ਵਾਸ਼ਿੰਗਟਨ,- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਫਿਰ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਫਲੋਰੀਡਾ ’ਚ ਇਕ ਰੈਲੀ ਦੌਰਾਨ ਕਿਹਾ, ‘‘ਅਸੀਂ ਇਕ ਹੋਰ ਛੋਟਾ ਆਪ੍ਰੇਸ਼ਨ ਏਪਿਕ ਫਿਊਰੀ ਕਰ ਸਕਦੇ ਹਾਂ।’’ ਅਮਰੀਕੀ ਫੌਜ ਨੇ 28 ਫਰਵਰੀ ਨੂੰ ਈਰਾਨ ਖਿਲਾਫ ਜੰਗ ਸ਼ੁਰੂ ਕੀਤੀ ਸੀ। ਇਸ ਨੂੰ ‘ਏਪਿਕ ਫਿਊਰੀ’ ਨਾਂ ਦਿੱਤਾ ਗਿਆ ਸੀ। ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਦੁਬਾਰਾ ਹਮਲਾ ਕਦੋਂ ਜਾਂ ਕਿਸ ਤਰ੍ਹਾਂ ਦਾ ਹੋਵੇਗਾ। ਉੱਥੇ ਹੀ ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਤੇ ਇਜ਼ਰਾਈਲ ਨੇ ਦੁਬਾਰਾ ਹਮਲਾ ਕੀਤਾ ਤਾਂ ਉਹ ਖਾੜੀ ਦੇਸ਼ਾਂ ’ਚ ਸਮੁੰਦਰ ਦੇ ਹੇਠਾਂ ਵਿਛੀ ਇੰਟਰਨੈੱਟ ਕੇਬਲ ਨੂੰ ਨਿਸ਼ਾਨਾ ਬਣਾਏਗਾ। ਇਸ ਨਾਲ ਇੰਟਰਨੈੱਟ ਸੇਵਾਵਾਂ, ਬੈਂਕਿੰਗ ਅਤੇ ਆਨਲਾਈਨ ਕਾਰੋਬਾਰ ’ਤੇ ਅਸਰ ਪੈ ਸਕਦਾ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਹੋਰਮੁਜ਼ ਸਟ੍ਰੇਟ ਤੋਂ ਤੇਲ ਦੀ ਆਵਾਜਾਈ ਜਾਰੀ ਹੈ। ਇਹ ਸਮੁੰਦਰੀ ਰਸਤਾ ਦੁਨੀਆ ’ਚ ਤੇਲ ਦੀ ਸਪਲਾਈ ਲਈ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਹ ਸਭ ਮਿਲ ਰਿਹਾ ਹੈ ਜੋ ਅਸੀਂ ਚਾਹੁੰਦੇ ਹਾਂ। ਟਰੰਪ ਜੰਗ ਨੂੰ ਖਤਮ ਕਰਨ ਦੀ ਸਮਾਂ-ਹੱਦ ਨੂੰ ਲੈ ਕੇ ਪਹਿਲਾਂ ਵੀ ਵੱਖ-ਵੱਖ ਬਿਆਨ ਦੇ ਚੁੱਕੇ ਹਨ। ਅਕਤੂਬਰ ਦੀ ਸ਼ੁਰੂਆਤ ’ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਈਰਾਨ ’ਤੇ ਹਮਲਾ ਨਹੀਂ ਕਰੇਗਾ।
250 ਫੀਸਦੀ ਟੈਰਿਫ ਦੀ ਧਮਕੀ ਦੇ ਕੇ ਭਾਰਤ-ਪਾਕਿ ਜੰਗ ਰੁਕਵਾਈ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਲਈ ਦੋਵਾਂ ਦੇਸ਼ਾਂ ਨੂੰ 250 ਫੀਸਦੀ ਟੈਰਿਫ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸਾਫ ਕਹਿ ਦਿੱਤਾ ਸੀ ਕਿ ਜੇ ਲੜਾਈ ਨਹੀਂ ਰੋਕੀ ਤਾਂ ਅਮਰੀਕਾ ਉਨ੍ਹਾਂ ਨਾਲ ਕਾਰੋਬਾਰ ਬੰਦ ਕਰ ਦੇਵੇਗਾ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਇਸ ਚਿਤਾਵਨੀ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨੇ ਗੋਲੀਬਾਰੀ ਬੰਦ ਕਰ ਦਿੱਤੀ। ਟਰੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਹਨ। ਉਨ੍ਹਾਂ ਦੋਵਾਂ ਦੇਸ਼ਾਂ ਨੂੰ ਕਿਹਾ ਸੀ ਕਿ ਜੇ ਉਹ ਲੜਾਈ ਜਾਰੀ ਰੱਖਣਗੇ ਤਾਂ ਅਮਰੀਕਾ ਉਨ੍ਹਾਂ ਦੇ ਸਾਮਾਨ ’ਤੇ ਭਾਰੀ ਟੈਰਿਫ ਲਗਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਚਿਤਾਵਨੀ ਕਾਰਨ ਦੋਵੇਂ ਦੇਸ਼ ਬਹੁਤ ਨਾਰਾਜ਼ ਹੋਏ ਪਰ ਉਨ੍ਹਾਂ ਨੇ ਗੋਲੀਬਾਰੀ ਰੋਕ ਦਿੱਤੀ ਅਤੇ ਜੰਗ ਖਤਮ ਹੋ ਗਈ। ਟਰੰਪ ਨੇ ਕਿਹਾ ਕਿ ਜੰਗ ਦੌਰਾਨ 11 ਜਹਾਜ਼ ਡੇਗੇ ਗਏ ਸਨ। ਮੈਂ ਇਸ ਨੂੰ ਰੁਕਵਾਇਆ ਹੈ ਅਤੇ ਅਜਿਹਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।
ਭਾਰਤ ਕਈ ਵਾਰ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰ ਚੁੱਕਾ
ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਤੋਂ ਇਨਕਾਰ ਕੀਤਾ ਹੈ। ਭਾਰਤ ਮੁਤਾਬਕ, ਆਪ੍ਰੇਸ਼ਨ ਸਿੰਧੂਰ ਦੌਰਾਨ ਫੌਜੀ ਕਾਰਵਾਈ ਰੋਕਣ ’ਚ ਸਹਿਮਤੀ ਉਦੋਂ ਬਣੀ ਜਦੋਂ ਪਾਕਿਸਤਾਨ ਦੇ ਫੌਜੀ ਅਭਿਆਨ ਡਾਇਰੈਕਟਰ ਜਨਰਲ ਨੇ ਸੰਪਰਕ ਕੀਤਾ ਤੇ ਕਾਰਵਾਈ ਰੋਕਣ ਦੀ ਮੰਗ ਕੀਤੀ। ਨਾਲ ਹੀ ਭਾਰਤ ਨੇ ਟਰੰਪ ਦੇ ਇਸ ਦਾਅਵੇ ਨੂੰ ਲਗਾਤਾਰ ਖਾਰਜ ਕੀਤਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਦੌਰਾਨ 11 ਜਹਾਜ਼ ਡੇਗੇ ਗਏ ਸਨ। ਭਾਰਤ ਇਹ ਵੀ ਸਾਫ ਤੌਰ ’ਤੇ ਕਹਿ ਚੁੱਕਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਕਰਵਾਉਣ ’ਚ ਕਿਸੇ ਤੀਜੇ ਦੇਸ਼ ਦੀ ਵਿਚੋਲਗੀ ਨਹੀਂ ਸੀ।
ਫਰਾਂਸ ਤੇ ਤੁਰਕੀ ਵੱਲੋਂ ਨਵੇਂ ਹਮਲੇ ਖਿਲਾਫ ਚਿਤਾਵਨੀ
ਈਰਾਨ ’ਤੇ ਦੁਬਾਰਾ ਫੌਜੀ ਕਾਰਵਾਈ ਦੇ ਖਦਸ਼ੇ ਵਿਚਾਲੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਜੰਗ ਪੂਰੇ ਖੇਤਰ ’ਚ ਫੈਲ ਸਕਦੀ ਹੈ ਅਤੇ ਆਰਥਿਕ ਨੁਕਸਾਨ ਵੱਧ ਸਕਦਾ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਕਿਹਾ ਕਿ ਈਰਾਨ ’ਤੇ ਨਵਾਂ ਹਮਲਾ ਤਣਾਅ ਵਧਾਏਗਾ ਅਤੇ ਜੰਗ ਨੂੰ ਦੂਜੇ ਦੇਸ਼ਾਂ ਤੱਕ ਫੈਲਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਖਤਮ ਕਰਨ ਦਾ ਰਸਤਾ ਗੱਲਬਾਤ ਤੇ ਕੂਟਨੀਤੀ ਹੀ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜ਼ਿਆਂ-ਨੋਏਲ ਬਾਰੋ ਨੇ ਵੀ ਤਣਾਅ ਵਧਾਉਣ ਵਾਲੀ ਕਾਰਵਾਈ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਈਰਾਨ ਵਿਚਾਲੇ ਟਕਰਾਅ ਵਧਣ ਨਾਲ ਕਿਸੇ ਨੂੰ ਫਾਇਦਾ ਨਹੀਂ ਹੋਵੇਗਾ ਅਤੇ ਤੇਲ-ਗੈਸ ਦੀਆਂ ਕੀਮਤਾਂ ’ਤੇ ਗੰਭੀਰ ਅਸਰ ਪੈ ਸਕਦਾ ਹੈ।















