ਪੰਜਾਬ ‘ਚ ਮਾਈਨਿੰਗ ਮਾਫ਼ੀਆ ‘ਤੇ ਰੇਡ! ਸਟੋਨ ਕਰੱਸ਼ਰਾਂ ‘ਤੇ ਵੱਡੀ ਕਾਰਵਾਈ, 3 ਪੋਕਲੇਨ ਤੇ 2 ਟਿੱਪਰ ਜ਼ਬਤ

ਪਠਾਨਕੋਟ – ਪਠਾਨਕੋਟ ਦੇ ਤਾਰਾਗੜ੍ਹ ਖੇਤਰ ‘ਚ ਪੁਲਸ ਅਤੇ ਮਾਈਨਿੰਗ ਵਿਭਾਗ ਨੇ ਗੈਰ-ਕਾਨੂੰਨੀ ਖਣਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ 3 ਵੱਡੇ ਸਟੋਨ ਕਰੱਸ਼ਰਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਬੁੱਧਵਾਰ ਦੇਰ ਰਾਤ ਨੂੰ ਅੰਜਾਮ ਦਿੱਤੀ ਗਈ। ਕਾਰਵਾਈ ਦੌਰਾਨ ਟੀਮਾਂ ਨੇ ਮੌਕੇ ਤੋਂ ਗੈਰ-ਕਾਨੂੰਨੀ ਖੁਦਾਈ ਕਰ ਰਹੀਆਂ 3 ਪੋਕਲੇਨ ਮਸ਼ੀਨਾਂ, 2 ਭਰੇ ਹੋਏ ਟਿੱਪਰ ਅਤੇ ਕੱਚਾ ਮਟੀਰੀਅਲ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ 4 ਵਾਹਨ ਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨੋਂ ਸਟੋਨ ਕਰੱਸ਼ਰਾਂ ਦੇ ਮਾਲਕ ਅਤੇ ਇਕ ਚਾਲਕ ਫ਼ਰਾਰ ਹੋ ਗਏ।
‘ਗੁਰੂ ਜੀ ਸਟੋਨ ਕਰੱਸ਼ਰ’ ‘ਤੇ ਕਾਰਵਾਈ
ਮਿਲੀ ਜਾਣਕਾਰੀ ਮੁਤਾਬਕ ਤਾਰਾਗੜ੍ਹ ਪੁਲਸ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਝੂੰਬਰ-ਤਰਫ਼-ਨਰੋਟ ਖੇਤਰ ਸਥਿਤ ਗੁਰੂ ਜੀ ਸਟੋਨ ਕਰੱਸ਼ਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ‘ਤੇ ਪੁਲਸ ਨੇ ਮਾਈਨਿੰਗ ਵਿਭਾਗ ਦੇ ਜੇ. ਈ. ਵਰੁਣ ਕਾਟਲ ਅਤੇ ਜੇ. ਈ. ਲਵਪ੍ਰੀਤ ਸਿੰਘ ਨਾਲ ਮਿਲ ਕੇ ਮੌਕੇ ‘ਤੇ ਦਬਿਸ਼ ਦਿੱਤੀ। ਮੌਕੇ ਤੋਂ ਪੋਕਲੇਨ ਚਾਲਕ ਵਿਕਰਮਜੀਤ ਵਾਸੀ ਮਾਜਰਾ, ਹਿਮਾਚਲ ਪ੍ਰਦੇਸ਼, ਟਿੱਪਰ ਚਾਲਕ ਅੰਜੀਤ ਕੁਮਾਰ ਵਾਸੀ ਬਿਹਾਰ ਅਤੇ ਟਿੱਪਰ ਚਾਲਕ ਗੰਗਾ ਬਹਾਦਰ ਵਾਸੀ ਨੇਪਾਲ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਥੇ ਹੀ ਕਰੱਸ਼ਰ ਮਾਲਕ ਸਰਬਜੀਤ ਸਿੰਘ ਵਾਸੀ ਦਤਿਆਲ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
‘ਪਾਰਸ’ ਅਤੇ ‘ਸ਼ਿਵਾ’ ਸਟੋਨ ਕਰੱਸ਼ਰਾਂ ‘ਤੇ ਛਾਪੇਮਾਰੀ
ਦੂਜੀ ਕਾਰਵਾਈ ਬਕਨੌਰ ਰੇਲਵੇ ਫਾਟਕ ਨੇੜੇ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ, ਜਿੱਥੇ ਪਾਰਸ ਕਰੱਸ਼ਰ ਅਤੇ ਸ਼ਿਵਾ ਕਰੱਸ਼ਰ ਦੇ ਮਾਲਕ ਤੈਅ ਸੀਮਾ ਤੋਂ ਵੱਧ ਡੂੰਘਾਈ ਤੱਕ ਅਧਿਕਾਰਤ ਮਾਈਨਿੰਗ ਦੀ ਆੜ ‘ਚ ਗੈਰ-ਕਾਨੂੰਨੀ ਖੁਦਾਈ ਕਰਵਾ ਰਹੇ ਸਨ। ਪਾਰਸ ਕਰੱਸ਼ਰ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਹੁੰਡਈ-215 ਪੋਕਲੇਨ ਮਸ਼ੀਨ ਨਾਲ ਖੁਦਾਈ ਕਰ ਰਹੇ ਚਾਲਕ ਜਿਤਿੰਦਰ ਕੁਮਾਰ ਉਰਫ਼ ਗਨੀ (ਵਾਸੀ ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਮਾਲਕ ਕਿਸ਼ਨ ਓਬਰਾਏ (ਵਾਸੀ ਪਟੇਲ ਚੌਂਕ) ਫ਼ਰਾਰ ਹੋ ਗਿਆ।
ਸ਼ਿਵਾ ਕਰੱਸ਼ਰ ‘ਤੇ ਇਥੇ ਕੋਬੈਲਕੋ ਪੋਕਲੇਨ ਮਸ਼ੀਨ ਨਾਲ ਖੁਦਾਈ ਕਰ ਰਿਹਾ ਚਾਲਕ ਗੰਗਾ ਮਸ਼ੀਨ ਛੱਡ ਕੇ ਭੱਜ ਗਿਆ, ਜਦਕਿ ਮਾਲਕ ਗੌਰਵ ਵਾਸੀ ਮੁਕੇਰੀਆਂ, ਹੁਸ਼ਿਆਰਪੁਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੋਵੇਂ ਮਸ਼ੀਨਾਂ ਜ਼ਬਤ ਕਰ ਲਈਆਂ ਹਨ। ਤਾਰਾਗੜ੍ਹ ਥਾਣੇ ਦੀ ਪੁਲਸ ਨੇ ਦੋਵਾਂ ਮਾਮਲਿਆਂ ‘ਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 303 (2) (ਚੋਰੀ) ਅਤੇ ਵਾਤਾਵਰਣ ਸੁਰੱਖਿਆ ਐਕਟ 1986 ਦੀ ਧਾਰਾ 15 ਤਹਿਤ ਕੇਸ ਦਰਜ ਕੀਤੇ ਹਨ। ਮਾਈਨਿੰਗ ਵਿਭਾਗ ਦੀ ਟੀਮ ਖੁਦਾਈ ਦੀ ਡੂੰਘਾਈ ਦੀ ਪੈਮਾਇਸ਼ ਕਰ ਰਹੀ ਹੈ ਅਤੇ ਪੁਲਸ ਫ਼ਰਾਰ ਮਾਲਕਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।