ਪਰਗਟ ਸਿੰਘ ਦੀ ਤਾਜਪੋਸ਼ੀ ‘ਚ ਵੜਿੰਗ ਤੇ ਚੰਨੀ ਦੀ ਐਂਟਰੀ, ਵੜਿੰਗ ਬੋਲੇ-ਮੈਨੂੰ ਕੋਈ ਮਲਾਲ ਨਹੀਂ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਹੀ ਪੁੱਜੇ ਹੋਏ ਹਨ। ਰਾਜਾ ਵੜਿੰਗ ਅਤੇ ਚਰਨਜੀਤ ਚੰਨੀ ਦੋਹਾਂ ਨੇ ਮੀਡੀਆ ਅੱਗੇ ਆਪਣੇ ਵਿਚਾਰ ਰੱਖੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦਾ ਹੁਕਮ ਹੈ, ਅਸੀਂ ਉਸ ਨੂੰ ਸਿਰ ਮੱਥੇ ਮੰਨਦੇ ਹਾਂ ਅਤੇ ਅੱਜ ਦੇ ਇਸ ਪ੍ਰੋਗਰਾਮ ‘ਚ ਸਭ ਨੇ ਹਿੱਸਾ ਲਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਹੈ ਅਤੇ ਅਸੀਂ ਸਾਰੇ ਇਕੱਠੇ ਹਾਂ, ਸਾਡਾ ਸਭ ਦਾ ਮਕਸਦ ਕਾਂਗਰਸ ਦੀ ਸਰਕਾਰ ਬਣਾਉਣਾ ਹੈ। ਵੜਿੰਗ ਨੇ ਕਿਹਾ ਕਿ ਸਾਡਾ ਧੜਾ ਰਾਹੁਲ ਗਾਂਧੀ ਦਾ ਧੜਾ ਹੈ। ਵੜਿੰਗ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਰਾਜਾ ਵੜਿੰਗ ਹਾਰ ਗਿਆ, ਡਿੱਗ ਪਿਆ, ਭਾਵੇਂ ਲਤਾੜਿਆ ਗਿਆ ਪਰ ਮੈਂ ਡਿੱਗਿਆ ਪਿਆ ਵੀ ਕਾਂਗਰਸ ਪਾਰਟੀ ਦਾ ਝੰਡਾ ਚੁੱਕ ਕੇ ਰੱਖਾਂਗਾ।