ਇੰਟਰਨੈਸ਼ਨਲ ਡੈਸਕ – ਬੰਗਲਾਦੇਸ਼ ਵਿੱਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 303 ਹੋ ਗਈ ਹੈ। ਸਿਹਤ ਅਧਿਕਾਰੀਆਂ ਮੁਤਾਬਕ 4 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਲਗਭਗ 2,200 ਨਵੇਂ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਐਤਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (DGHS) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਡੇਂਗੂ ਦੇ ਕੁੱਲ ਮਾਮਲਿਆਂ ਦੀ ਗਿਣਤੀ 99,275 ਹੋ ਗਈ ਹੈ। ਇਨ੍ਹਾਂ ਵਿੱਚੋਂ 92,803 ਮਰੀਜ਼ ਠੀਕ ਹੋਣ ਤੋਂ ਬਾਅਦ ਛੁੱਟੀ ਲੈ ਕੇ ਘਰ ਜਾ ਚੁੱਕੇ ਹਨ। ਅੰਕੜਿਆਂ ਮੁਤਾਬਕ ਇਕੱਲੇ ਅਕਤੂਬਰ ਵਿੱਚ ਹੁਣ ਤੱਕ 58 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਸਤੰਬਰ ਵਿੱਚ 148 ਮੌਤਾਂ ਹੋਈਆਂ ਸਨ।
ਬੰਗਲਾਦੇਸ਼ ਵਿੱਚ ਆਮ ਤੌਰ ‘ਤੇ ਜੂਨ ਅਤੇ ਸਤੰਬਰ ਦੇ ਵਿਚਕਾਰ ਡੇਂਗੂ ਦਾ ਮੌਸਮ ਹੁੰਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੱਛਰਾਂ ਤੋਂ ਫੈਲਣ ਵਾਲੀ ਇਸ ਬਿਮਾਰੀ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ।















