ਕਾਨਪੁਰ – ਕਾਨਪੁਰ ਦੇ ਹਨੂਮੰਤ ਵਿਹਾਰ ਥਾਣਾ ਖੇਤਰ ’ਚ ਸਥਿਤ ਬਸੰਤ ਵਿਹਾਰ ’ਚ ਪੀ. ਪੀ. ਐੱਨ. ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਆਲੋਕ ਸਿੰਘ ਨੇ ਬੁੱਧਵਾਰ ਕਥਿਤ ਰੂਪ ’ਚ ਆਪਣੀ ਲਾਇਸੈਂਸੀ ਡਬਲ-ਬੈਰਲ ਬੰਦੂਕ ਨਾਲ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਲੱਗਭਗ 50 ਸਾਲ ਦੇ ਸਨ। ਉਨ੍ਹਾਂ ਦੀ ਲਾਸ਼ ਸਵੇਰੇ ਉਨ੍ਹਾਂ ਦੇ ਕਮਰੇ ’ਚੋਂ ਮਿਲੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਆਲੋਕ ਸਿੰਘ ਮੰਗਲਵਾਰ ਸ਼ਾਮ ਆਪਣੇ ਕਮਰੇ ’ਚ ਗਏ ਸਨ। ਉਨ੍ਹਾਂ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਸੀ। ਜਦੋਂ ਬੁੱਧਵਾਰ ਸਵੇਰੇ ਦਰਵਾਜ਼ਾ ਕਾਫ਼ੀ ਦੇਰ ਤੱਕ ਨਹੀਂ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੋੜ ਦਿੱਤਾ। ਅੰਦਰ ਆਲੋਕ ਸਿੰਘ ਦੀ ਲਾਸ਼ ਬਿਸਤਰੇ ’ਤੇ ਖੂਨ ਨਾਲ ਲੱਥਪੱਥ ਪਈ ਮਿਲੀ।
ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਫਾਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਤੇ ਲਾਇਸੈਂਸੀ ਬੰਦੂਕ ਨੂੰ ਜ਼ਬਤ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2021 ’ਚ ਕੋਵਿਡ ਮਹਾਮਾਰੀ ਦੌਰਾਨ ਆਪਣੇ ਵੱਡੇ ਪੁੱਤਰ ਦੀ ਮੌਤ ਤੋਂ ਬਾਅਦ ਆਲੋਕ ਸਿੰਘ ਮਾਨਸਿਕ ਤਣਾਅ ’ਚ ਸੀ। ਉਹ ਪਰਿਵਾਰਕ ਹਾਲਾਤ ਤੋਂ ਵੀ ਪਰੇਸ਼ਾਨ ਸੀ। ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ’ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਪੋਸਟਮਾਰਟਮ ਦੀ ਰਿਪੋਰਟ ਮਿਲਣ ਤੇ ਹੋਰ ਸਬੂਤਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।















