ਸਿਡਨੀ : ਬੰਗਾਲ ਦੀ ਖਾੜੀ ਵਿੱਚ ਮਿਆਂਮਾਰ ਦੇ ਜ਼ੁਲਮ ਦੇ ਸਤਾਏ ਰੋਹਿੰਗਿਆ ਘੱਟ ਗਿਣਤੀ ਭਾਈਚਾਰੇ ਨਾਲ ਭਰੀਆਂ ਦੋ ਕਿਸ਼ਤੀਆਂ ਦੇ ਡੁੱਬਣ ਕਾਰਨ 500 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੱਤੀ। ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਕਿਸ਼ਤੀਆਂ ਜੂਨ ਦੇ ਅਖੀਰ ਵਿੱਚ ਮਿਆਂਮਾਰ ਦੇ ਪੱਛਮੀ ਰਾਜ ਰਾਖਾਈਨ ਤੋਂ ਰਵਾਨਾ ਹੋਈਆਂ ਸਨ। ਇਨ੍ਹਾਂ ਕਿਸ਼ਤੀਆਂ ਵਿੱਚ ਸਵਾਰ ਜ਼ਿਆਦਾਤਰ ਲੋਕ ਰੋਹਿੰਗਿਆ ਸਨ, ਜਿਨ੍ਹਾਂ ਵਿੱਚ ਬੰਗਲਾਦੇਸ਼ ਦੇ ਸਰਹੱਦੀ ਸ਼ਰਨਾਰਥੀ ਕੈਂਪਾਂ ਤੋਂ ਆਏ ਲੋਕ ਵੀ ਸ਼ਾਮਲ ਸਨ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਨੇ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।ਮੰਨਿਆ ਜਾ ਰਿਹਾ ਹੈ ਕਿ ਇਕ ਕਿਸ਼ਤੀ ਵਿਚ ਲਗਭਗ 250 ਲੋਕ ਸਵਾਰ ਸਨ, ਜਿਸ ਦਾ ਰਵਾਨਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਸੰਪਰਕ ਟੁੱਟ ਗਿਆ ਸੀ। ਦੂਜੀ ਕਿਸ਼ਤੀ ਵਿੱਚ ਲਗਭਗ 280 ਲੋਕ ਸਵਾਰ ਸਨ। ਰਿਪੋਰਟਾਂ ਅਨੁਸਾਰ ਇਹ ਕਿਸ਼ਤੀ 8 ਜੁਲਾਈ ਨੂੰ ਮਿਆਂਮਾਰ ਦੇ ਅਯਿਆਰਵਾਦੀ ਤੱਟ ਨੇੜੇ ਡੁੱਬ ਗਈ ਸੀ। ਹਾਲਾਂਕਿ ਇਨ੍ਹਾਂ ਘਟਨਾਵਾਂ ਅਤੇ ਜਾਨੀ ਨੁਕਸਾਨ ਦੇ ਅੰਕੜਿਆਂ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋਣੀ ਬਾਕੀ ਹੈ ਪਰ UNHCR ਅਤੇ IOM ਨੇ ਇਸ ਭਾਰੀ ਜਾਨੀ ਨੁਕਸਾਨ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਧਿਕਾਰੀ ਹੁਣ ਇਨ੍ਹਾਂ ਰਿਪੋਰਟਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
UNHCR ਅਤੇ IOM ਨੇ ਦੱਸਿਆ ਕਿ ਮਾਨਸੂਨ ਦੇ ਇਸ ਸੀਜ਼ਨ ਵਿੱਚ ਸਮੁੰਦਰੀ ਹਾਲਾਤ ਬਹੁਤ ਖ਼ਤਰਨਾਕ ਹੁੰਦੇ ਹਨ। ਭਾਰੀ ਬਾਰਸ਼ ਅਤੇ ਹੜ੍ਹਾਂ ਦੇ ਬਾਵਜੂਦ ਰੋਹਿੰਗਿਆ ਸ਼ਰਨਾਰਥੀ ਮਲੇਸ਼ੀਆ ਪਹੁੰਚਣ ਦੀ ਉਮੀਦ ਵਿੱਚ ਅਜਿਹੇ ਜਾਨਲੇਵਾ ਸਫ਼ਰ ਕਰਦੇ ਹਨ। ਰਿਪੋਰਟਾਂ ਅਨੁਸਾਰ ਸਾਲ 2025 ਰੋਹਿੰਗਿਆ ਸ਼ਰਨਾਰਥੀਆਂ ਲਈ ਸਭ ਤੋਂ ਘਾਤਕ ਸਾਲ ਰਿਹਾ ਹੈ, ਜਿਸ ਵਿੱਚ ਲਗਭਗ 900 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ।















