ਬੀਮਾਰੀ ਲੁਕਾਉਣ ਦੇ ਦੋਸ਼ ਤੋਂ ਬਜ਼ੁਰਗ ਨੂੰ ਰਾਹਤ, ਬੀਮਾ ਕੰਪਨੀ ਵਿਆਜ ਸਮੇਤ ਦੇਵੇਗੀ 4.71 ਲੱਖ

ਬਿਜ਼ਨੈੱਸ ਡੈਸਕ – ਬੀਮਾ ਪਾਲਿਸੀ ਲੈਂਦੇ ਸਮੇਂ ਬੀਮਾਰੀ ਲੁਕਾਉਣ ਦਾ ਦੋਸ਼ ਲਾ ਕੇ ਕੰਪਨੀਆਂ ਮਨਮਰਜ਼ੀ ਨਾਲ ਦਾਅਵਾ ਖ਼ਾਰਿਜ ਨਹੀਂ ਕਰ ਸਕਦੀਆਂ। ਬੀਮਾਰੀ ਪਹਿਲਾਂ ਤੋਂ ਹੋਣ ਜਾਂ ਉਸ ਦੀ ਜਾਣਕਾਰੀ ਲੁਕਾਉਣ ਦੇ ਦੋਸ਼ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਬੀਮਾ ਕੰਪਨੀ ਦੀ ਹੈ। ਸੈਂਟਰਲ ਜ਼ਿਲਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਇਕ ਬਜ਼ੁਰਗ ਦੇ ਮਾਮਲੇ ’ਚ ਇਹ ਅਹਿਮ ਫੈਸਲਾ ਸੁਣਾਉਂਦੇ ਹੋਏ ਬੀਮਾ ਕੰਪਨੀ ਨੂੰ ਵਿਆਜ ਸਮੇਤ ਲੱਗਭਗ 4.71 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।
ਇਲਾਜ ’ਤੇ ਖ਼ਰਚ ਹੋਏ 4.71 ਲੱਖ ਰੁਪਏ
ਕਮਿਸ਼ਨ ਦੀ ਚੇਅਰਪਰਸਨ ਦਿਵਿਆ ਜੋਤੀ ਜੈਪੁਰੀਆਰ ਅਤੇ ਮੈਂਬਰ ਡਾ. ਰਸ਼ਮੀ ਬਾਂਸਲ ਦੀ ਬੈਂਚ ਨੇ ਕਿਹਾ ਕਿ ਬੀਮਾ ਕੰਪਨੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਪਾਲਿਸੀ ਲੈਣ ਤੋਂ ਪਹਿਲਾਂ ਗਾਹਕ ਨੂੰ ਬੀਮਾਰੀ ਦੀ ਜਾਣਕਾਰੀ ਸੀ ਅਤੇ ਉਸ ਨੇ ਜਾਣਬੁੱਝ ਕੇ ਇਸ ਨੂੰ ਲੁਕਾਇਆ। ਰੋਹਿਣੀ ਨਿਵਾਸੀ 65 ਸਾਲਾ ਯਸ਼ਪਾਲ ਬਹਿਲ ਨੇ 21 ਅਕਤੂਬਰ, 2019 ਨੂੰ ਆਪਣੀ ਪਤਨੀ ਨਾਲ ਸਮੂਹ ਮੈਡੀਕਲ ਬੀਮਾ ਯੋਜਨਾ ਦੇ ਤਹਿਤ ਸਾਢੇ 7 ਲੱਖ ਰੁਪਏ ਦਾ ਬੀਮਾ ਕਰਵਾਇਆ ਸੀ। ਇਸ ਦੇ ਲਈ ਉਨ੍ਹਾਂ ਨੇ ਸਾਲਾਨਾ 17,895 ਰੁਪਏ ਪ੍ਰੀਮੀਅਮ ਚੁਕਾਇਆ। ਬਹਿਲ ਨੇ ਜੁਲਾਈ 2021 ’ਚ ਇਲਾਜ ’ਤੇ 20 ਤੋਂ 23 ਜੁਲਾਈ ਦੇ ਦਰਮਿਆਨ 4,15,332 ਰੁਪਏ ਅਤੇ 25-26 ਜੁਲਾਈ ਨੂੰ 55,673 ਰੁਪਏ ਖ਼ਰਚ ਕੀਤੇ। ਉਨ੍ਹਾਂ ਨੇ ਬੀਮਾ ਕੰਪਨੀ ਤੋਂ ਭੁਗਤਾਨ ਮੰਗਿਆ ਪਰ ਕੰਪਨੀ ਨੇ 7 ਅਗਸਤ, 2021 ਨੂੰ ਦਾਅਵਾ ਖ਼ਾਰਿਜ ਕਰ ਦਿੱਤਾ। ਇਸ ਤੋਂ ਬਾਅਦ 12 ਨਵੰਬਰ, 2021 ਨੂੰ ਪਾਲਿਸੀ ਵੀ ਰੱਦ ਕਰ ਦਿੱਤੀ ਗਈ।