਹੇ ਵਿਅਕਤੀਆਂ ਕੋਲ ਕੋਈ ਅਧਿਆਤਮਕ ਸ਼ਕਤੀ ਨਹੀਂ ਹੁੰਦੀ। ਇਹ ਤਾਂ ਸਿਰਫ਼ ਅਧਿਆਤਮਕਤਾ ਦੇ ਨਾਮ ਉੱਤੇ ਵੱਡੇ ਕਾਰੋਬਾਰ ਕਰਦੇ ਹਨ ਅਤੇ ਸਿਆਸਤਦਾਨਾਂ ‘ਤੇ ਆਪਣਾ ਦਬਦਬਾ ਬਣਾਉਂਦੇ ਹਨ। ਇਹੀ ਲੋਕ ਸਿਆਸਤਦਾਨਾਂ ਲਈ ਤਬਾਹਕੁੰਨ ਵੀ ਸਾਬਤ ਹੁੰਦੇ ਹਨ। ਜਿਵੇਂ ਹਰਿਆਣਾ ਦੀ ਖੱਟੜ ਸਰਕਾਰ ਲਈ ਡੇਰਾ ਸਿਰਸਾ ਸਾਬਤ ਹੋਇਆ ਹੈ। ਹਰ ਕੋਈ ਅੱਜ ਹਰਿਆਣਾ ਸਰਕਾਰ ‘ਤੇ ਥੂਹ-ਥੂਹ ਕਰ ਰਿਹਾ ਹੈ। ਇਹ ਡੇਰਾ ਪੰਜਾਬ ਵਿੱਚ ਸਿਆਸਤਦਾਨਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਸਮੇਂ-ਸਮੇਂ ‘ਤੇ ਇਸ ਡੇਰੇ ਤੋਂ ਚੋਣਾਂ ਮੌਕੇ ਸਹਾਇਤਾ ਹਾਸਲ ਕੀਤੀ ਹੈ। ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਇਸ ਡੇਰੇ ਅੱਗੇ ਨਤਮਸਤਕ ਹੁੰਦੇ ਦੇਖੇ ਗਏ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ‘ਤੇ ਤਲਬ ਕੀਤਾ ਗਿਆ।
ਜੇਕਰ ਸਿਆਸਤਦਾਨ ਸਿਧਾਂਤਾਂ ‘ਤੇ ਚੱਲਣ ਅਤੇ ਲੋਕਾਂ ਦੀ ਸੇਵਾ ਕਰਨ ਤਾਂ ਲੋਕ ਉਨ੍ਹਾਂ ਦੀ ਕਦਰ ਕਰਨ। ਇਸ ਘਟਨਾਕ੍ਰਮ ਤੋਂ ਪਹਿਲਾਂ ਲੋਕਾਂ ਅਤੇ ਸਿਆਸਤਦਾਨਾਂ ਨੂੰ ਬਾਬਾ ਰਾਮਪਾਲ, ਬਾਪੂ ਆਸਾਰਾਮ ਦਾ ਹਸ਼ਰ ਵੀ ਦੇਖ ਲੈਣਾ ਚਾਹੀਦਾ ਹੈ। ਜ਼ਿਆਦਾਤਰ ਡੇਰੇਦਾਰ ਅਪਰਾਧਿਕ ਪ੍ਰਵਿਰਤੀ ਦੇ ਸਾਬਤ ਹੋ ਰਹੇ ਹਨ। ਡੇਰਿਆਂ ਦੀ ਆੜ ਵਿੱਚ ਇਨ੍ਹਾਂ ਲੋਕਾਂ ਦੇ ਅਪਰਾਧਕ ਧੰਦੇ ਵੱਧ ਫ਼ੁਲ ਰਹੇ ਹਨ। ਪਰ ਹੁਣ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਕਾਨੂੰਨ ਦੀ ਮਾਰ ਪੈਂਦੀ ਹੈ ਤਾਂ ਆਪਣੇ ਆਪ ਨੂੰ ਰੱਬ ਸਮਝਣ ਵਾਲੇ ਬਾਬੇ ਵੀ ਜੱਜਾਂ ਅੱਗੇ ਲਿਲੜੀਆਂ ਕੱਢਦੇ ਨਜ਼ਰ ਆਉਂਦੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਖੜ੍ਹਾ ਕੀਤਾ ਗਿਆ ਸਾਮਰਾਜ ਪਲਾਂ ਵਿੱਚ ਹੀ ਖੇਰੂੰ-ਖੇਰੂੰ ਹੋ ਜਾਂਦਾ ਹੈ। ਰਾਮ ਰਹੀਮ ਵੀ ਇਸੇ ਕਾਰਨ ਅੱਜ ਰੋਹਤਕ ਜੇਲ੍ਹ ਵਿੱਚ ਕੰਧਾਂ ‘ਤੇ ਵਾਹ ਵਾਹ ਇਹ ਹਿਸਾਬ ਲਗਾਉਣ ਦੀ ਕੋਸ਼ਿਸ਼ ਕਰਦਾ ਹੋਵੇਗਾ ਕਿ ਕਿ ਉਸ ਦੀ ਅਰਬਾਂ-ਖ਼ਰਬਾਂ ਦੀ ਜਾਇਦਾਦ ਦਾ ਕੀ ਬਣੇਗਾ?
ਜਦੋਂ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਭਗਵਾਨ ਸੀ ਤਾਂ ਸਿਆਸਤਦਾਨ ਅਤੇ ਨੌਕਰਸ਼ਾਹੀ ਉਸ ਦੇ ਪੈਰਾਂ ਵਿੱਚ ਲਿਟਦੀ ਹੁੰਦੀ ਸੀ ਅਤੇ ਅੱਜ ਉਹ ਕੈਦੀਆਂ ਵਾਲੀ ਵਰਦੀ ਪਾ ਕੇ ਚੱਕੀ ਪੀਸ ਰਿਹਾ ਹੈ। ਅਸਲ ਵਿੱਚ ਇਨ੍ਹਾਂ ਡੇਰਿਆਂ ਖ਼ਿਲਾਫ਼ ਇੱਕ ਜਾਗਰੂਕ ਮੁਹਿੰਮ ਦੀ ਲੋੜ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਪੰਜਾਬ ਵਿੱਚ ਮਾਲਵਾ ਖੇਤਰ ਦੇ ਪ੍ਰੇਮੀਆਂ ਦਾ ਵੀ ਭਰਮ ਟੁੱਟ ਗਿਆ ਹੈ ਕਿ ਰਾਮ ਰਹੀਮ ਗੁਰਮੀਤ ਸਿੰਘ ਕੋਈ ਅਧਿਆਤਮਕ ਸ਼ਕਤੀ ਹੈ। ਇਹੀ ਕਾਰਨ ਹੈ ਕਿ ਉਹ ਅੱਜ ਅਲੱਗ-ਥਲੱਗ ਪੈ ਗਏ ਹਨ। ਨਾ ਤਾਂ ਉਹ ਡੇਰੇ ਜੋਗੇ ਰਹੇ ਹਨ ਅਤੇ ਨਾ ਹੀ ਉਹ ਆਪਣੇ ਮੂਲ ਧਰਮ ਜੋਗੇ ਰਹੇ। ਉਹ ਅੱਜ ਦੀ ਦਿਹਾੜੀ ਵਿੱਚ ਆਪਣੀ ਪਹਿਚਾਣ ਲੁਕਾ ਰਹੇ ਹਨ। ਇਹ ਕੋਈ ਅਪਰਾਧੀ ਲੋਕ ਨਹੀਂ। ਇੱਕ ਆਸਥਾ ਕਾਰਨ ਜਾਂ ਆਰਥਿਕ ਤੰਗੀਆਂ, ਸਮਾਜਿਕ ਨਾ-ਬਰਾਬਰੀ ਕਾਰਨ ਉਹ ਡੇਰਿਆਂ ਦੇ ਲੜ ਲੱਗ ਜਾਂਦੇ ਹਨ। ਅੱਜ ਉਨ੍ਹਾਂ ਨੂੰ ਆਸਰਾ ਦੇਣ ਦੀ ਲੋੜ ਹੈ, ਨਫ਼ਰਤ ਦਾ ਮਾਹੌਲ ਖ਼ਤਮ ਕਰਨ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਮੂਲ ਧਰਮਾਂ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਲੋੜ ਹੈ।
ਹੁਣ ਜਦੋਂ ਡੇਰਾ ਮੁਖੀ ਜੇਲ੍ਹ ਵਿੱਚ ਹੈ ਤਾਂ ਨਿਸ਼ਚਿਤ ਹੀ ਇਸ ਡੇਰੇ ਦਾ ਪ੍ਰਭਾਵ ਵੀ ਖ਼ਤਮ ਹੋ ਜਾਵੇਗਾ। ਉਸ ਦੀ ਪਹਿਲਾਂ ਵਾਲੀ ਚੜ੍ਹਤ ਹੁਣ ਨਹੀਂ ਰਹਿਣ ਵਾਲੀ। ਸਿਰਫ਼ ਓਹੀ ਲੋਕ ਇਸ ਡੇਰੇ ਨਾਲ ਜੁੜੇ ਰਹਿਣਗੇ ਜਿਨ੍ਹਾਂ ਦੀਆਂ ਅੱਖਾਂ ‘ਤੇ ਵਾਕਈ ਪੱਟੀ ਬੰਨ੍ਹੀ ਹੋਈ ਹੈ ਜਾਂ ਜਿਹੜੇ ਡੇਰੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਇਹ ਉਨ੍ਹਾਂ ਡੇਰਾ ਪ੍ਰੇਮੀਆਂ ਲਈ ਵੀ ਜਾਗਰੂਕਤਾ ਦੀ ਘੜ੍ਹੀ ਹੈ ਜਿਹੜੇ ਸੂਝਵਾਨ ਹਨ ਅਤੇ ਮਹਿਸੂਸ ਕਰਦੇ ਹਨ ਕਿ ਜੇਕਰ ਕਾਨੂੰਨ ਨੇ ਡੇਰਾ ਮੁਖੀ ਨੂੰ ਕੋਈ ਸਜ਼ਾ ਦਿੱਤੀ ਹੈ ਤਾਂ ਕੁਝ ਨਾ ਕੁਝ ਤਾਂ ਵਾਪਰਿਆ ਹੀ ਹੋਵੇਗਾ। ਆਖਿਰ ਜੇਕਰ ਧੂੰਆਂ ਉਠਦਾ ਹੈ ਤਾਂ ਹੇਠਾਂ ਕੁਝ ਨਾ ਕੁਝ ਤਾਂ ਅੱਗ ਬਲਦੀ ਹੀ ਹੁੰਦੀ ਹੈ। ਉਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਇਹ ਸਤਰਾਂ ਯਾਦ ਕਰਨੀਆਂ ਚਾਹੀਦੀਆਂ ਹਨ ਕਿ ”ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ।” ਇਸ ਲਈ ਉਨ੍ਹਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ। ਡੇਰੇਦਾਰਾਂ ਲਈ ਵੀ ਇਹ ਸਬਕ ਹੈ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਕੁੱਲ ਮਿਲਾ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਨਸਾਫ਼ ਦੀ ਜਿੱਤ ਹੈ, ਇਹ ਇੱਕ ਕਮਜ਼ੋਰ ਵਿਅਕਤੀ ਦੀ ਇੱਕ ਤਾਕਤਵਰ ਅਤੇ ਹੰਕਾਰੀ ਵਿਅਕਤੀ ਉੱਤੇ ਜਿੱਤ ਹੈ।
ਡੇਰਾ ਪ੍ਰੇਮੀਆਂ ਨੂੰ ਸਿੱਖੀ ਦੀ ਮੁੱਖ ਧਾਰਾ ‘ਚ ਲਿਆਉਣ ਦੀ ਲੋੜ
ਮਾਨਸਾ ਜ਼ਿਲ੍ਹੇ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦਾ ਹਰੀ ਸਿੰਘ ਪੰਚਕੂਲਾ ਵਿੱਚ ਹੋਈ ਹਿੰਸਾ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਉਹ ਵੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਦਾ ਪੱਕਾ ਭਗਤ ਸੀ। ਜਦੋਂ ਉਸ ਦੀ ਲਾਸ਼ ਪਿੰਡ ਲਿਆਂਦੀ ਗਈ ਤਾਂ ਉਸ ਦੇ ਪੁੱਤਰਾਂ ਨੇ ਡੇਰਾ ਪ੍ਰੇਮੀਆਂ ਨੂੰ ਸਾਫ਼ ਤੌਰ ‘ਤੇ ਕਹਿ ਦਿੱਤਾ ਕਿ ਉਨ੍ਹਾਂ ਦਾ ਡੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੋਂ ਭਾਈ ਜੀ ਨੂੰ ਬੁਲਾਇਆ ਹੋਇਆ ਹੈ। ਬਕਾਇਦਾ ਅਰਦਾਸ ਕਰਵਾਈ ਗਈ ਅਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਕੀ ਪ੍ਰਭਾਵ ਮਿਲਦਾ ਹੈ, ਉਸ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ। ਹੁਣ ਜਦੋਂ ਸੌਦਾ ਸਾਧ ਨੂੰ ਬਲਾਤਕਾਰ ਦੇ ਦੋਸ਼ ਹੇਠ ਸਜ਼ਾ ਹੋ ਗਈ ਹੈ ਤਾਂ ਬਹੁਤ ਸਾਰੇ ਡੇਰਾ ਪ੍ਰੇਮੀਆਂ ਦੀ ਆਸਥਾ ਡਾਵਾਂਡੋਲ ਹੋ ਚੁੱਕੀ ਹੈ ਅਤੇ ਹੁਣ ਉਹ ਪੰਜਾਬ ਵਿੱਚ ਸਿੱਖਾਂ ਨਾਲ ਟਕਰਾਓ ਵਾਲੀ ਸਥਿਤੀ ਵਿੱਚ ਜੀਵਨ ਨਹੀਂ ਗੁਜ਼ਾਰਨਾ ਚਾਹੁੰਦੇ। ਇਸ ਲਈ ਉਹ ਇਸ ਕੋਸ਼ਿਸ਼ ਵਿੱਚ ਵੀ ਰਹਿਣਗੇ ਕਿ ਉਹ ਸਿੱਖਾਂ ਦੀ ਮੁੱਖ ਧਾਰਾ ਵਿੱਚ ਆ ਜਾਣ। ਅਸਲ ਗੱਲ ਤਾਂ ਇਹ ਹੈ ਕਿ ਇਸ ਡੇਰੇ ਦੇ ਜੋ ਵੀ ਪ੍ਰੇਮੀ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ ਅਤੇ ਦਲਿਤ ਸਮਾਜ ਨਾਲ ਸਬੰਧਤ ਹਨ ਅਤੇ ਮੂਲ ਰੂਪ ਵਿੱਚ ਸਿੱਖ ਹੀ ਹਨ, ਪਰ ਉਹ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨ। ਡੇਰੇ ਵਿੱਚ ਇਨ੍ਹਾਂ ਪ੍ਰੇਮੀਆਂ ਨੂੰ ਕਾਫ਼ੀ ਸਹੂਲਤਾਂ ਮਿਲਦੀਆਂ ਰਹਿੰਦੀਆਂ ਹਨ। ਰਾਸ਼ਨ ਸਸਤਾ ਮਿਲਦਾ ਹੈ, ਡਾਕਟਰੀ ਇਲਾਜ :ਮੁਫ਼ਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮਾਜਿਕ ਤੌਰ ‘ਤੇ ਵੀ ਸਮਾਨਤਾ ਦਾ ਅਹਿਸਾਸ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਅਜਿਹਾ ਲੱਗਦਾ ਹੀ ਨਹੀਂ ਕਿ ਡੇਰਾ ਮੁਖੀ ਕੋਈ ਗ਼ਲਤ ਕੰਮ ਕਰ ਸਕਦਾ ਹੈ। ਹਾਲਾਂਕਿ ਇਹ ਸਹੂਲਤਾਂ ਵੀ ਕਿਸੇ ਸੋਚੀ ਸਮਝੀ ਸਕੀਮ ਦਾ ਹਿੱਸਾ ਹੀ ਹਨ, ਪਰ ਕਮਜ਼ੋਰ ਵਰਗ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਉਨ੍ਹਾਂ ਨੂੰ ਡੇਰੇ ਵਲੋਂ ਕੁਝ ਸਹਾਰਾ ਮਿਲ ਜਾਂਦਾ ਹੈ ਅਤੇ ਡੇਰਾ ਮੁਖੀ ਇਨ੍ਹਾਂ ਗ਼ਰੀਬਾਂ ਦਾ ਸਿਆਸਤਦਾਨਾਂ ਤੋਂ ਮੁੱਲ ਵੱਟ ਲੈਂਦਾ ਹੈ। ਇਹੀ ਤਾਂ ਕਾਰਨ ਹੈ ਕਿ ਚੋਣਾਂ ਮੌਕੇ ਸਿਆਸਤਦਾਨ ਇਸ ਡੇਰੇ ਅੱਗੇ ਲਿਲੜੀਆਂ ਕੱਢਦੇ ਨਜ਼ਰ ਆਉਂਦੇ ਹਨ। ਸਿਆਸਤਦਾਨਾਂ ਤੋਂ ਇਸ ਡੇਰੇ ਨੂੰ ਵੱਡੀਆਂ ਸਹੂਲਤਾਂ ਮਿਲਦੀਆਂ ਹਨ। ਡੇਰੇ ਦਾ ਕਾਰੋਬਾਰ ਚੱਲਦਾ ਹੈ ਅਤੇ ਸਰਕਾਰਾਂ ਡੇਰੇ ਦੇ ਹੱਥ ਵਿੱਚ ਰਹਿੰਦੀਆਂ ਹਨ। ਸਜ਼ਾ ਮਿਲਣ ਤੋਂ ਪਹਿਲਾਂ ਤਕ ਸੌਦਾ ਸਾਧ ਹਰਿਆਣਾ ਦੇ ਸਿਆਸਤਦਾਨਾਂ ਲਈ ਇੱਕ ਅਧਿਆਤਮਕ ਗੁਰੂ ਸੀ। ਉਹ ਉਸ ਅੱਗੇ ਨਤਮਸਤਕ ਹੁੰਦੇ ਸਨ। ਤ੍ਰਾਸਦੀ ਦੀ ਗੱਲ ਤਾਂ ਇਹ ਹੈ ਕਿ ਸਿੱਖੀ ਸਿਧਾਂਤਾਂ ਦੀ ਨਕਲ ਦੇ ਆਧਾਰ ‘ਤੇ ਇਸ ਸੰਪਰਦਾ ਵਿੱਚ ਜ਼ਾਤਪਾਤ ਲਈ ਕੋਈ ਸਥਾਨ ਨਹੀਂ, ਪਰ ਸਿੱਖ ਸਮਾਜ ਹਾਲੇ ਵੀ ਜ਼ਾਤਪਾਤ ਦੇ ਬੰਧਨ ਵਿੱਚੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ। ਸਮਾਜਿਕ ਨਾਬਰਾਬਰੀ ਕਾਰਨ ਹੀ ਗ਼ਰੀਬ ਤਬਕਾ ਡੇਰਿਆਂ ਦੇ ਲੜ ਲੱਗ ਰਿਹਾ ਹੈ। ਅੱਗਿਓਂ ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਕਥਿਤ ਉੱਚ ਜ਼ਾਤਾਂ ਅਤੇ ਗ਼ਰੀਬ ਤਬਕਿਆਂ ਵਿੱਚਾਲੇ ਟਕਰਾਅ ਵੀ ਹੁੰਦਾ ਰਹਿੰਦਾ ਹੈ। ਮਾਲਵੇ ਖੇਤਰ ਵਿੱਚ ਤਾਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਦਲਿਤਾਂ ਦਾ ਬਾਈਕੌਟ ਕੀਤਾ ਹੋਇਆ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸ ਬਾਈਕੌਟ ਦੀਆਂ ਅਨਾਊਂਸਮੈਂਟਾਂ ਵੀ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਹ ਜੋ ਸਮਾਜਿਕ ਨਫ਼ਰਤ ਹੈ ਉਹ ਗ਼ਰੀਬਾਂ ਅਤੇ ਦਲਿਤਾਂ ਨੂੰ ਸਿੱਖੀ ਤੋਂ ਦੂਰ ਲਿਜਾ ਰਹੀ ਹੈ। ਇਹੀ ਕਾਰਨ ਹੈ ਕਿ ਕਈ ਹੋਰ ਧਰਮਾਂ ਦੇ ਮਿਸ਼ਨਰੀ ਉਨ੍ਹਾਂ ਦੀ ਇਸ ਗ਼ਰੀਬੀ ਦਾ ਲਾਭ ਉਠਾ ਕੇ ਉਨ੍ਹਾਂ ਦੇ ਧਰਮ ਤਬਦੀਲ ਕਰਵਾ ਰਹੇ ਹਨ। ਅੱਜ ਜੋ ਸਥਿਤੀ ਬਣੀ ਹੋਈ ਹੈ ਉਸ ਬਾਰੇ ਸਿੱਖ ਜਥੇਬੰਦੀਆਂ, ਖ਼ਾਸ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਵਿੱਚਾਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਆਰਥਿਕ ਤੌਰ ‘ਤੇ ਕਮਜ਼ੋਰ ਜਥੇਬੰਦੀ ਨਹੀਂ। ਉਸ ਨੂੰ ਮਾਲਵਾ ਖੇਤਰ ਵਿੱਚ ਗ਼ਰੀਬਾਂ ਲਈ ਸਕੂਲ ਅਤੇ ਹਸਪਤਾਲਾਂ ਦੇ ਬੰਦੋਬਸਤ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਕਮਜ਼ੋਰ ਵਰਗਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਉਹ ਇਨ੍ਹਾਂ ਡੇਰੇਦਾਰਾਂ ਦਾ ਖਹਿੜਾ ਛੱਡ ਫ਼ਿਰ ਤੋਂ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇ ਸਕਦੇ ਹਨ। ਸਿੱਖ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਹੁਣ ਇਨ੍ਹਾਂ ਡੇਰਾ ਪ੍ਰੇਮੀਆਂ ਪ੍ਰਤੀ ਪਹਿਲਾਂ ਵਾਲੀ ਨਫ਼ਰਤ ਤਿਆਗ ਦੇਣ ਕਿਉਂਕਿ ਜੇਕਰ ਪਹਿਲਾਂ ਵਾਲਾ ਮਾਹੌਲ ਹੀ ਬਣਿਆ ਰਿਹਾ ਤਾਂ ਇਹ ਤਬਕਾ ਕਿਸੇ ਹੋਰ ਆਸਥਾ ਵਿੱਚ ਤਬਦੀਲ ਹੋ ਜਾਵੇਗਾ। ਜਦੋਂ ਤਕ ਡੇਰਾ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਪਾ ਕੇ ਇੱਕ ਸਵਾਂਗ ਨਹੀਂ ਰਚਾਇਆ ਸੀ ਉਸ ਤੋਂ ਪਹਿਲਾਂ ਤਕ ਡੇਰਾ ਪ੍ਰੇਮੀ ਭਾਵੇਂ ਡੇਰੇ ਵਿੱਚ ਜਾਂਦੇ ਸਨ ਪਰ ਵਿਆਹ ਸ਼ਾਦੀਆਂ ਜਾਂ ਹੋਰ ਤਿਓਹਾਰਾਂ ਲਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੀ ਟੇਕ ਲੈਂਦੇ ਸਨ। ਜਦੋਂ ਉਨ੍ਹਾਂ ਦਾ ਸਿੱਖਾਂ ਨਾਲ ਟਕਰਾਅ ਵਧਿਆ ਤਾਂ ਡੇਰਾ ਪ੍ਰੇਮੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਗੁਰੂ ਗਰੰਥ ਸਾਹਿਬ ਵੀ ਮਿਲਣੇ ਬੰਦ ਹੋ ਗਏ, ਅਤੇ ਉਹ ਡੇਰੇ ਦੇ ਸਿਧਾਂਤਾਂ ਅਨੁਸਾਰ ਚੱਲਣ ਲੱਗ ਪਏ। ਹੁਣ ਜਿਸ ਪ੍ਰਕਾਰ ਪ੍ਰਸਥਿਤੀਆਂ ਬਦਲੀਆਂ ਹੋਈਆਂ ਹਨ, ਉਨ੍ਹਾਂ ਨੂੰ ਦੇਖਦੇ ਹੋਇਆਂ ਸਿੱਖਾਂ ਨੂੰ ਵੀ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ। ਹਾਈ ਕੋਰਟ ਦੇ ਹੁਕਮਾਂ ਉੱਤੇ ਹਰਿਆਣਾ ਵਿੱਚ ਡੇਰਾ ਸੱਚਾ ਸੌਦਾ ਦੇ ਜਿੰਨੇ ਵੀ ਕੇਂਦਰ ਸਨ ਜਾਂ ਕਹਿ ਲਵੋ ਨਾਮ ਚਰਚਾ ਘਰ ਸਨ, ਸਭ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਰਸਾ ਦੇ ਵੱਡੇ ਡੇਰੇ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ। ਅਜਿਹੇ ਵਿੱਚ ਡੇਰਾ ਪ੍ਰੇਮੀਆਂ ਵਿੱਚ ਵੀ ਡਰ ਦਾ ਮਾਹੌਲ ਹੈ। ਕੁਝ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਤਾਂ ਆਪਣੀ ਪਹਿਚਾਣ ਡੇਰਾ ਪ੍ਰੇਮੀ ਤੋਂ ਬਦਲਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਇਆਂ ਲੋਕਾਂ ਨੇ ਗਲਾਂ ਵਿੱਚੋਂ ਬਾਬੇ ਦੇ ਲਾਕਟ ਵੀ ਤੋੜ ਕੇ ਸੁੱਟ ਦਿੱਤੇ ਹਨ। ਅਜਿਹੇ ਵਿੱਚ ਜਿਹੜੇ ਡੇਰਾ ਪ੍ਰੇਮੀ ਦੋਬਾਰਾ ਸਿੱਖ ਧਰਮ ਵਿੱਚ ਆਉਣਾ ਚਾਹੁੰਦੇ ਹਨ ਉਨ੍ਹਾਂ ਦਾ ਸਵਾਗਤ ਹੋਣਾ ਚਾਹੀਦਾ ਹੈ। ਇਸ ਸਬੰਧ ਵਿੱਚ ਸਿੱਖ ਸ਼ਖ਼ਸੀਅਤਾਂ ਵਲੋਂ ਅਪੀਲਾਂ ਵੀ ਆਉਣੀਆਂ ਚਾਹੀਦੀਆਂ ਹਨ ਅਤੇ ਪੁਰਾਣੀਆਂ ਰੰਜਿਸ਼ਾਂ ਭੁਲਾ ਕੇ ਨਵੀਂ ਸ਼ੁਰੂਆਤ ਹੋਣੀ ਚਾਹੀਦੀ ਹੈ।