ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵਿਆਹ ਸਬੰਧੀ ਵਿਵਾਦਾਂ ਵਿਚ ਸਹੁਰੇ ਪਰਿਵਾਰ ਨੂੰ ਧੂਹੇ ਜਾਣ ਅਤੇ ਅਕਸਰ ਇਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਬੱਚਿਆਂ ਦੀ ਵਰਤੋਂ ਕੀਤੇ ਜਾਣ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਇਕ ਨਾਬਾਲਗ ਦੀ ਭੂਆ ਖ਼ਿਲਾਫ ਦਰਜ ਪੋਕਸੋ ਮਾਮਲੇ ਨੂੰ ਰੱਦ ਕਰ ਦਿੱਤਾ। ਲੜਕੇ ਦੇ ਮਾਤਾ-ਪਿਤਾ ਵਿਚਾਲੇ ਵਿਆਹ ਸਬੰਧੀ ਵਿਵਾਦ ਸੀ ਅਤੇ 2023 ਵਿਚ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ। ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਰਿਕਾਰਡ ’ਚ ਮੌਜੂਦ ਸਮੱਗਰੀ ਦੀ ਜਾਂਚ ਕੀਤੇ ਬਿਨਾਂ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਦੇ ਬੰਬਈ ਹਾਈ ਕੋਰਟ ਦੇ ਰਵੱਈਏ ਦੀ ਆਲੋਚਨਾ ਕੀਤੀ।
ਬੈਂਚ ਨੇ 23 ਜੁਲਾਈ ਦੇ ਆਪਣੇ ਹੁਕਮ ਵਿਚ ਕਿਹਾ ਕਿ ਇਹ ਆਮ ਗੱਲ, ਸਗੋਂ ਇਕ ਪ੍ਰਥਾ ਬਣ ਗਈ ਹੈ ਕਿ ਵਿਆਹ ਸਬੰਧੀ ਵਿਵਾਦਾਂ ਤੋਂ ਪੈਦਾ ਹੋਏ ਮਾਮਲਿਆਂ ਵਿਚ ਹਿਸਾਬ ਬਰਾਬਰ ਕਰਨ ਲਈ ਸਹੁਰੇ ਪਰਿਵਾਰ ਨੂੰ ਧੂਹਿਆ ਜਾਂਦਾ ਹੈ ਅਤੇ ਅਕਸਰ ਇਕ-ਦੂਜੇ ਨੂੰ ਬਦਨਾਮ ਕਰਨ ਲਈ ਬੱਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅਸੀਂ ਤਲਾਕਸ਼ੁਦਾ ਮਾਂ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਤੋਂ ਹੈਰਾਨ ਹਾਂ ਕਿ ਉਸ ਦੇ ਪੁੱਤਰ ਦਾ ਉਸ ਦੀ ਭੂਆ ਵੱਲੋਂ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ।















