ਦਿੱਲੀ ਪੁਲਸ 10 ਅਕਤੂਬਰ ਨੂੰ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਲਈ ਇਕ ਵੱਖਰਾ ਤਰੀਕਾ ਅਪਣਾਏਗੀ। ਪੁਲਸ ਨੇ ਜੁਆਇੰਟ ਕਮਿਸ਼ਨਰ ਦੇ ਰੈਂਕ ਵਾਲੀ ਇਕ ਉਸ ਸੀਨੀਅਰ ਮਹਿਲਾ ਅਧਿਕਾਰੀ ਨੂੰ ਇਸ ਮੰਤਵ ਲਈ ਤਾਇਨਾਤ ਕੀਤਾ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਖਾਕੀ ਵਰਦੀ ਦੇ ਪਿੱਛੇ ਇਕ ਮਨੁੱਖੀ ਚਿਹਰਾ ਤੇ ਇਕ ਪਰਿਵਾਰ ਵੀ ਹੈ। ਪੁਲਸ ਲੋਕਾਂ ਦੀ ਰੱਖਿਆ ਕਰਨ ਲਈ ਹੈ।
ਅਧਿਕਾਰੀਆਂ ਨੇ ਭਾਵਨਾਤਮਕ ਵੀਡੀਓ-ਅਪੀਲਾਂ ਜਾਰੀ ਕਰਦਿਆਂ ਨਾਗਰਿਕਾਂ ਨੂੰ ਯਾਦ ਦੁਆਇਆ ਕਿ ਪੁਲਸ ਅਧਿਕਾਰੀ ਵਰਦੀ ’ਚ ਇਨਸਾਨ ਹਨ ਜਿਨ੍ਹਾਂ ਦੇ ਪਰਿਵਾਰ ਘਰ ’ਚ ਉਨ੍ਹਾਂ ਦੀ ਉਡੀਕ ਕਰ ਰਹੇ ਹਨ । ਉਹ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ’ਚ ਸ਼ਾਮਲ ਨਾ ਹੋਣ ਤੇ ਸੁਰੱਖਿਆ ਮੁਲਾਜ਼ਮਾਂ ਤੇ ਹਮਲਾ ਨਾ ਕਰਨ ਦੀ ਅਪੀਲ ਕਰਦੇ ਹਨ।
ਇਕ ਪੁਲਸ ਅਧਿਕਾਰੀ ਨੇ ਚਾਂਦਨੀ ਚੌਕ ਤੇ ਪੁਰਾਣੀ ਦਿੱਲੀ ਦੀਆਂ ਕੁਝ ਥਾਵਾਂ ਦੇ ਨਾਲ ਹੀ ਇਕ ਮਸਜਿਦ ’ਚ ਨਮਾਜ਼ ਦੌਰਾਨ ਮਾਈਕ੍ਰੋਫ਼ੋਨ ਦੀ ਵਰਤੋਂ ਕਰ ਕੇ ਲੋਕਾਂ ਤੇ ਨਮਾਜ਼ੀਆਂ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ, ਭੜਕਾਊ ਸੰਦੇਸ਼ਾਂ ਤੋਂ ਬਚਣ ਤੇ ਨੌਜਵਾਨਾਂ ਤੇ ਹੋਰਨਾਂ ਨੂੰ ਬੇਲੋੜੇ ਇਕੱਠਾਂ ਜਾਂ ਗੈਰ-ਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਤੋਂ ਦੂਰ ਰਹਿਣਣ ਦੀ ਅਪੀਲ ਕੀਤੀ। ਇਹ ਸ਼ਬਦ ਇਕ ਸਰਪ੍ਰਸਤ ਤੇ ਇਕ ਨਾਗਰਿਕ ਵਰਗੇ ਸਨ।
ਇਕ ਦਿਨ ਪਹਿਲਾਂ ਵੀ ਪੁਲਸ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ 10 ਅਕਤੂਬਰ ਨੂੰ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਜੰਤਰ-ਮੰਤਰ ਵਿਖੇ ਨਾ ਜਾਣ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਦਿੱਲੀ ਪੁਲਸ ਆਪਣੇ ਆਪ ਨੂੰ ਇਕ ਮਨੁਖਤਾਤਾਵਾਦੀ ਸ਼ਕਤੀ ਵਜੋਂ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਨਾ ਕਿ ਇਕ ਅਜਿਹੀ ਸ਼ਕਤੀ ਵਜੋਂ ਜੋ ਸੀ. ਜੇ. ਪੀ. ਦੇ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸਾਹਮਣਾ ਕਰਨ ’ਤੇ ਲਾਠੀਆਂ ਅਤੇ ਪੈਲੇਟ ਗੋਲੀਆਂ ਦੀ ਵਰਤੋਂ ਕਰਦੀ ਸੀ।
ਸੋਚ ’ਚ ਇਹ ਤਬਦੀਲੀ ਮੁੱਖ ਰੂਪ ’ਚ 25 ਜੁਲਾਈ ਨੂੰ ਸੀ. ਜੇ. ਪੀ. ਦੇ ਵਰਕਰਾਂ ’ਤੇ ਕਾਰਵਾਈ ਦੌਰਾਨ ਦਿੱਲੀ ਪੁਲਸ ਦੀ ਸਖ਼ਤੀ ਦੀ ਅਦਾਲਤ ਅਤੇ ਜਨਤਕ ਆਲੋਚਨਾ ਕਾਰਨ ਆਈ ਹੈ। ਪ੍ਰਦਰਸ਼ਨਕਾਰੀ 20 ਜੂਨ ਤੋਂ 25 ਜੁਲਾਈ ਤੱਕ ਜੰਤਰ-ਮੰਤਰ ਵਿਖੇ ਡਟੇ ਰਹੇ ਸਨ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀ. ਐੱਨ. ਐੱਸ. ਦੀ ਧਾਰਾ 163, ਜਿਸ ਨੂੰ ਪਹਿਲਾਂ ਧਾਰਾ 144 ਵਜੋਂ ਜਾਣਿਆ ਜਾਂਦਾ ਸੀ, ਜੰਤਰ-ਮੰਤਰ ਵਿਖੇ ਲਾਗੂ ਹੈ। ਇਸ ਦਾ ਮਤਲਬ ਇਹ ਹੈ ਕਿ ਬਿਨਾਂ ਇਜਾਜ਼ਤ ਦੇ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਇਸ ਲਈ ਪੁਲਸ ਨੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।















