
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਇਕ ਸਾਬਕਾ ਅੱਤਵਾਦੀ ਵੱਲੋਂ ਚਲਾਏ ਜਾ ਰਹੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੰਦਵਾੜਾ ਪੁਲਸ ਨੂੰ ਹੰਦਵਾੜਾ-ਕੁਪਵਾੜਾ ਖੇਤਰ ’ਚ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੇ ਇਕ ਮਾਡਿਊਲ ’ਚ ‘ਹਾਈਬ੍ਰਿਡ ਅੱਤਵਾਦੀ’ ਵਜੋਂ ਕੰਮ ਕਰ ਰਹੇ ਸਾਬਕਾ ਅੱਤਵਾਦੀ ਬਾਰੇ ਜਾਣਕਾਰੀ ਮਿਲੀ ਸੀ।
‘ਹਾਈਬ੍ਰਿਡ ਅੱਤਵਾਦੀ’ ਉਹ ਕੱਟੜਪੰਥੀ ਵਿਅਕਤੀ ਹੁੰਦਾ ਹੈ ਜਿਸ ਦਾ ਨਾਂ ਕਿਸੇ ਵੀ ਅੱਤਵਾਦੀ ਸੂਚੀ ’ਚ ਨਹੀਂ ਹੁੰਦਾ। ਉਹ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਖਾਸ ਭੰਨਤੋੜ ਜਾਂ ਹਿੰਸਕ ਸਰਗਰਮੀਆਂ ਨੂੰ ਅੰਜਾਮ ਦਿੰਦਾ ਹੈ ਤੇ ਫਿਰ ਆਮ ਜ਼ਿੰਦਗੀ ’ਚ ਵਾਪਸ ਆ ਜਾਂਦਾ ਹੈ।
ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸੁਰੱਖਿਆ ਫੋਰਸਾਂ ਨੇ ਹੰਦਵਾੜਾ ਸ਼ਹਿਰ ’ਚ ਇਕ ਨਿਰਧਾਰਤ ਥਾਂ ’ਤੇ ਮੁਹਿੰਮ ਸ਼ੁਰੂ ਕੀਤੀ। ਵਿਆਪਕ ਸੁਰੱਖਿਆ ਪ੍ਰਕਿਰਿਆਵਾਂ ਤੋਂ ਬਾਅਦ ਮੁਲਜ਼ਮ ਨੂੰ ਫੜ ਲਿਆ ਗਿਆ। ਉਸ ਦੀ ਪਛਾਣ ਮਨਜ਼ੂਰ ਅਹਿਮਦ ਭੱਟ ਵਜੋਂ ਹੋਈ ਜੋ ਹੰਦਵਾੜਾ ਦੇ ਕ੍ਰੂਹਮੁਰਾ ਦਾ ਰਹਿਣ ਵਾਲਾ ਹੈ।
ਉਸ ਕੋਲੋਂ ਇਕ ਚੀਨੀ ਪਿਸਤੌਲ, 2 ਮੈਗਜ਼ੀਨ ਅਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ। ਭੱਟ ਨੂੰ ਪਿਛਲੇ 2 ਮਾਮਲਿਆਂ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਹੰਦਵਾੜਾ ਪੁਲਸ ਸਟੇਸ਼ਨ ’ਚ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਮਾਡਿਊਲ, ਇਸ ਦੇ ਨੈੱਟਵਰਕ ਤੇ ਇਸ ਨਾਲ ਸਬੰਧਤ ਹੋਰ ਸਰਗਰਮੀਆਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।















