ਫਤਿਹਗੜ੍ਹ ਸਾਹਿਬ/ ਅੰਮ੍ਰਿਤਸਰ – ਬੀਬੀ ਮਨਜੀਤ ਕੌਰ ਭਾਓਵਾਲ ਰੋਪੜ, ਜਿਨ੍ਹਾਂ ਵੱਲੋਂ ਅੱਜ ਪੰਜਾਬੀ ਦੇ ਅਖ਼ਬਾਰ ‘ਚ ਖ਼ਬਰ ਪ੍ਰਕਾਸ਼ਿਤ ਕਰਵਾਈ ਗਈ ਹੈ ਕਿ ਅੱਤਵਾਦ ਸਮੇਂ ਦੌਰਾਨ ਪੁਲਸ ਵੱਲੋਂ ਉਨ੍ਹਾਂ ਦੇ 2 ਪੁੱਤਰਾਂ ਗੁਰਦੀਪ ਸਿੰਘ ਉਰਫ ਗੋਪੀ ਅਤੇ ਨਿਰਵੈਲ ਸਿੰਘ ਉਰਫ਼ ਨੰਦੂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਜ਼ਮੀਨ-ਜਾਇਦਾਦ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮੁੱਚੇ ਕੇਸ ‘ਤੇ ਗੰਭੀਰਤਾ ਨਾਲ ਪੇਸ਼ ਆਉਂਦਿਆਂ ਅਤੇ ਆਪਣਾ ਫਰਜ਼ ਸਮਝਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਇਸ ਪਰਿਵਾਰ ਦੀ ਸਹਾਇਤਾ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ‘ਚ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਪਰਮਜੀਤ ਸਿੰਘ ਲੱਖੋਵਾਲ, ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਇਸ ਕਮੇਟੀ ਦਾ ਕੋ-ਆਰਡੀਨੇਟਰ ਜਸਬੀਰ ਸਿੰਘ ਮੈਨੇਜਰ ਭੱਠਾ ਸਾਹਿਬ ਰੋਪੜ ਨੂੰ ਲਾਇਆ ਗਿਆ ਹੈ, ਜੋ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਸੌਂਪਣਗੇ। ਇਸ ਮੌਕੇ ਇਕ ਹੋਰ ਕਮੇਟੀ ਦਾ ਗਠਨ ਕਰਦਿਆਂ ਬਡੂੰਗਰ ਨੇ ਰਾਜਸਥਾਨ ਦੇ ਜ਼ਿਲਾ ਅਜਮੇਰ ਦੇ ਪਿੰਡ ਚੈਨਪੁਰਾ ਵਿਖੇ ਚਾਰ ਸਿੱਖ ਸੇਵਾਦਾਰਾਂ ਦੀ ਉਥੋਂ ਦੇ ਸਥਾਨਕ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਸੋਸ਼ਲ ਮੀਡੀਆ ‘ਚ ਵਾਇਰਲ ਹੋਈ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆਂ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੂੰ ਅੱਜ ਪੱਤਰ ਲਿਖ ਕੇ ਜਿਥੇ ਸਿੱਖਾਂ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਮੰਗ ਕੀਤੀ ਗਈ ਹੈ, ਉਥੇ ਉਨ੍ਹਾਂ ਰਾਜਸਥਾਨ ‘ਚ ਘੱਟ ਗਿਣਤੀਆਂ ਲੋਕਾਂ ‘ਤੇ ਹੋ ਰਹੇ ਹਮਲੇ, ਅੱਤਿਆਚਾਰ ਨੂੰ ਰੋਕਣ ਲਈ ਅਪੀਲ ਕੀਤੀ। ਚਾਰ ਸਿੱਖਾਂ ਦੀ ਕੁੱਟਮਾਰ ਦੀ ਸਮੁੱਚੀ ਜਾਂਚ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ‘ਚ ਸੁਰਜੀਤ ਸਿੰਘ ਕੰਗ ਮੈਂਬਰ ਸ਼੍ਰੋਮਣੀ ਕਮੇਟੀ, ਵਿਜੇ ਸਿੰਘ ਐਡੀ. ਸਕੱਤਰ ਅਤੇ ਹਰਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਬੁੱਢਾ ਜੌਹਲ ਰਾਜਸਥਾਨ ਦੇ ਨਾਂ ਸ਼ਾਮਲ ਹਨ, ਜੋ ਇਸ ਸਬੰਧੀ ਜਲਦੀ ਮੁਕੰਮਲ ਪੜਤਾਲ ਕਰਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਜਾਣਕਾਰੀ ਸੌਂਪਣਗੇ।















