ਭਾਜਪਾ ’ਚ ਅਜੇ ਬਾਕੀ ਹੈ ਫੇਰਬਦਲ !

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਨਵੀਂ ਸੰਗਠਨਾਤਮਕ ਟੀਮ ’ਚ 65 ’ਚੋਂ 51 ਨਵੇਂ ਚਿਹਰੇ ਹਨ। ਕਈ ਮਹੀਨਿਆਂ ਦੀ ਸਿਆਸੀ ਉਥਲ-ਪੁਥਲ, ਵਿਚਾਰ-ਵਟਾਂਦਰੇ ਤੇ ਲੇਖੇ-ਜੋਖੇ ਤੋਂ ਬਾਅਦ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਟੀਮ ਆਖਰਕਾਰ ਸਾਹਮਣੇ ਆਈ ਹੈ।
ਫਿਰ ਵੀ, ਸਿਆਸੀ ਵਿਸ਼ਲੇਸ਼ਕਾਂ ’ਚ ਇਸ ਗੱਲ ਨੂੰ ਲੈ ਕੇ ਗੈਰ-ਯਕੀਨੀ ਹੈ ਕਿ ਕੀ ਇਹ ਇਕ ਵੱਡੀ ਤਬਦੀਲੀ ਨੂੰ ਦਰਸਾਉਂਦਾ ਹੈ? ਸਮ੍ਰਿਤੀ ਈਰਾਨੀ ਤੇ ਰਾਮ ਮਾਧਵ ਦੀ ਮੁੜ ਨਿਯੁਕਤੀ ਤੇ ਵਿਨੋਦ ਤਾਵੜੇ ਦੀ ਅਹਿਮ ਤਰੱਕੀ ਤੋਂ ਇਲਾਵਾ ਬਹੁਤ ਘੱਟ ਅਜਿਹਾ ਹੈ ਜਿਸ ਨੂੰ ਸਿਆਸੀ ਉਥਲ-ਪੁਥਲ ਮੰਨਿਆ ਜਾ ਸਕੇ।
ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਫੇਰਬਦਲ ਅਜੇ ਹੋਣਾ ਹੈ। ਇਸ ਦਾ ਸਭ ਤੋਂ ਵੱਡਾ ਸੰਕੇਤ ਇਹ ਹੈ ਕਿ ਕਈ ਮੰਤਰੀ ਜਿਨ੍ਹਾਂ ਨੂੰ ਸਰਕਾਰ ਤੋਂ ਸੰਗਠਨ ’ਚ ਜਾਣ ਦੀ ਉਮੀਦ ਸੀ, ਆਪਣੇ ਅਹੁਦਿਆਂ ’ਤੇ ਟਿਕੇ ਹੋਏ ਹਨ।
ਸੰਗਠਨਾਤਮਕ ਤਬਦੀਲੀ ਦੀ ਪ੍ਰਕਿਰਿਆ ਅਜੇ ਪੂਰੀ ਹੋਣ ਤੋਂ ਬਹੁਤ ਦੂਰ ਹੈ। ਸਰਕਾਰ ਦੀ ਗੱਲ ਕਰੀਏ ਤਾਂ ਸੱਤਾ ਦੀ ਪੌੜੀ ਚੜ੍ਹ ਕੇ ਉਮੀਦ ਲਾਈ ਬੈਠੇ ਸਿਆਸੀ ਨੇਤਾ ਕਈ ਮਹੀਨਿਆਂ ਤੋਂ ‘ਦੂਜੇ ਪੜਾਅ’ ਦੀ ਉਡੀਕ ਕਰ ਰਹੇ ਹਨ।
ਕੈਬਨਿਟ ਫੇਰਬਦਲ ਜਦੋਂ ਵੀ ਹੁੰਦਾ ਹੈ, ਹੋਰ ਵੀ ਨਾਟਕੀ ਹੋ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਘੱਟੋ-ਘੱਟ 2 ਦਰਜਨ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਵਿਭਾਗ ਬਦਲੇ ਜਾ ਸਕਦੇ ਹਨ।
ਕੁਝ ਪ੍ਰਮੁੱਖ ਨੇਤਾ ਜੋ ਸੰਗਠਨ ’ਚ ਜਾਣ ਤੋਂ ਖੁੰਝ ਗਏ ਸਨ, ਨੂੰ ਕੈਬਨਿਟ ’ਚ ਜਗ੍ਹਾ ਮਿਲ ਸਕਦੀ ਹੈ। ਇਸ ਜਲਦਬਾਜ਼ੀ ਦਾ ਕਾਰਨ ਸਪੱਸ਼ਟ ਹੈ। ਬਹੁਤ ਸਾਰੇ ਮੰਤਰੀਆਂ ਨੇ ਪਹਿਲਾਂ ਹੀ 3-3 ਵਿਭਾਗ ਸੰਭਾਲੇ ਹੋਏ ਹਨ, ਜਿਸ ਕਾਰਨ ਸਰਕਾਰ ਸੁਚਾਰੂ ਢੰਗ ਨਾਲ ਕੰਮ ਕਰਨ ਵਾਲੀ ਮਸ਼ੀਨ ਵਾਂਗ ਘੱਟ ਵਿਖਾਈ ਦਿੰਦੀ ਹੈ। ਤਾਂ ਹੁਣ ਕੀ ਹੋਇਆ ਹੈ? ਸ਼ਾਇਦ ਇਹ ਭਾਜਪਾ ਦੇ ਫੇਰਬਦਲ ਦਾ ਪਹਿਲਾ ਪੜਾਅ ਹੈ। ਦੂਜਾ ਪੜਾਅ ਅਜੇ ਆਉਣਾ ਬਾਕੀ ਹੈ।