ਲੋਕਾਂ ਨੇ ਦਹਿਸ਼ਤ ‘ਚ ਗੁਜ਼ਾਰਿਆ ਸਾਰਾ ਦਿਨ, ਪੁਲਸ ਦੇ ਸਖਤ ਪਹਿਰੇ ‘ਚ ਪੂਰੀ ਤਰ੍ਹਾਂ ਸ਼ਾਂਤ ਰਿਹਾ ਫਗਵਾੜਾ

ਫਗਵਾੜਾ— ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਤੇ ਕਸਬਿਆਂ ‘ਚ ਫੈਲੀ ਹਿੰਸਾ ਦੇ ਚਲਦੇ ਫਗਵਾੜਾ ‘ਚ ਪੁਲਸਤੰਤਰ ਦੀ ਮੁਸਤੈਦੀ ਦੇ ਚਲਦੇ ਸ਼ਹਿਰੀ ਤੇ ਗ੍ਰਾਮੀਣ ਇਲਾਕਿਆਂ ‘ਚ ਪੂਰੀ ਸ਼ਾਂਤੀ ਬਣੀ ਰਹੀ। ਐੱਸ. ਪੀ. ਭੰਡਾਲ ਦੀ ਅਗਵਾਈ ‘ਚ ਪੁਲਸ ਟੀਮਾਂ ਵੱਖ-ਵੱਖ ਸਥਾਨਾਂ ‘ਤੇ ਸਰਗਰਮ ਰਹੀਆਂ।
ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਨੇ ਵੀ ਦਿਨ ਭਰ ਸ਼ਹਿਰ ‘ਚ ਬਣੇ ਹੋਏ ਹਾਲਾਤਾਂ ਦਾ ਜਾਇਜ਼ਾ ਲਿਆ। ਐੱਸ. ਪੀ. ਭੰਡਾਲ ਨੇ ਕਿਹਾ ਕਿ ਗੰਭੀਰ ਹਾਲਾਤ ਦੇ ਚਲਦੇ ਸਬ-ਡਵੀਜ਼ਨ ਦੇ ਅਧੀਨ ਆਉਂਦੇ ਸਾਰੇ 4 ਥਾਣੇ, ਪੁਲਸ ਥਾਣਾ ਸਿਟੀ, ਥਾਣਾ ਸਦਰ, ਪੁਲਸ ਚੌਕੀ ਚਹੇੜੂ , ਪੁਲਸ ਚੌਕੀ ਪਾਂਛਟਾ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ। ਉਨ੍ਹਾਂ ਨੇ ਸਬ-ਡਵੀਜ਼ਨਾਂ ਨੂੰ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬੀਟਾਂ ‘ਚ ਵੰਡਿਆ ਗਿਆ। ਬੀਟਾਂ ‘ਚ ਸ਼ਾਂਤੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਹਾਇਕ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਦਿੱਤੀ ਗਈ ਹੈ। ਕੰਟਰੋਲ ਰੂਮ ‘ਚ ਮੌਜੂਦ ਪੁਲਸ ਟੀਮਾਂ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਹਾਲਾਤ ‘ਤੇ ਨਜ਼ਰ ਰੱਖੇ ਹੋਏ ਸਨ। ਕੁਝ ਪੁਲਸ ਟੀਮਾਂ ਸਿਵਲ ਵਰਦੀ ‘ਚ ਵੀ ਤਾਇਨਾਤ ਸਨ। ਇਸ ਦੌਰਾਨ ਫਗਵਾੜਾ ‘ਚ ਅੱਜ ਲੋਕਾਂ ਨੇ ਪੰਜਾਬ ‘ਚ ਬਣੇ ਗੰਭੀਰ ਹਾਲਾਤ ਦੇ ਚਲਦੇ ਪੂਰਾ ਦਿਨ ਦਹਿਸ਼ਤ ‘ਚ ਗੁਜ਼ਾਰਿਆ।