ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੁੰਬਈ ਦੇ ਕੁਰਲਾ ਇਲਾਕੇ ‘ਚ ਮੰਗਲਵਾਰ ਸਵੇਰੇ ਇੱਕ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਚ ਬਿਜਲੀ ‘ਚ ਅਚਾਨਕ ਅੱਗ ਲੱਗਣ ਨਾਲ ਭਾਜੜ ਮਚ ਗਈ। ਇਸ ਹਾਦਸੇ ‘ਚ 3 ਬੱਚਿਆਂ ਸਣੇ 9 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ‘ਰਾਜਾਵਾੜੀ ਹਸਪਤਾਲ’ ਭਰਤੀ ਕਰਵਾਇਆ ਗਿਆ ਹੈ।
ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਸਮੇਂ ਸਿਰ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ, ਜਿਸ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਕੁਰਲਾ ਪੱਛਮ ਸਥਿਤ ‘ਕੋਹਿਨੂਰ ਐੱਚ.ਡੀ.ਆਈ.ਐੱਲ.’ ਦੀ ਬਿਲਡਿੰਗ ਨੰਬਰ 5 ‘ਚ ਸਵੇਰੇ ਬਿਜਲੀ ਦੀਆਂ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਭੜਕ ਗਈ। ਅੱਗ ਬਿਜਲੀ ਦੀ ਡਕਟ ਰਾਹੀਂ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ।
ਪੂਰੀ ਇਮਾਰਤ ‘ਚ ਜ਼ਹਿਰੀਲਾ ਧੂੰਆਂ ਭਰ ਜਾਣ ਕਾਰਨ 8 ਲੋਕਾਂ ਦੀ ਸਾਹ ਘੁੱਟਣ ਕਾਰਨ ਤਬੀਅਤ ਵਿਗੜ ਗਈ, ਜਦਕਿ 1 ਵਿਅਕਤੀ ਭਾਜੜ ਦੌਰਾਨ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਸੱਜੇ ਪੈਰ ‘ਤੇ ਸੱਟ ਲੱਗਣ ਨਾਲ ਜ਼ਖਮੀ ਹੋ ਗਿਆ। ਜ਼ਖਮੀਆਂ ‘ਚ 5 ਸਾਲ ਦਾ ਇੱਕ ਬੱਚਾ, ਦੋ ਨਾਬਾਲਗ ਕੁੜੀਆਂ ਅਤੇ ਇੱਕ ਬਜ਼ੁਰਗ ਸ਼ਾਮਲ ਹਨ। ਹਸਪਤਾਲ ਪ੍ਰਸ਼ਾਸਨ ਅਨੁਸਾਰ ਸਾਰਿਆਂ ਦੀ ਹਾਲਤ ਫਿਲਹਾਲ ਸਥਿਰ ਹੈ।
ਮੁੰਬਈ ਫਾਇਰ ਬ੍ਰਿਗੇਡ, ਪੁਲਸ, 108 ਐਂਬੂਲੈਂਸ ਅਤੇ ਬੈਸਟ (BEST) ਬਿਜਲੀ ਵਿਭਾਗ ਨੇ ਮੌਕੇ ‘ਤੇ ਪਹੁੰਚ ਕੇ ਸਵੇਰੇ 7:21 ਵਜੇ ਤੱਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।















