‘ਤਾਮਿਲਨਾਡੂ ਦਾ 5 ਹਜ਼ਾਰ ਕਰੋੜ ਬਾਕੀ, ਬਿਨਾਂ ਸ਼ਰਤ ਚਾਹੀਦੈ’; PM ਮੋਦੀ ਦੀ ਮੌਜੂਦਗੀ ’ਚ ਬੋਲੇ ਥਲਪਤੀ ਵਿਜੇ

ਚੇਨਈ- ਤਾਮਿਲਨਾਡੂ ਦੇ ਮੁੱਖ ਮੰਤਰੀ ਜੋਸੇਫ ਵਿਜੇ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਇਕ ਮੰਗ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਨੂੰ ਸਮੁੱਚੀ ਸਿੱਖਿਆ ਯੋਜਨਾ ਹੇਠ ਕੇਂਦਰ ਤੋਂ 5,110 ਕਰੋੜ ਰੁਪਏ ਮਿਲਣੇ ਬਾਕੀ ਹਨ। ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਇਹ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ।
ਉਨ੍ਹਾਂ ਪੀ. ਐੱਮ. ਮੋਦੀ ਤੋਂ ਚੇਨਈ ਮੈਟਰੋ ਰੇਲ ਦੇ ਤੀਜੇ ਪੜਾਅ ਨੂੰ ਜਲਦ ਮਨਜ਼ੂਰੀ ਦੇਣ ਦੀ ਵੀ ਅਪੀਲ ਕੀਤੀ। ਇਸ ਪੜਾਅ ’ਚ ਹਵਾਈ ਅੱਡੇ ਤੋਂ ਕਿਲਾਂਬੱਕਮ ਅਤੇ ਪੂਨਮੱਲੀ ਤੋਂ ਸੁੰਗੂਵਰਛਤਰਮ ਤੱਕ ਮੈਟਰੋ ਸੰਪਰਕ ਵਧਾਉਣ ਦੀ ਯੋਜਨਾ ਹੈ। ਚੇਨਈ ’ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਸਮਾਗਮ ਦੌਰਾਨ ਵਿਜੇ ਨੇ ਇਹ ਮੰਗਾਂ ਪ੍ਰਧਾਨ ਮੰਤਰੀ ਅੱਗੇ ਰੱਖੀਆਂ। ਮੁੱਖ ਮੰਤਰੀ ਵਿਜੇ ਨੇ ਚੇਨਈ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਪੜਾਅ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।