ਸੰਜੀਵ ਕੁਮਾਰ ਝਾਅ
ਅਨੁਸ਼ਕਾ ਸ਼ਰਮਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਬੌਲੀਵੁੱਡ ਵਿੱਚ ਆਪਣਾ ਵਧੀਆ ਮੁਕਾਮ ਬਣਾ ਲਿਆ ਹੈ। ਚੰਗੇ ਕਿਰਦਾਰ ਤਾਂ ਅਨੁਸ਼ਕਾ ਕਰ ਹੀ ਰਹੀ ਹੈ, ਫ਼ਿਲਮ ਨਿਰਮਾਤਰੀ ਬਣਕੇ ਵੀ ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਨ ਵਿੱਚ ਵਿਸ਼ਵਾਸ ਹੋਵੇ ਅਤੇ ਨਾਲ ਹੀ ਜਨੂੰਨ ਵੀ ਹੋਵੇ ਤਾਂ ਕੋਈ ਵੀ ਕੰਮ ਕਰਨਾ ਮੁਸ਼ਕਿਲ ਅਤੇ ਅਸੰਭਵ ਨਹੀਂ ਹੈ। ਫ਼ਿਲਹਾਲ ਡਾਇਰੈਕਟਰ ਇਮਤਿਆਜ਼ ਅਲੀ ਨਾਲ ਕੀਤੀ ਨਵੀਂ ਫ਼ਿਲਮ ‘ਜਬ ਹੈਰੀ ਮੈੱਟ ਸੇਜਲ’ ਦੇ ਪ੍ਰਚਾਰ ਵਿੱਚ ਰੁੱਝੀ ਅਨੁਸ਼ਕਾ ਸ਼ਰਮਾ ਨੇ ਸਾਡੇ ਨਾਲ ਗੱਲਬਾਤ ਕੀਤੀ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਸਭ ਤੋਂ ਪਹਿਲਾਂ ਤੁਸੀਂ ਆਪਣੀ ਨਵੀਂ ਫ਼ਿਲਮ ‘ਜਬ ਹੈਰੀ ਮੈੱਟ ਸੇਜਲ’ ਸਬੰਧੀ ਦੱਸੋ?
-ਬੌਲੀਵੁੱਡ ਦੇ ਨਾਮਚੀਨ ਨਿਰਦੇਸ਼ਕ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਇੱਕ ਅਨੋਖੀ ਪ੍ਰੇਮ ਕਹਾਣੀ ਹੈ ਜਾਂ ਇਵੇਂ ਕਹਿ ਲਓ ਕਿ ‘ਜਬ ਹੈਰੀ ਮੈੱਟ ਸੇਜਲ’ ਇੱਕ ਕਲਾਸੀਕਲ ਲਵ ਸਟੋਰੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਆਪਣੀ ਲਵ ਸਟੋਰੀ ਜ਼ਰੂਰ ਯਾਦ ਆਏਗੀ। ਦਰਅਸਲ, ਇਹ ਫ਼ਿਲਮ ਇੱਕ ਪੰਜਾਬੀ ਮੁੰਡੇ ਅਤੇ ਗੁਜਰਾਤੀ ਕੁੜੀ ਵਿੱਚਕਾਰ ਪਿਆਰ ਦੀ ਕਹਾਣੀ ਹੈ। ਉਂਜ ਤਾਂ ਇਸ ਫ਼ਿਲਮ ਵਿੱਚ ਕਈ ਖ਼ਾਸੀਅਤਾਂ ਹਨ, ਪਰ ਉਨ੍ਹਾਂ ਵਿੱਚੋਂ ਸਭ ਤੋਂ ਅਹਿਮ ਗੱਲ ਇਹ ਹੈ ਕਿ ਨਿਰਦੇਸ਼ਕ ਇਮਤਿਆਜ਼ ਅਲੀ ਅਤੇ ਸ਼ਾਹਰੁਖ਼ ਖ਼ਾਨ ਪਹਿਲੀ ਵਾਰ ਇੱਕੱਠੇ ਫ਼ਿਲਮ ਕਰ ਰਹੇ ਹਨ। ਇੰਨਾ ਹੀ ਨਹੀਂ, ਲੰਬੇ ਅਰਸੇ ਬਾਅਦ ਮੈਂ ਵੀ ਇੱਕ ਵਾਰ ਫ਼ਿਰ ਸ਼ਾਹਰੁਖ਼ ਖ਼ਾਨ ਨਾਲ ਰੁਮਾਂਸ ਕਰਦੀ ਨਜ਼ਰ ਆਉਣ ਵਾਲੀ ਹਾਂ। ਨਾਲ ਹੀ ਮੈਂ ਪਹਿਲੀ ਵਾਰ ਔਨਸਕਰੀਨ ਇੱਕ ਗੁਜਰਾਤੀ ਕੁੜੀ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵਾਂਗੀ। ਮੇਰੇ ਕਿਰਦਾਰ ਦਾ ਨਾਮ ਸੇਜਲ ਹੈ ਅਤੇ ਸ਼ਾਹਰੁਖ਼ ਖ਼ਾਨ ਹਰਿੰਦਰ ਉਰਫ਼ ਹੈਰੀ ਨਾਮਕ ਪੰਜਾਬੀ ਗੱਭਰੂ ਦਾ ਕਿਰਦਾਰ ਨਿਭਾ ਰਹੇ ਹਨ। ਉਂਜ ਦੱਸ ਦੇਵਾਂ ਕਿ ‘ਜਬ ਹੈਰੀ ਮੈੱਟ ਸੇਜਲ’ ਤੋਂ ਇਲਾਵਾ ਆਨੰਦ ਐੱਲ ਰਾਏ ਦੀ ਅਗਲੀ ਫ਼ਿਲਮ ਵਿੱਚ ਵੀ ਇੱਕ ਵਾਰ ਫ਼ਿਰ ਸ਼ਾਹਰੁਖ਼ ਖ਼ਾਨ ਨਾਲ ਜੋੜੀ ਜਮਾਂ ਰਹੀ ਹਾਂ।
-ਆਪਣੇ ਪ੍ਰੋਡਕਸ਼ਨ ਦੀ ਅਗਲੀ ਫ਼ਿਲਮ ‘ਪਰੀ’ ਸਬੰਧੀ ਕੀ ਕਹਿਣਾ ਚਾਹੋਗੇ?
-‘ਪਰੀ’ ਸਾਡੇ ਪ੍ਰੋਡਕਸ਼ਨ ਦੀ ਤੀਜੀ ਫ਼ਿਲਮ ਹੈ। ਮੈਂ ਆਪਣੀਆਂ ਪਿਛਲੀਆਂ ਫ਼ਿਲਮਾਂ ‘ਐੱਨਐੱਚ 10’ ਅਤੇ ‘ਫ਼ਿਲੌਰੀ’ ਦੀ ਤਰ੍ਹਾਂ ਹੀ ਇਹ ਫ਼ਿਲਮ ਵੀ ਆਪਣੇ ਭਰਾ ਕਰਨੇਸ਼ ਸ਼ਰਮਾ ਨਾਲ ਮਿਲਕੇ ਬਣਾ ਰਹੀ ਹਾਂ। ਫ਼ਿਲਮ ਦਾ ਨਿਰਦੇਸ਼ਨ ਨਵਾਂ ਨਿਰਦੇਸ਼ਕ ਪ੍ਰੋਸਿਤ ਰਾਏ ਕਰ ਰਿਹਾ ਹੈ। ਇਸ ਫ਼ਿਲਮ ਵਿੱਚ ਮੇਰੇ ਨਾਲ ਬੰਗਾਲੀ ਫ਼ਿਲਮਾਂ ਦੇ ਕਲਾਕਾਰ ਪਰਮਬਰਤਾ ਚੈਟਰਜੀ ਨਜ਼ਰ ਆਣਗੇ। ਫ਼ਿਲਮ ਦੇ ਨਾਮ ਅਤੇ ਪੋਸਟਰ ਤੋਂ ਭਾਵੇਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਕਿਸੇ ਪਰੀ ਦੀ ਕਹਾਣੀ ਹੈ ਜੋ ਇਨਸਾਨਾਂ ਦੀ ਦੁਨੀਆਂ ਵਿੱਚ ਫ਼ਸ ਜਾਂਦੀ ਹੈ, ਪਰ ਅਸਲ ਵਿੱਚ ਫ਼ਿਲਮ ਦੀ ਕਹਾਣੀ ਕੀ ਹੈ, ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।
ਕੀ ਤੁਸੀਂ ਮੰਨਦੇ ਹੋ ਕਿ ਇੱਕ ਨਿਰਮਾਤਾ ਬਣਨਾ ਤੁਹਾਡੇ ਲਈ ਵਧੀਆ ਸਾਬਤ ਹੋਇਆ?
-ਬਿਲਕੁਲ, ਇੱਕ ਨਿਰਮਾਤਾ ਬਣਨਾ ਮੇਰੇ ਲਈ ਵਧੀਆ ਸਾਬਤ ਹੋਇਆ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਇਸ ਗੱਲ ਤੋਂ ਪ੍ਰਭਾਵਿਤ ਨਹੀਂ ਹੋਣ ਦਿੰਦੀ ਕਿ ਦੂਜੇ ਲੋਕ ਕੀ ਸੋਚਣਗੇ। ਮੈਂ ਇੱਕ ਹੀ ਰਸਤੇ ਉੱਤੇ ਨਹੀਂ ਚੱਲਦੀ। ਜਦੋਂ ਗੱਲ ਕੋਈ ਫ਼ਿਲਮ ਕਰਨ ਦੀ ਜਾਂ ਕਿਸੇ ਫ਼ਿਲਮ ਦੇ ਨਿਰਮਾਣ ਦੀ ਆਉਂਦੀ ਹੈ ਤਾਂ ਮੈਂ ਆਪਣੇ ਅੰਦਰ ਦੀ ਆਵਾਜ਼ ਸੁਣਦੀ ਹਾਂ ਅਤੇ ਉਹ ਕੰਮ ਕਰਨਾ ਜਾਰੀ ਰੱਖਦੀ ਹਾਂ ਜੋ ਮੈਨੂੰ ਆਪਣੇ ਲਈ ਠੀਕ ਲੱਗਦਾ ਹੈ। ਮਤਲਬ, ਮੈਂ ਆਪਣੇ ਦਿਲ ਦੀ ਆਵਾਜ਼ ਸੁਣਦੀ ਹਾਂ ਅਤੇ ਇੱਕ ਚੰਗੀ ਕਹਾਣੀ ਦਾ ਹਿੱਸਾ ਬਣਨ ਉੱਤੇ ਧਿਆਨ ਕੇਂਦਰਿਤ ਕਰਦੀ ਹਾਂ। ਮੈਂ ਆਪਣੇ ਆਪ ਵਿੱਚ ਵਿਸ਼ਵਾਸ ਕਰਦੀ ਹਾਂ, ਇਸ ਲਈ ਇੱਕ ਨਿਰਮਾਤਾ ਬਣਨਾ ਮੇਰੇ ਲਈ ਚੰਗਾ ਸਾਬਤ ਹੋਇਆ ਹੈ।
-ਸੰਜੇ ਦੱਤ ਦੀ ਬਾਇਓਪਿਕ ਦੀ ਕਿੰਨੀ ਕੁ ਪ੍ਰਗਤੀ ਹੋਈ ਹੈ?
-ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫ਼ਿਲਮ ਦੀ ਪ੍ਰਗਤੀ ਰਿਪੋਰਟ ਕਾਫ਼ੀ ਚੰਗੀ ਹੈ ਕਿਉਂਕਿ ਰਾਜਕੁਮਾਰ ਹਿਰਾਨੀ ਜਦੋਂ ਤਕ ਇੱਕ- ਇੱਕ ਐਂਗਲ ਤੋਂ ਸੰਤੁਸ਼ਟ ਨਹੀਂ ਹੋ ਜਾਂਦੇ, ਉਦੋਂ ਤਕ ਇੱਕ ਵੀ ਕਦਮ ਅੱਗੇ ਨਹੀਂ ਵਧਾਉਂਦੇ। ਹਾਲਾਂਕਿ, ਸੰਜੇ ਦੱਤ ਦੀ ਇਸ ਬਾਇਓਪਿਕ ਵਿੱਚ ਮੈਂ ਕੈਮਿਓ ਕਰਨ ਵਾਲੀ ਹਾਂ। ਫ਼ਿਲਮ ਵਿੱਚ ਰਣਬੀਰ ਕਪੂਰ ਸੰਜੇ ਦੱਤ ਦੇ ਕਿਰਦਾਰ ਵਿੱਚ ਵਿਖਾਈ ਦੇਵੇਗਾ, ਜਦੋਂ ਕਿ ਮੈਂ ਉਨ੍ਹਾਂ ਦੀ ਪਤਨੀ ਮਾਨਿਅਤਾ ਦੇ ਕਿਰਦਾਰ ਵਿੱਚ ਨਜ਼ਰ ਆਵਾਂਗੀ। ਇਸਤੋਂ ਅੱਗੇ ਇਸ ਸਬੰਧ ਵਿੱਚ ਹੁਣ ਕੁਝ ਹੋਰ ਨਾ ਪੁੱਛੋ।
-ਅੱਜ ਇਸਤਰੀ ਪ੍ਰਧਾਨ ਮਜ਼ਮੂਨ ਉੱਤੇ ਵੀ ਫ਼ਿਲਮਾਂ ਬਣ ਰਹੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਚੰਗੀ ਸ਼ੁਰੂਆਤ ਹੈ?
-ਜੀ ਹਾਂ, ਅੱਜਕੱਲ੍ਹ ਦੀਆਂ ਔਰਤਾਂ ਹਰ ਖੇਤਰ ਵਿੱਚ ਸਰਗਰਮ ਹਨ- ਨਿਰਦੇਸ਼ਨ, ਡਿਜ਼ਾਈਨਿੰਗ, ਫ਼ਿਲਮ ਨਿਰਮਾਣ ਅਤੇ ਹੋਰ ਕਾਰਜ ਵੀ ਉਹ ਮਰਦ ਦੇ ਮੋਢੇ ਨਾਲ ਮੋਢਾ ਮਿਲਾਕੇ ਕਰ ਰਹੀਆਂ ਹਨ। ਇਹ ਬਦਲਾਅ ਕੇਵਲ ਸਾਡੀ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ ਆਇਆ, ਸਗੋਂ ਸਭ ਥਾਵਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਲੇਖਕ ਇਸਤਰੀ ਪ੍ਰਧਾਨ ਕਹਾਣੀਆਂ ਵੀ ਲਿਖ ਰਹੇ ਹਨ। ਇਹ ਸਾਰੀਆਂ ਫ਼ਿਲਮਾਂ ਟਿਕਟ ਖਿੜਕੀ ਉੱਤੇ ਵੀ ਆਪਣਾ ਝੰਡਾ ਲਹਿਰਾਉਣ ਵਿੱਚ ਕਾਮਯਾਬ ਹੋਈਆਂ ਹਨ। ਮੇਰੇ ਲਈ ਇਹ ਇੱਕ ਬਹੁਤ ਹੀ ਵਧੀਆ ਵਕਤ ਹੈ। ਇਸ ਜੀਵਨ ਵਿੱਚ ਇੱਕ ਅਭਿਨੇਤਰੀ ਦੇ ਰੂਪ ਵਿੱਚ ਕੰਮ ਕਰ ਰਹੀ ਹਾਂ, ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਹੈ। ਮੇਰੇ ਲਈ ਅਭਿਨੈ ਕਰਨਾ ਅਹਿਮ ਹੈ, ਇਸ ਲਈ ਮੈਂ ਇਸਦੀ ਇੱਜ਼ਤ ਵੀ ਕਰਦੀ ਹਾਂ। ਮੈਂ ਫ਼ਿਲਮੀ ਪਿਛੋਕੜ ਤੋਂ ਨਹੀ ਹਾਂ, ਇਸ ਲਈ ਮੇਰੇ ਲਈ ਇੱਥੇ ਆਪਣੇ ਲਈ ਇੱਕ ਮੁਕਾਮ ਹਾਸਿਲ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਮੈਂ ਬਹੁਤ ਸਾਰੇ ਵਧੀਆ ਕਿਰਦਾਰ ਕਰਨ ਦੀ ਇੱਛੁਕ ਹਾਂ।
– ਤੁਸੀਂ ਆਪਣੇ ਹੁਣ ਤਕ ਦੇ ਫ਼ਿਲਮੀ ਸਫ਼ਰ ਨੂੰ ਕਿੰਨੇ ਨੰਬਰ ਦਿਓਗੇ?
– ਸ਼ਤ ਪ੍ਰਤੀਸ਼ਤ, ਕਿਉਂਕਿ ਮੈਨੂੰ ਸ਼ੁਰੂਆਤ ਤੋਂ ਹੀ ਚੰਗੀਆਂ ਫ਼ਿਲਮਾਂ ਮਿਲੀਆਂ ਹਨ ਅਤੇ ਇਸ ਲਈ ਮੈਂ ਆਦਿੱਤਿਅ ਚੋਪੜਾ ਦੀ ਅਹਿਸਾਨਮੰਦ ਵੀ ਹਾਂ। ਉਨ੍ਹਾਂ ਨੇ ਮੇਰੇ ਉੱਤੇ ਬਤੌਰ ਅਭਿਨੇਤਰੀ ਵਿਸ਼ਵਾਸ ਜਤਾਇਆ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਵਾਈਆਰਐੱਫ਼ ਨੇ ਮੇਰੇ ਵਿੱਚ ਵਿਸ਼ਵਾਸ ਪ੍ਰਗਟਾਇਆ, ਇਸ ਲਈ ਅੱਜ ਮੈਂ ਆਪਣੇ ਇਸ ਛੋਟੇ ਜਿਹੇ ਸਫ਼ਰ ਵਿੱਚ ਸਫ਼ਲ ਹੋ ਸਕੀ ਹਾਂ। ਮੇਰਾ ਫ਼ਿਲਮੀ ਦੁਨੀਆਂ ਨਾਲ ਦੂਰ – ਦੂਰ ਤਕ ਕੋਈ ਰਿਸ਼ਤਾ ਨਹੀਂ ਰਿਹਾ ਹੈ। ਹਾਲਾਂਕਿ, ਮੈਂ ਫ਼ਿਲਮਾਂ ਵੇਖ ਕੇ ਵੱਡੀ ਹੋਈ ਹਾਂ। ਭਗਵਾਨ ਦੀ ਕਿਰਪਾ ਨਾਲ ਜੋ ਕੁਝ ਵੀ ਕਰ ਸਕੀ, ਉਸ ਦੀ ਮੈਂ ਸ਼ੁਕਰਗੁਜ਼ਾਰ ਹਾਂ। ਮੈਂ ਫ਼ਿਲਮਾਂ ਵਿੱਚ ਨਾਮ, ਸ਼ੋਹਰਤ ਅਤੇ ਪੈਸੇ ਲਈ ਨਹੀਂ ਆਈ, ਬਲਕਿ ਕੁਝ ਰਚਨਾਤਮਕ ਕੰਮ ਕਰ ਸਕਾਂ, ਇਹੀ ਮੇਰੀ ਤਮੰਨਾ ਹੈ। ਮੈਂ ਫ਼ਿਲਮਾਂ ਕਿਸੇ ਲਾਲਚ ਵਿੱਚ ਨਹੀਂ ਕਰ ਰਹੀ। ਹਮੇਸ਼ਾਂ ਮੇਰੀ ਇਹੀ ਕੋਸ਼ਿਸ਼ ਰਹੀ ਹੈ ਕਿ ਕੁਝ ਲੀਕ ਤੋਂ ਹਟ ਕੇ ਕਰ ਸਕਾਂ। ਦਰਅਸਲ, ਮੈਂ ਇੱਕ ਅਜਿਹੇ ਪਿਛੋਕੜ ਤੋਂ ਆਈ ਹਾਂ, ਜਿੱਥੇ ਮੁੰਡਾ-ਕੁੜੀ ਵਿੱਚ ਕੋਈ ਫ਼ਰਕ ਨਹੀਂ ਕੀਤਾ ਜਾਂਦਾ। ਮੈਨੂੰ ਮੇਰੀ ਰਾਇ ਪੇਸ਼ ਕਰਨ ਦੀ ਪੂਰੀ ਖੁੱਲ੍ਹ ਸੀ ਅਤੇ ਹੈ।
-ਤੁਸੀਂ ਆਪਣੀਆਂ ਹਾਣੀ ਅਭਿਨੇਤਰੀਆਂ ਦੀ ਤੁਲਨਾ ਵਿੱਚ ਕਰੀਅਰ ਵਿੱਚ ਜਲਦੀ ਹੀ ਜ਼ਿਆਦਾ ਉਪਲੱਬਧੀਆਂ ਹਾਸਿਲ ਕੀਤੀਆਂ ਹਨ। ਕੀ ਕਹੋਗੇ?
-ਸੱਚ ਕਹਾਂ ਤਾਂ ਮੈਂ ਕਦੇ ਅਭਿਨੇਤਰੀ ਬਣਨ ਦਾ ਸੁਪਨਾ ਵੀ ਨਹੀਂ ਵੇਖਿਆ ਸੀ ਅਤੇ ਨਾ ਹੀ ਮੇਰਾ ਅਭਿਨੇਤਰੀ ਬਣਨ ਦਾ ਕੋਈ ਟੀਚਾ ਹੀ ਸੀ। ਇਸਦੇ ਬਾਵਜੂਦ ਮੈਂ ਅਭਿਨੇਤਰੀ ਬਣ ਗਈ ਕਿਉਂਕਿ ਭਗਵਾਨ ਚਾਹੁੰਦੇ ਸਨ ਅਤੇ ਮੈਂ ਕਦੇ ਵੀ ਭਗਵਾਨ ਤੋਂ ਕੁਝ ਮੰਗਿਆ ਨਹੀਂ। ਆਪਣੀ ਪਹਿਲੀ ਫ਼ਿਲਮ ਕਰਨ ਤੋਂ ਬਾਅਦ ਮੇਰੇ ਦਿਮਾਗ਼ ਵਿੱਚ ਸਿਰਫ਼ ਇਹੀ ਗੱਲ ਸੀ ਕਿ ਮੈਂ ਬੌਲੀਵੁੱਡ ਦੇ ਸਾਰੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕਰਾਂ। ਅੱਜ ਮੈਂ ਲਗਪਗ ਸਾਰੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੀ ਹਾਂ। ਫ਼ਿਰ ਚਾਹੇ ਉਹ ਕਰਨ ਜੌਹਰ, ਰਾਜਕੁਮਾਰ ਹਿਰਾਨੀ, ਆਦਿੱਤਿਅ ਚੋਪੜਾ, ਵਿਸ਼ਾਲ ਭਾਰਦਵਾਜ, ਅਨੁਰਾਗ ਕਸ਼ਿਅਪ ਹੋਣ ਜਾਂ ਫ਼ਿਰ ਇਮਤਿਆਜ਼ ਅਲੀ। ਮੈਂ ਸਭ ਨਾਲ ਕੰਮ ਕਰ ਲਿਆ ਹੈ। ਅੱਜ ਦਰਸ਼ਕ ਮੇਰੀਆਂ ਫ਼ਿਲਮਾਂ ਨੂੰ ਪਸੰਦ ਕਰਦੇ ਹਨ। ਇਸਤੋਂ ਇਲਾਵਾ ਮੈਨੂੰ ਹੋਰ ਕੀ ਚਾਹੀਦਾ ਹੈ! ਇਸ ਲਈ ਮੈਂ ਆਪਣੇ ਆਪ ਤੋਂ ਖ਼ੁਸ਼ ਹਾਂ।
-ਬੌਲੀਵੁੱਡ ਦੀਆਂ ਲਗਪਗ ਸਾਰੀਆਂ ਅਭਿਨੇਤਰੀਆਂ ਨੇ ਫ਼ਿਲਮਾਂ ਵਿੱਚ ਆਈਟਮ ਨੰਬਰ ਕੀਤਾ ਹੈ। ਸਿਰਫ਼ ਤੁਸੀਂ ਹੀ ਅੱਜ ਤਕ ਕਿਸੇ ਵੀ ਫ਼ਿਲਮ ਵਿੱਚ ਆਈਟਮ ਨੰਬਰ ਨਹੀਂ ਕੀਤਾ। ਕੋਈ ਖ਼ਾਸ ਵਜ੍ਹਾ?
– ਜੀ ਹਾਂ, ਮੈਂ ਅੱਜ ਤਕ ਕਿਸੇ ਵੀ ਫ਼ਿਲਮ ਵਿੱਚ ਆਈਟਮ ਨੰਬਰ ਨਹੀਂ ਕੀਤਾ ਹੈ ਕਿਉਂਕਿ ਮੈਨੂੰ ਆਈਟਮ ਨੰਬਰ ਪਸੰਦ ਨਹੀਂ ਹਨ। ਇਸਤੋਂ ਇਲਾਵਾ ਮੈਨੂੰ ਇਹ ਆਈਟਮ ਨੰਬਰ ਦੀ ਧਾਰਨਾ ਸਮਝ ਨਹੀਂ ਆਉਂਦੀ। ਜਦੋਂ ਮੈਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ, ਤਾਂ ਮੈਂ ਉਸ ਨੂੰ ਕਦੇ ਕਰਦੀ ਨਹੀਂ।











