ਲਾਹੌਰ -ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਅਜ਼ਰਬੈਜਾਨ ਦੀ 20 ਸਾਲਾ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਇਕ ਜੱਜ ਨੇ ਮੁੱਖ ਮੁਲਜ਼ਮ ਨੂੰ ਜ਼ਮਾਨਤ ਦੇਣ ਦੇ ਬਦਲੇ ਉਸ ਤੋਂ ਵੱਢੀ ਲਈ।
ਅਧਿਕਾਰੀਆਂ ਅਨੁਸਾਰ ਅਜ਼ਰਬੈਜਾਨ ਦੀ ਰਾਜਧਾਨੀ ਬਾਗੂ ਦੀ ਰਹਿਣ ਵਾਲੀ ਔਰਤ ਸਤੰਬਰ ਦੇ ਮੱਧ ਵਿਚ ਵਪਾਰ ਦੇ ਸਿਲਸਿਲੇ ਵਿਚ ਪਾਕਿਸਤਾਨ ਆਈ ਸੀ। ਪੁਲਸ ਨੇ ਇਸ ਮਾਮਲੇ ਵਿਚ 2 ਮਰਦ ਮੁਲਜ਼ਮਾਂ ਅਤੇ ਦੋਵਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਅਹਿਮਦ ਤਨਵੀਰ ਜ਼ਮਾਨਤ ’ਤੇ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਪੇਸ਼ਗੀ ਜ਼ਮਾਨਤ ਦੀ ਮਿਆਦ ਵਧਾਏ ਜਾਣ ਦੇ ਬਾਵਜੂਦ ਪੁਲਸ ਨੇ ਤਨਵੀਰ ਨੂੰ ਲਾਹੌਰ ਦੀ ਸੈਸ਼ਨ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਤਨਵੀਰ ਦੀ ਗ੍ਰਿਫ਼ਤਾਰੀ ਨੂੰ ਸਹੀ ਠਹਿਰਾਉਂਦਿਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਕੋਈ ਵੀ ਜਬਰ-ਜ਼ਨਾਹੀ ਜਾਂ ਅਪਰਾਧੀ ਸਿਰਫ਼ ਇਸ ਲਈ ਇਨਸਾਫ਼ ਤੋਂ ਬਚ ਨਹੀਂ ਸਕਦਾ ਕਿ ਉਸ ਕੋਲ ਪੈਸਾ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦੇ ਅਮੀਰ ਪਰਿਵਾਰ ਨੇ ਪੀੜਤਾ ਨੂੰ ਆਪਣੇ ਦੋਸ਼ ਵਾਪਸ ਲੈਣ ਦੇ ਬਦਲੇ 2 ਕਰੋੜ ਪਾਕਿਸਤਾਨੀ ਰੁਪਏ (ਕਰੋੜ 72,000 ਅਮਰੀਕੀ ਡਾਲਰ) ਦੇਣ ਦੀ ਪੇਸ਼ਕਸ਼ ਕੀਤੀ ਸੀ, ਜਦਕਿ ਜ਼ਾਬਤਾ ਫ਼ੌਜਦਾਰੀ ਦੀ ਧਾਰਾ 164 ਤਹਿਤ ਉਸ ਦਾ ਬਿਆਨ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਸੀ। ਮਰੀਅਮ ਨਵਾਜ਼ ਨੇ ਕਿਹਾ ਕਿ ਇਹ ਦੋਸ਼ ਵੀ ਹੈ ਕਿ ਮੁਲਜ਼ਮ ਦੁਆਰਾ ਜ਼ਮਾਨਤ ਦੇਣ ਵਾਲੇ ਜੱਜ ਨੂੰ ਵੱਢੀ ਦਿੱਤੀ ਗਈ ਸੀ। ਜੇਕਰ ਇਹ ਦੋਸ਼ ਸਹੀ ਹਨ, ਤਾਂ ਇਸ ਨਾਲ ਨਿਆਂ ਪ੍ਰਣਾਲੀ ਦੀ ਇਮਾਨਦਾਰੀ ਅਤੇ ਜਬਰ-ਜ਼ਨਾਹ ਪੀੜਤਾਂ ’ਤੇ ਧਨ ਦੇ ਦਬਾਅ ਅਤੇ ਤਾਕਤ ਦੀ ਦੁਰਵਰਤੋਂ ਦੇ ਗੰਭੀਰ ਖ਼ਤਰੇ ਨੂੰ ਲੈ ਕੇ ਚਿੰਤਾਜਨਕ ਸਵਾਲ ਖੜ੍ਹੇ ਹੁੰਦੇ ਹਨ।















