ਜਲੰਧਰ ਦੇ ਇਸ ਇਲਾਕੇ ‘ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ, ਬਿਜਲੀ ਸਪਲਾਈ ਠੱਪ

ਜਲੰਧਰ – ਜਲੰਧਰ ਦੇ ਕਿਸ਼ਨਪੁਰਾ ਵਿਚ ਕਮਲਾ ਮਾਤਾ ਚੌਕ ਨੇੜੇ ਮੰਦਿਰ ਵਾਲੀ ਗਲੀ ‘ਚ ਬੀਤੀ ਦੇਰ ਰਾਤ ਅਚਾਨਕ ਤਾਰਾਂ ‘ਚ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਘਟਨਾ ਨਾਲ ਵਸਨੀਕਾਂ ‘ਚ ਦਹਿਸ਼ਤ ਫੈਲ ਗਈ ਹੈ। ਦੇਰ ਰਾਤ ਅੱਗ ਲੱਗਣ ਨਾਲ ਘਰ ਵਿਚ ਭਾਰੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਮਿਲੀ ਜਾਣਕਾਰੀ ਮੁਤਾਬਕ ਗਲੀ ‘ਚ ਬਿਜਲੀ ਦੀਆਂ ਤਾਰਾਂ ‘ਚ ਸ਼ਾਰਟ ਸਰਕਟ ਕਾਰਨ ਬੀਤੀ ਰਾਤ 2 ਵਜੇ ਅੱਗ ਲੱਗੀ। ਘਟਨਾ ਤੋਂ ਬਾਅਦ ਅੱਜ ਸਵੇਰ ਤੋਂ ਬਿਜਲੀ ਸਪਲਾਈ ਬੰਦ ਹੈ।
ਵਸਨੀਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਨੂੰ ਬੀਤੀ ਦੇਰ ਰਾਤ ਸੂਚਿਤ ਕੀਤਾ ਗਿਆ ਸੀ ਪਰ ਕੋਈ ਵੀ ਅਧਿਕਾਰੀ ਸਥਿਤੀ ਦਾ ਮੁਆਇਨਾ ਕਰਨ ਲਈ ਨਹੀਂ ਪਹੁੰਚਿਆ। ਬਿਨਾਂ ਬਿਜਲੀ ਦੇ ਇਲਾਕਾ ਵਾਸੀ ਅੱਜ ਸਵੇਰ ਤੋਂ ਹੀ ਗਰਮੀ ‘ਚ ਆਪਣੇ ਘਰਾਂ ਦੇ ਬਾਹਰ ਬੈਠੇ ਹਨ। ਬਿਜਲੀ ਦੀਆਂ ਤਾਰਾਂ ਦੇ ਟੁਕੜੇ ਗਲੀ ਵਿੱਚ ਬਿਖਰੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਹੜਤਾਲ ‘ਤੇ ਹਨ। ਬਿਜਲੀ ਬੰਦ ਹੋਣ ਕਾਰਨ ਵਸਨੀਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।