ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਗਭਗ 26 ਸਾਲ ਪੁਰਾਣੇ ਕਤਲ ਮਾਮਲੇ ’ਚ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਦੋ ਮੁਲਜ਼ਮਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਗੈਰ-ਇਰਾਦਤਨ ਹੱਤਿਆ ’ਚ ਬਦਲ ਦਿੱਤਾ ਹੈ। ਅਦਾਲਤ ਨੇ ਮੰਨਿਆ ਕਿ ਘਟਨਾ ਪਹਿਲਾਂ ਤੋਂ ਸੋਚਿਆ-ਸਮਝਿਆ ਹਮਲਾ ਨਹੀਂ, ਸਗੋਂ ਅਚਾਨਕ ਹੋਈ ਲੜਾਈ ਅਤੇ ਗੁੱਸੇ ’ਚ ਹੋਈ ਕੁੱਟਮਾਰ ਦਾ ਨਤੀਜਾ ਸੀ। ਹਾਈਕੋਰਟ ਨੇ ਬਲਵਾਨ ਸਿੰਘ ਅਤੇ ਬਸਤੀ ਰਾਮ ਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 304 ਭਾਗ-ਦੋ ਦੇ ਤਹਿਤ 7-7 ਸਾਲ ਦੀ ਸਖ਼ਤ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਮਾਮਲਾ ਰੇਵਾੜੀ ਦੇ ਕੋਸਲੀ ਥਾਣਾ ਖੇਤਰ ਦਾ ਹੈ। 21 ਮਈ, 2000 ਨੂੰ ਸਾਂਝੇ ਖੂਹ ਅਤੇ ਬਿਜਲੀ ਦੀ ਮੋਟਰ ਨੂੰ ਲੈ ਕੇ ਦੋਵਾਂ ਧਿਰਾਂ ’ਚ ਝਗੜਾ ਹੋਇਆ ਸੀ। ਇਸਤਗਾਸਾ ਪੱਖ ਮੁਤਾਬਕ ਲਗਭਗ 70 ਸਾਲਾ ਮੂਲਚੰਦ ਨੇ ਬਲਵਾਨ ਸਿੰਘ ਦੇ ਸਾਹਮਣੇ ਮੋਟਰ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਨਾਰਾਜ਼ਗੀ ਜਤਾਈ। ਇਸ ਦੇ ਬਾਅਦ ਬਲਵਾਨ ਸਿੰਘ ਘਰ ਦੇ ਅੰਦਰ ਗਿਆ ਅਤੇ ਕੁਹਾੜੀ ਲੈ ਕੇ ਵਾਪਸ ਆਇਆ। ਉਸ ਦੇ ਨਾਲ ਬਸਤੀ ਰਾਮ ਵੀ ਹਥਿਆਰ ਲੈ ਕੇ ਆਇਆ। ਮੂਲਚੰਦ ਨੂੰ ਕਥਿਤ ਤੌਰ ’ਤੇ ਬਾਹਰ ਖਿੱਚ ਕੇ ਲੈ ਜਾਣ ਮਗਰੋਂ ਉਸ ਦੇ ਸਿਰ ’ਤੇ ਕੁਹਾੜੀ ਦੇ ਪਿਛਲੇ ਹਿੱਸੇ ਨਾਲ ਵਾਰ ਕੀਤਾ ਗਿਆ।
ਬਸਤੀ ਰਾਮ ’ਤੇ ਜੇਲੀ ਨਾਲ ਉਸ ਦੇ ਪੱਟ ’ਤੇ ਵਾਰ ਕਰਨ ਦਾ ਦੋਸ਼ ਸੀ। ਸਿਰ ’ਤੇ ਲੱਗੀ ਸੱਟ ਕਾਰਨ ਬਾਅਦ ’ਚ ਮੂਲਚੰਦ ਦੀ ਮੌਤ ਹੋ ਗਈ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਘਟਨਾ ਦੌਰਾਨ ਮੁਲਜ਼ਮ ਧਿਰ ਦੇ ਲੋਕ ਵੀ ਜ਼ਖਮੀ ਹੋਏ ਸਨ। ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਇਨ੍ਹਾਂ ਸੱਟਾਂ ਦਾ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕਿਆ। ਡਾਕਟਰੀ ਸਬੂਤਾਂ ਮੁਤਾਬਕ ਮੂਲਚੰਦ ਦੇ ਸਿਰ ਦੀ ਸੱਟ ਨੂੰ ਛੱਡ ਕੇ ਬਾਕੀ ਸਾਰੀਆਂ ਸੱਟਾਂ ਮਾਮੂਲੀ ਸਨ। ਬਲਵਾਨ ਸਿੰਘ, ਦਿਨੇਸ਼ ਅਤੇ ਬਸਤੀ ਰਾਮ ਨੂੰ ਵੀ ਸੱਟਾਂ ਲੱਗੀਆਂ ਸਨ। ਹਾਲਾਤਾਂ ਦੇ ਆਧਾਰ ’ਤੇ ਹਾਈਕੋਰਟ ਨੇ ਮੰਨਿਆ ਕਿ ਘਟਨਾ ਸਾਂਝੇ ਰਸਤੇ ’ਤੇ ਹੋਈ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਅਤੇ ਘਰ ’ਚ ਵੜ ਕੇ ਹਮਲਾ ਕਰਨ ਦੀ ਗੱਲ ਸ਼ੰਕਾ ਤੋਂ ਪਰੇ ਸਾਬਤ ਨਹੀਂ ਹੋਈ। ਅਦਾਲਤ ਨੇ ਮੰਨਿਆ ਕਿ ਬਲਵਾਨ ਅਤੇ ਬਸਤੀ ਰਾਮ ਵੱਲੋਂ ਮੂਲਚੰਦ ਨੂੰ ਸੱਟਾਂ ਮਾਰਨ ਸਮੇਂ ਬਾਕੀ ਮੁਲਜ਼ਮ ਮੌਕੇ ’ਤੇ ਬਾਅਦ ’ਚ ਪਹੁੰਚੇ ਸਨ। ਇਸ ਲਈ ਉਨ੍ਹਾਂ ਵਿਚਕਾਰ ਕਤਲ ਕਰਨ ਦੀ ਸਾਂਝੀ ਮੰਸ਼ਾ ਸਾਬਤ ਨਹੀਂ ਹੋਈ। ਰਾਮ ਅਵਤਾਰ, ਦਿਨੇਸ਼, ਰਾਜੇਸ਼ ਅਤੇ ਰਾਜ ਕੁਮਾਰ ਨੂੰ ਕਤਲ ਅਤੇ ਧਾਰਾ 324 ਦੇ ਦੋਸ਼ ਤੋਂ ਬਰੀ ਕਰ ਕੇ ਸਿਰਫ਼ ਸਧਾਰਨ ਸੱਟ ਪਹੁੰਚਾਉਣ ਦੀ ਧਾਰਾ 323 ਦੇ ਤਹਿਤ ਮੁਲਜ਼ਮ ਮੰਨਿਆ ਗਿਆ। ਉਨ੍ਹਾਂ ਦੀ 6 ਮਹੀਨੇ ਦੀ ਸਜ਼ਾ ਨੂੰ ਪਹਿਲਾਂ ਹੀ ਜੇਲ੍ਹ ’ਚ ਕੱਟੀ ਗਈ ਮਿਆਦ ਤੱਕ ਸੀਮਤ ਕਰ ਦਿੱਤਾ ਗਿਆ।
26 ਸਾਲ ਚੱਲੀ ਮੁਕੱਦਮੇਬਾਜ਼ੀ ਦਾ ਵੀ ਅਸਰ
ਹਾਈਕੋਰਟ ਨੇ ਕਿਹਾ ਕਿ ਘਟਨਾ ਦੇ ਬਾਅਦ ਮੁਲਜ਼ਮਾਂ ਖ਼ਿਲਾਫ਼ ਕੋਈ ਅਪਰਾਧਿਕ ਗਤੀਵਿਧੀ ਸਾਹਮਣੇ ਨਹੀਂ ਆਈ ਅਤੇ ਦੋਵੇਂ ਧਿਰਾਂ ਇੱਕੋ ਹੀ ਪਿੰਡ ’ਚ ਆਹਮੋ-ਸਾਹਮਣੇ ਰਹਿਣ ਦੇ ਬਾਵਜੂਦ ਫਿਰ ਕਦੇ ਕੋਈ ਵਿਵਾਦ ਨਹੀਂ ਹੋਇਆ। ਅਦਾਲਤ ਨੇ ਇਸਨੂੰ ਅਚਾਨਕ ਹੋਏ ਝਗੜੇ ਅਤੇ ਗੁੱਸੇ ’ਚ ਹੋਈ ਘਟਨਾ ਮੰਨਿਆ। ਇਸੇ ਆਧਾਰ ’ਤੇ ਬਲਵਾਨ ਸਿੰਘ ਅਤੇ ਬਸਤੀ ਰਾਮ ਦੀ ਹੱਤਿਆ ਦੀ ਸਜ਼ਾ ਹਟਾ ਕੇ ਧਾਰਾ 304 ਭਾਗ ਦੋ ਦੇ ਤਹਿਤ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਬਲਵਾਨ ਸਿੰਘ ਨੂੰ ਇਕ ਹੋਰ ਸੱਟ ਦੇ ਮਾਮਲੇ ’ਚ ਇਕ ਸਾਲ ਦੀ ਸਜ਼ਾ ਵੀ ਦਿੱਤੀ ਗਈ, ਜੋ ਸਾਰੀਆਂ ਸਜ਼ਾਵਾਂ ਦੇ ਨਾਲ-ਨਾਲ ਚੱਲੇਗੀ।















