ਜੰਮੂ- ਖ਼ਰਾਬ ਮੌਸਮ ਕਾਰਨ 6 ਦਿਨਾਂ ਤੱਕ ਰੁਕੀ ਰਹੀ ਸਾਲਾਨਾ ਅਮਰਨਾਥ ਯਾਤਰਾ ਸ਼ਨੀਵਾਰ ਨੂੰ ਜੰਮੂ ਤੋਂ ਮੁੜ ਸ਼ੁਰੂ ਹੋ ਗਈ। 6 ਹਜ਼ਾਰ ਤੋਂ ਵੱਧ ਤੀਰਥ ਯਾਤਰੀਆਂ ਦਾ ਇਕ ਨਵਾਂ ਜੱਥਾ ਭਗਵਤੀ ਨਗਰ ਬੇਸ ਕੈਂਪ ਤੋਂ ਕਸ਼ਮੀਰ ਘਾਟੀ ‘ਚ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ। 19 ਜੁਲਾਈ ਨੂੰ ਚੌਕਸੀ ਵਜੋਂ ਯਾਤਰਾ ਰੋਕ ਦਿੱਤੀ ਗਈ ਸੀ। ਅਜਿਹਾ ਜੰਮੂ ਕਸ਼ਮੀਰ ‘ਚ ਲਗਾਤਾਰ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਕੀਤਾ ਗਿਆ ਸੀ, ਖ਼ਾਸ ਕਰ ਕੇ 3,880 ਮੀਟਰ ਉੱਚੇ ਪਵਿੱਤਰ ਗੁਫਾ ਮੰਦਰ ਤੱਕ ਜਾਣ ਵਾਲੇ 2 ਰਸਤਿਆਂ-ਅਨੰਤਨਾਗ ਜ਼ਿਲ੍ਹੇ ‘ਚ ਰਵਾਇਤੀ 48 ਕਿਲੋਮੀਟਰ ਲੰਬਾ ਪਹਿਲਗਾਮ ਰਸਤਾ ਅਤੇ ਗਾਂਦਰਬਲ ਜ਼ਿਲ੍ਹੇ ‘ਚ ਛੋਟਾ 14 ਕਿਲੋਮੀਟਰ ਲੰਬਾ ਬਾਲਟਾਲ ਰਸਤਾ।
ਅਧਿਕਾਰੀਆਂ ਨੇ ਦੱਸਿਆ ਕਿ 18ਵੇਂ ਜੱਥੇ ‘ਚ 6,269 ਤੀਰਥ ਯਾਤਰੀ ਸ਼ਾਮਲ ਸਨ, ਜਿਨ੍ਹਾਂ ‘ਚ 1,470 ਔਰਤਾਂ, 25 ਬੱਚੇ ਅਤੇ 54 ਸਾਧੂ ਸਨ। ਇਹ ਜੱਥਾ ਸਖ਼ਤ ਸੁਰੱਖਿਆ ਵਿਚ 223 ਗੱਡੀਆਂ ਦੇ ਕਾਫ਼ਲੇ ‘ਚ ਤੜਕੇ ਕਰੀਬ 2.40 ਵਜੇ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਪਹਿਲਗਾਮ ਰਸਤੇ ਲਈ ਕੋਈ ਕਾਫ਼ਲਾ ਨਹੀਂ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ‘ਚ ਸੁਧਾਰ ਅਤੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ‘ਤੇ ਟਰੈਫਿਕ ਮੁੜ ਸ਼ੁਰੂ ਹੋਣ ਤੋਂ ਬਾਅਦ ਯਾਤਰਾ ਸ਼ੁਰੂ ਹੋਈ। ਊਧਮਪੁਰ-ਰਾਮਬਨ ਹਿੱਸੇ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਹਾਈਵੇਅ ਤਿੰਨ ਦਿਨ ਤੱਕ ਬੰਦ ਸੀ। ਘਾਟੀ ‘ਚ ਸਾਲਾਨਾ ਯਾਤਰਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲੇ, 2 ਜੁਲਾਈ ਨੂੰ ਉਪ ਰਾਜਪਾਲ ਮਨੋਜ ਸਿਨਹਾ ਨੇ ਭਗਵਤੀ ਨਗਰ ਬੇਸ ਕੈਂਪ ਤੋਂ ਤੀਰਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਹ ਯਾਤਰਾ 28 ਅਗਸਤ ਰੱਖੜੀ ਦੇ ਤਿਉਹਾਰ ਨਾਲ ਸੰਪੰਨ ਹੋਵੇਗੀ।















